ਕਾਨੂੰਨ ਦੇ ਰਖਵਾਲੇ ਹੀ ਉਡਾ ਰਹੇ ਕਾਨੂੰਨ ਦੀਆਂ ਧੱਜੀਆਂ

Wednesday, Mar 29, 2023 - 02:35 AM (IST)

ਕਾਨੂੰਨ ਦੇ ਰਖਵਾਲੇ ਹੀ ਉਡਾ ਰਹੇ ਕਾਨੂੰਨ ਦੀਆਂ ਧੱਜੀਆਂ

ਹਾਲਾਂਕਿ ਸਾਡੀਆਂ ਸਰਕਾਰਾਂ ਭ੍ਰਿਸ਼ਟਾਚਾਰ ਵਿਰੋਧੀ ਜ਼ੀਰੋ ਟਾਲਰੈਂਸ ਦੇ ਦਾਅਵੇ ਕਰਦੀਆਂ ਹਨ ਪਰ ਅਜਿਹਾ ਹੋ ਨਹੀਂ ਰਿਹਾ ਅਤੇ ਹੁਣ ਤਾਂ ਆਰਥਿਕ ਅਪਰਾਧਾਂ ਦੀ ਰੋਕਥਾਮ ਅਤੇ ਜਾਂਚ ਲਈ ਗਠਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਤੱਕ ਦੇ ਮੁਲਾਜ਼ਮ ਇਸ ’ਚ ਸ਼ਾਮਲ ਪਾਏ ਜਾ ਰਹੇ ਹਨ।

25 ਮਾਰਚ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਪਣੇ ਮੁੰਬਈ ਆਫਿਸ ਦੇ 2 ਮੁਲਾਜ਼ਮਾਂ, ਜਿਨ੍ਹਾਂ ’ਚ ਇਕ ਡਾਟਾ ਐਂਟ੍ਰੀ ਆਪ੍ਰੇਟਰ ਹੈ, ਨੂੰ ਨਾਜ਼ੁਕ ਗੁਪਤ ਫਾਈਲਾਂ ਲੀਕ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਹ ਦੋਵੇਂ ਮੁਲਾਜ਼ਮ ਪੁਣੇ ਦੇ ਇਕ ਵਪਾਰੀ ਤੇ ‘ਸੇਵਾ ਵਿਕਾਸ ਕੋਆਪ੍ਰੇਟਿਵ ਬੈਂਕ’ ਦੇ ਸਾਬਕਾ ਡਾਇਰੈਕਟਰ ਅਮਰ ਮੂਲਚੰਦਾਨੀ ਦੇ ਸੰਪਰਕ ’ਚ ਸਨ ਅਤੇ ਦੋਹਾਂ ਨੇ ਉਸ ਕੋਲੋਂ ਪ੍ਰਾਪਤ ਰਿਸ਼ਵਤ ਦੇ ਬਦਲੇ ’ਚ ਉਸ ਨੂੰ ਉਕਤ ਬੈਂਕ ਘਪਲੇ ਦੀ ਜਾਂਚ ਬਾਰੇ ਜਾਣਕਾਰੀ ਦਿੱਤੀ।

ਇਸ ਦੇ ਨਾਲ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਮਰ ਮੂਲਚੰਦਾਨੀ ਦੇ ਕਰੀਬੀ ਸਹਿਯੋਗੀ ਬਬਲੂ ਸੋਨਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਸ ਨੂੰ ਗਵਾਹਾਂ ਨੂੰ ਧਮਕਾਉਣ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ’ਚ ਕੰਮ ਕਰਨ ਵਾਲੇ ਉਕਤ ਮੁਲਾਜ਼ਮਾਂ ਨੂੰ ਨਾਜ਼ੁਕ ਜਾਣਕਾਰੀਆਂ ਦੇ ਬਦਲੇ ’ਚ ਰਿਸ਼ਵਤ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੈਂਕ ਵੱਲੋਂ ਦਰਜ ਕਰਵਾਈਆਂ ਸ਼ਿਕਾਇਤਾਂ ਅਤੇ ਪੁਲਸ ਵੱਲੋਂ ਦਰਜ ਰਿਪੋਰਟ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਤਾਂ ਵੱਡੇ ਪੱਧਰ ’ਤੇ ਹੇਰਾਫੇਰੀ ਦਾ ਪਤਾ ਲੱਗਾ, ਜਿਸ ਨਾਲ ਬੈਂਕ ਨੂੰ 429 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਜਾਂਚ ਤੋਂ ਪਤਾ ਲੱਗਾ ਕਿ ਵਿਵੇਕਪੂਰਨ ਪੈਮਾਨਿਆਂ ਦੀ ਪਾਲਣਾ ਕੀਤੇ ਬਿਨਾਂ ਬੈਂਕ ਨੂੰ ਪਰਿਵਾਰ ਦੀ ਜਾਇਦਾਦ ਵਾਂਗ ਚਲਾਇਆ ਜਾ ਰਿਹਾ ਸੀ।

ਆਰਥਿਕ ਅਪਰਾਧਾਂ ਦੀ ਰੋਕਥਾਮ ਨਾਲ ਜੁੜੇ ਵਿਭਾਗ ਦੇ ਮੁਲਾਜ਼ਮਾਂ ਦੇ ਹੀ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਤੋਂ ਸਪੱਸ਼ਟ ਹੈ ਕਿ ਖੁਦ ਕਾਨੂੰਨ ਦੇ ਰਖਵਾਲੇ ਹੀ ਕਿਸ ਹੱਦ ਤੱਕ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ, ਇਸ ਲਈ ਅਜਿਹੇ ਲੋਕਾਂ ਵਿਰੁੱਧ ਜਿੰਨੀ ਵੀ ਸਖਤ ਕਾਰਵਾਈ ਕੀਤੀ ਜਾਵੇ, ਘੱਟ ਹੀ ਹੋਵੇਗੀ।

- ਵਿਜੇ ਕੁਮਾਰ


author

Anmol Tagra

Content Editor

Related News