ਲੇਬਰ ਲਿਜਾਂਦੇ ਸਮੇਂ ਰਸਤੇ ''ਚ ਪਲਟ ਗਿਆ ਟਰੈਕਟਰ, ਕਿਸਾਨ-ਮਜ਼ਦੂਰ ਦੀ ਤੜਫ਼-ਤੜਫ਼ ਨਿਕਲੀ ਜਾਨ
Tuesday, Dec 10, 2024 - 06:11 AM (IST)
 
            
            ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਮਾਂਗਟ)- ਪੰਜਾਬ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਕਣਕ 'ਚ ਖਾਦ ਪਾਉਣ ਲਈ ਲੇਬਰ ਲਿਜਾ ਰਹੇ ਕਿਸਾਨ ਦਾ ਰਸਤੇ 'ਚ ਟਰੈਕਟਰ ਪਲਟ ਗਿਆ ਤੇ ਇਕ ਮਜ਼ਦੂਰ ਸਣੇ ਕਿਸਾਨ ਦੀ ਵੀ ਮੌਤ ਹੋ ਗਈ। ਇਹ ਮਾਮਲਾ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਿਸਾਨ ਆਗੂ ਆਜ਼ਾਦ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ (75) ਪੁੱਤਰ ਸੋਹਨ ਸਿੰਘ ਆਪਣੇ ਟਰੈਕਟਰ ’ਤੇ ਖਾਦ ਲੱਦ ਕੇ 5 ਮਜ਼ਦੂਰਾਂ ਨੂੰ ਨਾਲ ਲੈ ਕੇ ਸੱਕੀ ਨਾਲੇ ਤੋਂ ਪਾਰ ਆਪਣੇ ਖੇਤਾਂ ’ਚ ਕਣਕ ਨੂੰ ਖਾਦ ਪਾਉਣ ਲਈ ਜਾ ਰਿਹਾ ਸੀ।

ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
ਇਸ ਦੌਰਾਨ ਜਦੋਂ ਇਨ੍ਹਾਂ ਦਾ ਟਰੈਕਟਰ ਸ਼ਾਹਪੁਰ ਜਾਜਨ ਪੁਲ ਦੇ ਨੇੜੇ ਪਹੁੰਚਿਆ ਤਾਂ ਟਰੈਕਟਰ ਦਾ ਇਕਦਮ ਸੰਤੁਲਨ ਵਿਗੜਨ ਦੇ ਨਾਲ ਸ਼ੱਕੀ ਨਾਲੇ ਵਾਲੇ ਪਾਸੇ ਨੀਵੀਂ ਜਗ੍ਹਾ ’ਤੇ ਪਲਟ ਗਿਆ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪ੍ਰਿੰਸੀਪਲ ਜਸਵੰਤ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਨ ਅਤੇ ਮੰਗਾ ਮਸੀਹ ਪੁੱਤਰ ਪਿਆਰਾ ਮਸੀਹ ਪਿੰਡ ਰੜੇਵਾਲੀ ਦੀ ਮੌਤ ਹੋ ਗਈ ਹੈ ਅਤੇ ਬਾਕੀ 4 ਵਿਅਕਤੀ ਜ਼ੇਰੇ ਇਲਾਜ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ. ਸਤਪਾਲ ਸਿੰਘ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਉਕਤ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈ ਕੇ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਦੋਸਤਾਂ ਨਾਲ ਲਾਈ ਗਈ ਗੇੜੀ ਬਣ ਗਈ ਮੁੰਡੇ ਦੀ 'Last Ride', ਤੇਜ਼ ਰਫ਼ਤਾਰ ਨੇ ਲੈ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            