ਜੰਮੂ-ਕਸ਼ਮੀਰ ਦੇ ਰਾਜਪਾਲ ਮਲਿਕ ਦਾ ਅੱਤਵਾਦੀਆਂ ਨੂੰ ਖਾਣੇ ਦਾ ਸੱਦਾ

06/14/2019 5:59:37 AM

ਕਸ਼ਮੀਰ ਕੇਂਦ੍ਰਿਤ ਦੋਹਾਂ ਵੱਡੀਆਂ ਸਿਆਸੀ ਪਾਰਟੀਆਂ ਪੀ. ਡੀ. ਪੀ. ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਮਹਿਬੂਬਾ ਮੁਫਤੀ ਅਤੇ ਫਾਰੂਕ ਅਬਦੁੱਲਾ ਵਾਦੀ ’ਚ ਸਰਗਰਮ ਵੱਖਵਾਦੀਆਂ ਅਤੇ ਪਾਕਿਸਤਾਨ ਨਾਲ ਗੱਲਬਾਤ ਦਾ ਸਮਰਥਨ ਕਰਦੇ ਆਏ ਹਨ।

ਸੂਬੇ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਪਿਛਲੇ ਕੁਝ ਮਹੀਨਿਆਂ ’ਚ ਵੱਖਵਾਦੀਆਂ ਵਿਰੁੱਧ ਕਈ ਕਾਰਵਾਈਆਂ ਕੀਤੀਆਂ ਹਨ, ਜਿਨ੍ਹਾਂ ’ਚ ਟੈਰਰ ਫੰਡਿੰਗ ਦੇ ਮਾਮਲੇ ’ਚ 4 ਵੱਖਵਾਦੀਆਂ ਦੀ ਗ੍ਰਿਫਤਾਰੀ, ਕਈ ਵੱਖਵਾਦੀਆਂ ਅਤੇ ਪੀ. ਡੀ. ਪੀ. ਆਗੂਆਂ ਦੀ ਸਕਿਓਰਿਟੀ ਵਾਪਿਸ ਲੈਣਾ ਅਤੇ ਵੱਖਵਾਦੀ ਸੰਗਠਨਾਂ ਦੇ ਖਾਤੇ ਸੀਲ ਕਰਨਾ ਸ਼ਾਮਿਲ ਹੈ।

ਅਤੇ ਹੁਣ 12 ਜੂਨ ਨੂੰ ਉਨ੍ਹਾਂ ਨੇ ਸ਼੍ਰੀਨਗਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਅੱਤਵਾਦੀਆਂ ਨੂੰ ਹਥਿਆਰ ਛੱਡਣ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਆਪਣੀ ਰਿਹਾਇਸ਼ ’ਤੇ ਲੰਚ ਲਈ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਅੱਤਵਾਦ ਨੌਜਵਾਨਾਂ ’ਚ ਬੇਰੋਜ਼ਗਾਰੀ ਕਾਰਣ ਹੀ ਨਹੀਂ ਹੈ, ਸਗੋਂ ਕੁਝ ਨੇਤਾ ਦਹਾਕਿਆਂ ਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਦਿੱਲੀ ਨੇ ਵੀ ਗਲਤੀਆਂ ਕੀਤੀਆਂ ਹਨ ਪਰ ਸਥਾਨਕ ਲੀਡਰਸ਼ਿਪ ਜ਼ਿਆਦਾ ਦੋਸ਼ੀ ਹੈ।

ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ਨਵੀਆਂ ਉੱਚਾਈਆਂ ’ਤੇ ਗੋਲੀਆਂ ਨਾਲ ਨਹੀਂ, ਵੋਟਾਂ ਨਾਲ ਪਹੁੰਚੇਗਾ। ਧਾਰਾ-370 ਅਤੇ 35ਏ ਨੂੰ ਖਤਮ ਕਰਨ ਦੀ ਗੱਲ ਕਈ ਪਾਰਟੀਆਂ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕਹੀ ਹੈ। ਤੁਸੀਂ ਇਸ ਦੀ ਚਿੰਤਾ ਨਾ ਕਰੋ।’’

‘‘ਤੁਹਾਡਾ ਆਪਣਾ ਸੰਵਿਧਾਨ ਹੈ, ਤੁਹਾਡਾ ਆਪਣਾ ਝੰਡਾ ਹੈ। ਇਸ ਤੋਂ ਇਲਾਵਾ ਤੁਸੀਂ ਜੋ ਚਾਹੁੰਦੇ ਹੋ, ਉਹ ਸੰਵਿਧਾਨ ਦੇ ਦਾਇਰੇ ’ਚ ਲੋਕਤੰਤਰਿਕ ਪ੍ਰਕਿਰਿਆ ਮੁਤਾਬਿਕ ਗੱਲਬਾਤ ਨਾਲ ਹਾਸਿਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿਆਰ ਹਨ, ਮੈਂ ਤਿਆਰ ਹਾਂ, ਆਓ ਗੱਲਬਾਤ ਦੀ ਮੇਜ਼ ’ਤੇ।’’

ਭਾਜਪਾ ਦੇ ਚੋਣ ਮੈਨੀਫੈਸਟੋ ’ਚ ਧਾਰਾ-370 ਨੂੰ ਖਤਮ ਕਰਨ ਦਾ ਸੰਕਲਪ ਹੋਣ ਦੇ ਬਾਵਜੂਦ ਰਾਜਪਾਲ ਨੇ ਇਸ ’ਤੇ ਚਿੰਤਾ ਨਾ ਕਰਨ ਦੀ ਗੱਲ ਕਹਿ ਕੇ ਜਿੱਥੇ ਕਸ਼ਮੀਰ ਨੂੰ ਲੈ ਕੇ ਕੇਂਦਰ ਦੀ ਰਣਨੀਤੀ ’ਚ ਤਬਦੀਲੀ ਦੀ ਪ੍ਰਕਿਰਿਆ ਦਾ ਸੰਕੇਤ ਦਿੱਤਾ ਹੈ, ਉਥੇ ਹੀ ਕੇਂਦਰ ਸਰਕਾਰ ਦੇ ਵਿਸ਼ੇਸ਼ ਨੁਮਾਇੰਦੇ ਦਿਨੇਸ਼ਵਰ ਸ਼ਰਮਾ ਇਕ ਵਾਰ ਫਿਰ 6 ਮਹੀਨਿਆਂ ਬਾਅਦ ਵੱਖਵਾਦੀਆਂ ਨਾਲ ਗੱਲਬਾਤ ਲਈ ਸ਼੍ਰੀਨਗਰ ਪਹੁੰਚੇ ਹਨ।

ਇਹ ਸੰਕੇਤ ਹੈ ਕਿ ਅੱਤਵਾਦੀਆਂ ਵਿਰੁੱਧ ਆਪ੍ਰੇਸ਼ਨ ਆਲ ਆਊਟ ਚਲਾਉਣ ਦੇ ਨਾਲ-ਨਾਲ ਮੋਦੀ ਸਰਕਾਰ ਆਪਣੇ ਪਲਾਨ-ਬੀ ਦੇ ਤਹਿਤ ਉਨ੍ਹਾਂ ਨੂੰ ਗੱਲਬਾਤ ਦੀ ਪੇਸ਼ਕਸ਼ ਕਰ ਕੇ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।

12 ਜੂਨ ਨੂੰ ਅੱਤਵਾਦੀਆਂ ਵਲੋਂ ਸੀ. ਆਰ. ਪੀ. ਐੱਫ. ਦੇ 5 ਜਵਾਨਾਂ ਦੀ ਹੱਤਿਆ ਕੀਤੇ ਜਾਣ ਤੋਂ ਸਪੱਸ਼ਟ ਹੈ ਕਿ ਅੱਤਵਾਦ ਲਗਾਤਾਰ ਇਕ ਚੁਣੌਤੀ ਬਣਿਆ ਹੋਇਆ ਹੈ, ਜਿਸ ਨੂੰ ਸਿਰਫ ਬੰਦੂਕ ਦੀ ਤਾਕਤ ਨਾਲ ਨਹੀਂ ਦਬਾਇਆ ਜਾ ਸਕਦਾ। ਇਸ ਦੇ ਲਈ ਕੇਂਦਰ ਨੂੰ ਗੱਲਬਾਤ ਦਾ ਸਹਾਰਾ ਲੈਣਾ ਹੀ ਪਵੇਗਾ। ਹੁਣ ਦੇਖਣਾ ਇਹ ਹੈ ਕਿ ਸ਼੍ਰੀ ਮਲਿਕ ਦਾ ਅੱਤਵਾਦੀ ਨੌਜਵਾਨਾਂ ਨੂੰ ਗੱਲਬਾਤ ਦਾ ਸੱਦਾ ਕਿੰਨਾ ਪ੍ਰਭਾਵਿਤ ਕਰਦਾ ਹੈ।

–ਵਿਜੇ ਕੁਮਾਰ
 


Bharat Thapa

Content Editor

Related News