ਜਾਗਰੂਕਤਾ ਦੀ ਘਾਟ, ਵਿਆਹ ’ਚ ਕਾਹਲੀ, ਨਤੀਜਾ ਲੁਟੇਰੀਆਂ ਲਾੜੀਆਂ ਦੇ ਵਧਦੇ ਸ਼ਿਕਾਰ

09/21/2022 1:30:24 AM

ਦੇਸ਼ ਦੇ ਕਈ ਸੂਬਿਆਂ ’ਚ ਨਕਲੀ ਵਿਆਹ ਕਰਵਾਉਣ ਵਾਲੇ ਠੱਗਾਂ ਦੇ ਗਿਰੋਹ ਸਰਗਰਮ ਹਨ। ਇਹ ਗਿਰੋਹ ਵਿਆਹ ਦੇ ਚਾਹਵਾਨ ਲੋਕਾਂ ਨਾਲ ਪਹਿਲਾਂ ਦੋਸਤੀ ਕਰਦੇ ਹਨ, ਫਿਰ ਉਨ੍ਹਾਂ ਨੂੰ ਭਰੋਸੇ ’ਚ ਲੈ ਕੇ ‘ਵਿਆਹ’ ਕਰਵਾਉਂਦੇ ਹਨ ਅਤੇ ਇਹ ‘ਲਾੜੀਆਂ’ ‘ਵਿਆਹ’ ਦੇ ਕੁਝ ਦਿਨਾਂ ਦੇ ਅੰਦਰ ‘ਸਹੁਰਿਆਂ’ ਦੀ ਜਮ੍ਹਾਪੂੰਜੀ ’ਤੇ ਹੱਥ ਸਾਫ਼ ਕਰ ਕੇ ਫਰਾਰ ਹੋ ਜਾਂਦੀਆਂ ਹਨ ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ : 
* 30 ਅਗਸਤ ਨੂੰ ਮਥੁਰਾ (ਉੱਤਰ ਪ੍ਰਦੇਸ਼) ’ਚ 2 ਸਕੀਆਂ ਭੈਣਾਂ ‘ਮਹਾਵਨ’ ਥਾਣਾ ਇਲਾਕੇ ਦੇ ਪਿੰਡ ‘ਕਾਰਬ’ ’ਚ 2 ਸਕੇ ਭਰਾਵਾਂ ਨੂੰ ਵਿਆਹ ਦੇ ਜਾਲ ’ਚ ਫਸਾ ਕੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਈਆਂ। 
* 01 ਸਤੰਬਰ ਨੂੰ ਸੰਭਲ ਸ਼ਹਿਰ (ਉੱਤਰ ਪ੍ਰਦੇਸ਼) ਦੇ ਹੱਲੂਸਰਾਏ ਮੁਹੱਲੇ ’ਚ ਵਿਆਹ ਦੇ ਬਾਅਦ ਸਹੁਰੇ ਪਹੁੰਚੀ ਲਾੜੀ ‘ਪਤੀ’ ਅਤੇ ਸਹੁਰਿਆਂ ਨੂੰ  ਦੁੱਧ ’ਚ ਨਸ਼ੀਲੀਆਂ ਗੋਲੀਆਂ ਖਵਾ ਕੇ ਬੇਹੋਸ਼ ਕਰਨ ਦੇ ਬਾਅਦ ਲੱਖਾਂ ਦਾ ਮਾਲ ਸਮੇਟ ਕੇ ਆਪਣੇ ਪ੍ਰੇਮੀ ਨਾਲ ਰਫੂਚੱਕਰ ਹੋ ਗਈ। 
* 01 ਸਤੰਬਰ  ਨੂੰ ਹੀ ਸੂਰਤ (ਗੁਜਰਾਤ) ਦੇ ‘ਕਤਾਰ ਪਿੰਡ’ ’ਚ ਲਾੜੀ ਨੇ ਇਕ ਨੌਜਵਾਨ ਨੂੰ ਆਪਣਾ ਸ਼ਿਕਾਰ ਬਣਾ ਲਿਆ  ਤੇ ਉਸ ਨਾਲ ‘ਵਿਆਹ’ ਕਰਨ ਦੇ ਬਾਅਦ ਗਹਿਣਿਆਂ ਸਮੇਤ ਲੱਖਾਂ ਰੁਪਏ ਦਾ ਚੂਨਾ ਲਾ ਕੇ ਫਰਾਰ ਹੋ ਗਈ। 
* 08 ਸਤੰਬਰ ਨੂੰ ਰੇਵਾੜੀ (ਹਰਿਆਣਾ) ’ਚ ਇਕ ਲਾੜੀ ਦਾ ਪਰਦਾਫਾਸ਼ ਹੋਇਆ। ਪਹਿਲਾਂ 3 ‘ਲਾੜਿਆਂ ਨੂੰ’ ਲੱਖਾਂ ਰੁਪਏ ਦਾ ਚੂਨਾ ਲਾ ਚੁੱਕੀ ਲੁਟੇਰੀ ਲਾੜੀ ਚੌਥੀ ਵਾਰ ਵਿਆਹ ਕਰਨ ’ਤੇ ਲਾੜੇ ਦੀ ਸੂਝਬੂਝ ਨਾਲ ਫੜੀ ਗਈ। 
ਵਿਆਹ ਦੇ ਕੁਝ ਹੀ ਦਿਨ ਬਾਅਦ ਉਹ ਆਪਣੀ ਮਾਂ ਦੇ ਬੀਮਾਰ ਹੋਣ ਦਾ ਹਵਾਲਾ ਦੇ ਕੇ ਵਿਆਹ ਦੇ ਸਾਰੇ ਗਹਿਣੇ ਅਤੇ 30 ਹਜ਼ਾਰ ਰੁਪਏ ਲੈ ਕੇ ਪੇਕੇ ਚਲੀ ਗਈ ਅਤੇ ਕੁਝ ਦਿਨਾਂ ਬਾਅਦ ਵਾਪਸ ਪਰਤੀ ਤਾਂ ਪਤੀ ਨੂੰ ਉਸ ਦੇ ਲਿਆਂਦੇ ਹੋਏ ਗਹਿਣਿਆਂ ਦੇ ਨਕਲੀ ਹੋਣ ਦਾ ਸ਼ੱਕ ਹੋਇਆ। ਜਾਂਚ ਕਰਵਾਉਣ ’ਤੇ ਸ਼ੱਕ ਸਹੀ ਨਿਕਲਿਆ ਤਾਂ ਉਸ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਜਿਸ ਦੇ ਬਾਅਦ ਪੁਲਸ ਨੇ ਮੁਟਿਆਰ ਤੇ ਉਸ ਦੇ ਨਕਲੀ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ। ਮੁਟਿਆਰ ’ਤੇ ਆਪਣੇ ਚੌਥੇ ‘ਪਤੀ’ ਦੇ ਪਰਿਵਾਰ ਕੋਲੋਂ 10 ਲੱਖ ਰੁਪਏ ਠੱਗਣ ਦਾ ਦੋਸ਼ ਹੈ। 
* 09 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਰੀਵਾ ’ਚ ਇਕ ਨੌਜਵਾਨ ਵਿਆਹ ਦੇ ਬਾਅਦ ਆਪਣੀ ਲਾੜੀ ਨੂੰ ਰਾਜਸਥਾਨ ਲਿਜਾਣ ਲਈ ਸਟੇਸ਼ਨ ’ਤੇ ਪਹੁੰਚਿਆ। ਉਹ ਦੋਵੇਂ ਪਲੇਟਫਾਰਮ ’ਤੇ ਟ੍ਰੇਨ ਦੀ ਉਡੀਕ ਕਰ ਰਹੇ ਸਨ ਕਿ ਲੁਟੇਰੀ ਲਾੜੀ ਆਪਣੇ ‘ਪਤੀ’ ਨੂੰ ਚਕਮਾ ਦੇ ਕੇ ਉੱਥੋਂ ਖਿਸਕ ਗਈ ਅਤੇ ਨੇੜੇ ਹੀ ਕਿਤੇ ਉਡੀਕ ਕਰ ਰਹੇ ਆਪਣੇ ਪ੍ਰੇਮੀ ਦੇ ਨਾਲ ਇਕ ਆਟੋ ’ਚ ਸਵਾਰ ਹੋ ਕੇ ਰਫੂਚੱਕਰ ਹੋ ਗਈ। 
* 11 ਸਤੰਬਰ ਨੂੰ  ਬੀਨਾ (ਮੱਧ ਪ੍ਰਦੇਸ਼) ਦੇ ‘ਮੋਹਾਸਾ’ ਪਿੰਡ ’ਚ ਓਡਿਸ਼ਾ ਨਿਵਾਸੀ ਇਕ ਲੁਟੇਰੀ ਲਾੜੀ ਸਹੁਰਿਆਂ ਨੂੰ ਭੋਜਨ ’ਚ ਨਸ਼ੀਲਾ ਪਦਾਰਥ ਖਵਾ ਕੇ ਬੇਹੋਸ਼ ਕਰਨ ਦੇ ਬਾਅਦ ਘਰ ’ਚ ਰੱਖੀ ਨਕਦੀ ਅਤੇ ਸੋਨੇ ਦੇ ਗਹਿਣੇ ਆਦਿ ਲੈ ਕੇ ਫਰਾਰ ਹੋ ਗਈ। 
* 12 ਸਤੰਬਰ ਨੂੰ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਦੇ ਧੂਮਨਗੰਜ ’ਚ ਲੁਟੇਰੀ ਲਾੜੀ ਵੱਲੋਂ  ਆਪਣੇ ਹੀ ਪਤੀ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ 8 ਲੱਖ ਰੁਪਏ ਠੱਗ ਕੇ ਫਰਾਰ ਹੋ ਜਾਣ  ਦਾ ਮਾਮਲਾ ਸਾਹਮਣੇ ਆਇਆ। ਪੀੜਤ ਨੌਜਵਾਨ ਦਾ ਵਿਆਹ ਲੁਟੇਰੀ ਲਾੜੀ ਨਾਲ ਸਿਰਫ 4 ਮਹੀਨੇ ਪਹਿਲਾਂ ਹੋਇਆ ਸੀ ਅਤੇ  ਵਿਆਹ ਦੇ ਸਮੇਂ ਮੁਟਿਆਰ ਨੇ ਖੁਦ ਨੂੰ ਵਿਧਵਾ ਦੱਸਿਆ ਸੀ। 
* 13 ਸਤੰਬਰ ਨੂੰ  ਗਾਜ਼ੀਆਬਾਦ ’ਚ ਇਕ ਟ੍ਰਾਂਸਪੋਰਟਰ ਲੁਟੇਰੀ ਲਾੜੀ ਦਾ ਸ਼ਿਕਾਰ ਹੋ ਗਿਆ ਜਿਸ ਦੀ ਪਹਿਲੀ ਪਤਨੀ ਦੀ ਕੋਰੋਨਾ ਕਾਲ ’ਚ ਮੌਤ ਹੋ ਗਈ ਸੀ। ਵਿਆਹ ਦੇ 10ਵੇਂ ਦਿਨ ਹੀ ਲੁਟੇਰੀ ਲਾੜੀ ਆਪਣੇ ‘ਪਤੀ’ ਦੇ  ਪਹਿਲੇ ਵਿਆਹ ਤੋਂ 3 ਬੱਚਿਆਂ ਨੂੰ ਕਮਰੇ ’ਚ ਬੰਦ ਕਰਨ ਦੇ ਬਾਅਦ ਘਰ ’ਚੋਂ ਪੈਸੇ ਅਤੇ ਸਾਮਾਨ ਲੈ ਕੇ ਰੱਫੂਚੱਕਰ ਹੋ ਗਈ।  
* 17 ਸਤੰਬਰ  ਨੂੰ ਰਾਜਸਥਾਨ ਦੇ ਜੈਪੁਰ ’ਚ ਇਕ ਲੁਟੇਰੀ ਲਾੜੀ ਆਪਣੇ ‘ਸਹੁਰਿਆਂ’ ਤੋਂ 3 ਲੱਖ ਰੁਪਏ ਨਕਦ, ਸੋਨੇ-ਚਾਂਦੀ ਦੇ ਗਹਿਣੇ ਅਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਈ। 
* ਅਤੇ ਹੁਣ 19 ਸਤੰਬਰ ਨੂੰ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ’ਚ ਇਕ ਮੁਟਿਆਰ ਵੱਲੋਂ ਆਪਣੇ ਭਰਾ ਅਤੇ ਕਥਿਤ ਪ੍ਰੇਮੀ ਨਾਲ ਮਿਲ ਕੇ ਸੱਸ-ਸਹੁਰੇ ਦੇ ਕਮਰੇ ’ਚ ਕੈਮਰਾ ਲਾ ਕੇ ਉਨ੍ਹਾਂ ਦੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਅਤੇ ਲੱਖਾਂ ਦੀ ਜਿਊਲਰੀ  ਅਤੇ ਨਕਦੀ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਮਾਮਲੇ ਦੀ ਸ਼ਿਕਾਇਤ ਲਕਸ਼ਮੀ ਨਗਰ ਥਾਣੇ ’ਚ ਦਿੱਤੀ ਗਈ। ਪੁਲਸ ਨੇ ਦੋਸ਼ੀ ਔਰਤ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਵਾਂ ਦੇ ਬਾਰੇ ’ਚ ਕੋਈ ਸੁਰਾਗ ਨਹੀਂ ਮਿਲਿਆ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ  ਲੋਕਾਂ ਨੂੰ ਵਿਆਹ ਕਰਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਲੁੱਟਣ ਵਾਲੀਆਂ ‘ਲਾੜੀਆਂ’ ਦੇ ਕਈ ਗਿਰੋਹ ਸਰਗਰਮ ਹਨ। ਲਿਹਾਜ਼ਾ ਵਿਆਹ ਕਰਵਾਉਣ ਦੇ ਚੱਕਰ ’ਚ ਇਸ ਤਰ੍ਹਾਂ ਦੇ ਗਿਰੋਹਾਂ  ਤੋਂ ਬਚ ਕੇ ਰਹਿਣ ਅਤੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ  ਦੇ ਬਾਅਦ ਹੀ ਰਿਸ਼ਤਾ ਕਰਨਾ ਚਾਹੀਦਾ ਹੈ।   

 -ਵਿਜੇ ਕੁਮਾਰ


Manoj

Content Editor

Related News