ਕੀ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ ਹੈ

Sunday, Jan 29, 2023 - 01:12 PM (IST)

ਕੀ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ ਹੈ

ਸੋਨਾ ਇਕ ਅਜਿਹੀ ਵਸਤੂ ਹੈ ਜਿਸ ’ਚ ਪਿਛਲੇ 10 ਸਾਲਾਂ ’ਚ ਲਗਭਗ 88 ਫੀਸਦੀ ਦੇ ਵਾਧੇ ਨਾਲ ਸਾਲ-ਦਰ-ਸਾਲ ਮੁੱਲ ’ਚ ਲਗਾਤਾਰ ਵਾਧਾ ਹੋਇਆ ਹੈ। ਆਉਣ ਵਾਲੇ ਸਾਲਾਂ ’ਚ ਇਸ ਦੀਆਂ ਕੀਮਤਾਂ ਵਧਣ ਦੀ ਆਸ ਹੈ। ਮੰਗਲਵਾਰ ਨੂੰ ਭਾਰਤ ’ਚ ਸੋਨੇ ਦੀ ਕੀਮਤ 57,332 ਰੁਪਏ ਪ੍ਰਤੀ 10 ਗ੍ਰਾਮ (999 ਕਿਸਮ) ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਪਿਛਲੇ ਸਾਲ ਅਕਤੂਬਰ ’ਚ ਲਗਭਗ 50 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਸੋਨੇ ਦੀ ਕੀਮਤ ’ਚ ਲਗਭਗ 14 ਫੀਸਦੀ ਦਾ ਵਾਧਾ ਹੋਇਆ ਹੈ। ਕਿਉਂ ਵਧ ਰਹੇ ਹਨ ਸੋਨੇ ਦੇ ਭਾਅ : ਜਦਕਿ ਕੀਮਤਾਂ 2022 ਦੇ ਪਹਿਲੇ 10 ਮਹੀਨਿਆਂ ’ਚ 48,000 ਰੁਪਏ ਤੋਂ 52,000 ਰੁਪਏ ਪ੍ਰਤੀ 10 ਗ੍ਰਾਮ ਦੀ ਹੱਦ ’ਚ ਚਲੀਆਂ ਗਈਆਂ, ਪਿਛਲੇ 3 ਮਹੀਨਿਆਂ ’ਚ ਵਿਕਸਿਤ ਬਾਜ਼ਾਰਾਂ ’ਚ ਮੰਦੀ ਦੇ ਵਧਦੇ ਖਦਸ਼ਿਆਂ ਅਤੇ ਗਿਰਾਵਟ ਦੇ ਨਾਲ ਸਪੱਸ਼ਟ ਤੌਰ ’ਤੇ ਉਪਰ ਵੱਲ ਰੁਝਾਨ ਦੇਖਿਆ ਗਿਆ ਹੈ। ਕਈ ਲੋਕ ਆਸ ਕਰਦੇ ਹਨ ਕਿ ਅਮਰੀਕੀ ਫੈਡਰਲ ਰਿਜ਼ਰਵ 2023 ’ਚ ਵੀ ਦਰ ’ਚ ਕਟੌਤੀ ਕਰ ਸਕਦਾ ਹੈ। ਇਕ ਵਿਚਾਰ ਹੈ ਕਿ ਸੋਨੇ ਦੀ ਮੰਗ ਵਧੇਗੀ ਕਿਉਂਕਿ ਲੋਕ ਮੰਦੀ ਦੇ ਸਮੇਂ ਇਸ ਵੱਲ ਰੁਖ ਕਰਨਗੇ। ਜਿਯੋਜੀਤ ਫਾਈਨਾਂਸ਼ੀਅਲ ਸਰਵਿਸਿਜ਼ ’ਚ ਕਮੋਡਿਟੀ ਰਿਸਰਚ ਦੇ ਮੁਖੀ ਹਰੀਸ਼ ਵੀ. ਨਾਇਰ ਦੇ ਅਨੁਸਾਰ ਭਾਰਤ ’ਚ ਇਨ੍ਹਾਂ ਵਿਸ਼ਵ ਪੱਧਰੀ ਕਾਰਕਾਂ ਦੇ ਇਲਾਵਾ ਉੱਚ ਘਰੇਲੂ ਮੰਗ ਅਤੇ ਡਾਲਰ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਦੇ ਕਾਰਨ ਕੀਮਤਾਂ ਵਧੀਅਾਂ ਹਨ। ਭਾਰਤੀ ਬਾਜ਼ਾਰ ’ਚ ਸੋਨੇ ਦੀ ਮਜ਼ਬੂਤ ਮੰਗ ਹੈ। ਕੋਵਿਡ ਕਾਲ ’ਚ ਜਿੱਥੇ ਲੋਕ ਆਪਣੀ ਸੋਨੇ ਪ੍ਰਤੀ ਮੰਗ ਨੂੰ ਟਾਲ ਰਹੇ ਸਨ ਉੱਥੇ ਹੀ ਪਿਛਲੇ 6 ਮਹੀਨਿਆਂ ’ਚ ਇਹ ਮੰਗ ਚੰਗੀ ਰਹੀ ਹੈ। ਇਸ ਦੇ ਇਲਾਵਾ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਭਾਰਤ ’ਚ ਸੋਨੇ ਦੀ ਕੀਮਤ ਵਧ ਜਾਂਦੀ ਹੈ। ਅਸੀਂ ਦੇਖਿਆ ਹੈ ਕਿ ਜਿਵੇਂ-ਜਿਵੇਂ ਕੀਮਤਾਂ ਵਧਦੀਆਂ ਹਨ, ਸੋਨੇ ਦੀ ਮੰਗ ਹੋਰ ਵਧਦੀ ਹੈ ਕਿਉਂਕਿ ਲੋਕ ਦਰਾਂ ’ਚ ਹੋਰ ਵਾਧੇ ਦੀ ਆਸ ਕਰਦੇ ਹਨ। ਕੀ ਮਹਿੰਗਾਈ ਜਾਰੀ ਰਹੇਗੀ? : ਆਰਥਿਕ ਅਤੇ ਹੋਰ ਭੂਗੋਲਿਕ ਸਿਆਸੀ ਅਨਿਸ਼ਚਿਤਤਾਵਾਂ ਦਰਮਿਆਨ ਸੋਨੇ ਦੀਆਂ ਕੀਮਤਾਂ ਲਈ ਵਿਆਪਕ ਰੁਝਾਨ ਹਾਂਪੱਖੀ ਹੈ। ਇਸ ਦੇ ਇਲਾਵਾ ਅਜਿਹੇ ਸਮੇਂ ’ਚ ਜਦੋਂ ਫਿਕਸਡ ਡਿਪਾਜ਼ਿਟ ਮਹਿੰਗਾਈ ਰਿਟਰਨ ’ਚ ਘੱਟ ਕਮਾ ਰਹੇ ਹਨ ਅਤੇ ਇਕੁਇਟੀ ’ਚ ਉਤਰਾਅ-ਚੜ੍ਹਾਅ ਹੋ ਰਿਹਾ ਹੈ, ਕਈ ਨਿਵੇਸ਼ਕ ਸੋਨੇ ਦੀ ਮਹਿੰਗਾਈ ਦੇ ਵਿਰੁੱਧ ਬਚਾਅ ਦੇ ਰੂਪ ’ਚ ਦੇਖਦੇ ਹਨ। ਨਿਵੇਸ਼ਕਾਂ ਦੇ ਕੋਲ ਮੌਜੂਦਾ ਬਾਜ਼ਾਰ ਮੁੱਲ ’ਤੇ 56,296 ਕਰੋੜ ਰੁਪਏ ਦੇ 98.21 ਟਨ ਆਰ. ਬੀ. ਆਈ. ਦੇ ਸਾਵਰੇਨ ਗੋਲਡ ਬਾਂਡ ਹਨ।

ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਦੇ ਅੰਕੜਿਆਂ ਦੇ ਅਨੁਸਾਰ ਉਨ੍ਹਾਂ ਦੇ ਕੋਲ ਮਿਊਚੁਅਲ ਫੰਡਸ ਦੇ ਗੋਲਡ ਐਕਸਚੇਂਜ-ਟ੍ਰੇਡਿਡ ਫੰਡਸ (ਈ. ਟੀ. ਐੱਫ.) ’ਚ 21,455 ਕਰੋੜ ਰੁਪਏ ਵੀ ਹਨ (ਦਸੰਬਰ 2022 ਤੱਕ)। ਨਿਵੇਸ਼ਕਾਂ ਨੂੰ ਕੀ ਕਰਨਾ ਚਾਹੀਦਾ ਹੈ? : ਮਾਹਿਰਾਂ ਦਾ ਮੰਨਣਾ ਹੈ ਕਿ ਨਿਵੇਸ਼ਕਾਂ ਨੂੰ ਆਪਣੇ ਐਸੇਟ ਐਲੋਕੇਸ਼ਨ ਦੇ ਅਨੁਸਾਰ ਸੋਨੇ ’ਚ ਨਿਵੇਸ਼ ਕਰਦੇ ਰਹਿਣਾ ਚਾਹੀਦਾ ਹੈ ਤੇ ਗੋਲਡ ਈ. ਟੀ. ਐੱਫ. ਅਤੇ ਸਾਵਰੇਨ ਗੋਲਡ ਬਾਂਡ ਲਈ ਲੰਬੀ ਮਿਆਦ ਦੇ ਲਈ ਗਿਰਾਵਟ ’ਤੇ ਖਰੀਦਦਾਰੀ ਕਰਨੀ ਚਾਹੀਦੀ ਹੈ। ਮਾਹਿਰਾਂ ਦੀ ਰਾਏ ਹੈ ਕਿ ਜਦੋਂ ਤੱਕ ਸੋਨਾ ਗਹਿਣੇ ਦੇ ਰੂਪ ’ਚ ਵਰਤੋਂ ਲਈ ਨਹੀਂ ਖਰੀਦਿਆ ਜਾਂਦਾ ਉਦੋਂ ਤੱਕ ਨਿਵੇਸ਼ ਕਾਗਜ਼ ਦੇ ਰੂਪ ’ਚ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਸਤਾ ਹੈ ਅਤੇ ਸਟੋਰ ਕਰਨ ਦੇ ਜੋਖਮ ਨੂੰ ਦੂਰ ਕਰਦਾ ਹੈ ਜਦਕਿ ਗੋਲਡ ਈ. ਟੀ. ਐੱਫ. ਓਪਨ ਐਡਿਡ ਫੰਡ ਹੈ ਜੋ ਨਿਵੇਸ਼ਕਾਂ ਨੂੰ ਸੋਨੇ ਨੂੰ ਭੌਤਿਕ ਰੂਪ ਤੋਂ ਧਾਰਨ ਕੀਤੇ ਬਿਨਾਂ ਨਿਵੇਸ਼ ਕਰਨ ਦੀ ਇਜਾਜ਼ਤ ਦਿੰਦਾ ਹੈ। ਕਈ ਲੋਕ ਆਰ. ਬੀ. ਆਈ. ਦੇ ਗੋਲਡ ਬਾਂਡ ਪਸੰਦ ਕਰਦੇ ਹਨ ਕਿਉਂਕਿ ਇਹ 2.50 ਫੀਸਦੀ ਦੀ ਸਾਲਾਨਾ ਵਿਆਜ ਦਰ ਵੀ ਦਿੰਦੇ ਹਨ। ਵਿੱਤੀ ਯੋਜਨਾਕਾਰਾਂ ਦਾ ਕਹਿਣਾ ਹੈ ਕਿ ਕੁਲ ਪੋਰਟਫੋਲੀਓ ’ਚ ਸੋਨੇ ਦੀ ਹਿੱਸੇਦਾਰੀ 5 ਤੋਂ 10 ਫੀਸਦੀ ਹੋਣੀ ਚਾਹੀਦੀ ਹੈ। ਇੱਥੋਂ ਤੱਕ ਕਿ ਆਰ. ਬੀ. ਆਈ. ਦੇ ਕੋਲ 785.35 ਮੀਟ੍ਰਿਕ ਟਨ ਸੋਨਾ ਹੈ ਜੋ ਸਤੰਬਰ 2022 ਤੱਕ ਉਸ ਦੇ ਵਿਦੇਸ਼ੀ ਮੁਦਰਾ ਪੋਰਟਫੋਲੀਓ ਦਾ 7.07 ਫੀਸਦੀ ਹੈ। ਭਾਰਤ ’ਚ ਸੋਨੇ ਦੀ ਮੰਗ ਕਿਹੋ ਜਿਹੀ ਹੈ? : ਵਰਲਡ ਗੋਲਡ ਕੌਂਸਲ ਦੀ ਰਿਪੋਰਟ ਦੇ ਅਨੁਸਾਰ ਭਾਰਤ ’ਚ ਦਰਮਿਆਨੇ ਵਰਗ ਦੇ ਆਕਾਰ ਨੂੰ ਦੇਖਦੇ ਹੋਏ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸੋਨੇ ਦੀ 50 ਫੀਸਦੀ ਮੰਗ ਇੱਥੋਂ ਸ਼ੁਰੂ ਹੁੰਦੀ ਹੈ। ਭਾਰਤ ’ਚ ਇਸ ਦੀ ਵਿਸ਼ਾਲ ਆਬਾਦੀ ਦੇ ਨਾਲ ਸੋਨਾ ਅਤੇ ਖਾਸ ਤੌਰ ’ਤੇ ਸੋਨੇ ਦੇ ਗਹਿਣੇ ਇਕ ਕੇਂਦਰੀ ਭੂਮਿਕਾ ਅਦਾ ਕਰਦੇ ਹਨ ਜੋ ਆਲੰਕਰਨ ਅਤੇ ਨਿਵੇਸ਼ ਦੋਵਾਂ ਦੇ ਰੂਪ ’ਚ ਕੰਮ ਕਰਦੇ ਹਨ। ਅਸਲ ’ਚ ਦਹਾਕਿਆਂ ਤੱਕ 2009 ’ਚ ਚੀਨ ਤੋਂ ਅੱਗੇ ਨਿਕਲਣ ਤੋਂ ਪਹਿਲਾਂ ਭਾਰਤ ਸੋਨੇ ਦਾ ਸਭ ਤੋਂ ਵੱਡਾ ਖਪਤਕਾਰ ਸੀ। 2021 ’ਚ ਭਾਰਤ ਨੇ 611 ਟਨ ਸੋਨੇ ਦੇ ਗਹਿਣੇ ਖਰੀਦੇ ਜੋ ਚੀਨ (673 ਟਨ) ਦੇ ਬਾਅਦ ਦੂਜੇ ਸਥਾਨ ’ਤੇ ਹੈ ਪਰ ਸੋਨੇ ਦੀ ਖਪਤ ਕਰਨ ਵਾਲੇ ਹੋਰ ਸਾਰੇ ਬਾਜ਼ਾਰਾਂ ’ਚੋਂ ਅੱਗੇ ਹੈ। ਵਰਲਡ ਗੋਲਡ ਕੌਂਸਲ ਦੇ ਭਾਰਤ ਦੇ ਖੇਤਰੀ ਸੀ. ਈ. ਓ. ਸੋਮਸੁੰਦਰਮ ਪੀ. ਆਰ. ਨੇ ਕਿਹਾ, ‘‘ਸੋਨੇ ਦੇ ਗਹਿਣਿਆਂ ਦੇ ਦੂਜੇ ਸਭ ਤੋਂ ਵੱਡੇ ਖਪਤਕਾਰ ਦੇ ਰੂਪ ’ਚ ਭਾਰਤ ਵਿਸ਼ਵ ਪੱਧਰੀ ਸੋਨਾ ਬਾਜ਼ਾਰਾਂ ਦੇ ਸਮਰਥਨ ਦਾ ਇਕ ਮਜ਼ਬੂਤ ਥੰਮ੍ਹ ਹੈ।’’

(ਧੰਨਵਾਦ ਸਹਿਤ ਆਈ. ਈ. ’ਚੋਂ)

ਸੰਦੀਪ ਸਿੰਘ, ਜਾਰਜ ਮੈਥਿਊ

 

 


author

Harinder Kaur

Content Editor

Related News