ਜੇਲਾਂ ਹੋ ਰਹੀਆਂ ਹਨ ਅਵਿਵਸਥਾ ਦੀਆਂ ਸ਼ਿਕਾਰ, ਗੁਰਦਾਸਪੁਰ ਜੇਲ ’ਚ ਕੈਦੀਆਂ ਨੇ ਕੀਤਾ ਹੰਗਾਮਾ

Friday, Mar 15, 2024 - 03:56 AM (IST)

ਜੇਲਾਂ ਹੋ ਰਹੀਆਂ ਹਨ ਅਵਿਵਸਥਾ ਦੀਆਂ ਸ਼ਿਕਾਰ, ਗੁਰਦਾਸਪੁਰ ਜੇਲ ’ਚ ਕੈਦੀਆਂ ਨੇ ਕੀਤਾ ਹੰਗਾਮਾ

ਭਾਰਤੀ ਜੇਲਾਂ ’ਚ ਕੈਦੀਆਂ ਤੋਂ ਮੋਬਾਈਲ ਫੋਨਾਂ ਦੀ ਬਰਾਮਦਗੀ, ਗੈਂਗਵਾਰਾਂ ’ਚ ਹੱਤਿਆ ਅਤੇ ਨਸ਼ਿਆਂ ਆਦਿ ਦੀ ਬਰਾਮਦਗੀ ਅੱਜ ਆਮ ਗੱਲ ਹੋ ਗਈ ਹੈ। ਇਸ ਦੇ ਨਤੀਜੇ ਵਜੋਂ ਭਾਰਤੀ ਜੇਲਾਂ ਅੱਜ ‘ਸੁਧਾਰ ਘਰ’ ਦੀ ਥਾਂ ‘ਵਿਗਾੜ ਘਰ’ ਬਣ ਕੇ ਰਹਿ ਗਈਆਂ ਹਨ। ਇਹ ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 26 ਫਰਵਰੀ, 2023 ਨੂੰ ਗੋਇੰਦਵਾਲ ਸਾਹਿਬ (ਪੰਜਾਬ) ਦੀ ਕੇਂਦਰੀ ਜੇਲ ’ਚ ਗੈਂਗਸਟਰਾਂ ਦੇ 2 ਗਿਰੋਹਾਂ ਦਰਮਿਆਨ ਗੈਂਗਵਾਰ ਦੇ ਨਤੀਜੇ ਵਜੋਂ 2 ਗੈਂਗਸਟਰ ਮਾਰੇ ਗਏ।
* 7 ਅਕਤੂਬਰ, 2023 ਨੂੰ ਪਟਿਆਲਾ (ਪੰਜਾਬ) ਸੈਂਟਰਲ ਜੇਲ ’ਚ ਬਾਹਰੋਂ ਸੁੱਟੀਆਂ ਤੰਬਾਕੂ ਦੀਆਂ ਪੁੜੀਆਂ ਹਾਸਲ ਕਰਨ ਲਈ ਕੈਦੀਆਂ ਦੇ 2 ਧੜਿਆਂ ’ਚ ਹੋਈ ਖੂਨੀ ਝੜਪ ’ਚ 6 ਕੈਦੀ ਜ਼ਖਮੀ ਹੋ ਗਏ।
* 3 ਦਸੰਬਰ, 2023 ਨੂੰ ਧਨਬਾਦ (ਝਾਰਖੰਡ) ਦੀ ਸੈਂਟਰਲ ਜੇਲ ’ਚ ਬੰਦ 4 ਲੋਕਾਂ ਦੀ ਹੱਤਿਆ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਗੈਂਗਸਟਰ ਅਮਨ ਸਿੰਘ ਦੀ ਵਿਰੋਧੀ ਧੜੇ ਦੇ ਕੈਦੀਆਂ ਨੇ 7 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
* 23 ਦਸੰਬਰ, 2023 ਨੂੰ ਅਮਰਾਵਤੀ (ਮਹਾਰਾਸ਼ਟਰ) ਦੀ ਕੇਂਦਰੀ ਜੇਲ ’ਚ ਕੈਦੀਆਂ ਦੇ 2 ਧੜਿਆਂ ਦਰਮਿਆਨ ਮਾਰਕੁੱਟ ਦੇ ਨਤੀਜੇ ਵਜੋਂ ਇਕ ਧੜੇ ਨੇ ਦੂਜੇ ਧੜੇ ਦੇ ਕੈਦੀ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ।
* 20 ਫਰਵਰੀ, 2024 ਨੂੰ ਅਜਮੇਰ (ਰਾਜਸਥਾਨ) ਦੀ ਕੇਂਦਰੀ ਜੇਲ ’ਚ ਕਿਸੇ ਝਗੜੇ ਨੂੰ ਲੈ ਕੇ 2 ਕੈਦੀਆਂ ਨੇ ਇਕ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਇਸ ਦੇ ਸਿੱਟੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਇਸੇ ਦੌਰਾਨ ਕੈਦੀਆਂ ਦੇ ਧੜਿਆਂ ’ਚ ਜਾਰੀ ਹਿੰਸਕ ਲੜਾਈ ਦੇ ਸਿੱਟੇ ਵਜੋਂ ਇਕ ਕੈਦੀ ਦੇ ਸਿਰ ’ਚ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ।
* 26 ਫਰਵਰੀ, 2024 ਨੂੰ ਲੁਧਿਆਣਾ (ਪੰਜਾਬ) ਦੀ ਸੈਂਟਰਲ ਜੇਲ ’ਚ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਕੈਦੀਆਂ ਦੇ 2 ਧੜਿਆਂ ’ਚ ਲੜਾਈ ਦੇ ਸਿੱਟੇ ਵਜੋਂ 2 ਕੈਦੀ ਗੰਭੀਰ ਜ਼ਖਮੀ ਹੋ ਗਏ।
* 5 ਮਾਰਚ, 2024 ਨੂੰ ਹਾਜੀਪੁਰ (ਬਿਹਾਰ) ਦੀ ਜੇਲ ’ਚ ਕੈਦੀਆਂ ਦੇ 2 ਧੜਿਆਂ ਦਰਮਿਆਨ ਖੂਨੀ ਝੜਪ ਦੇ ਸਿੱਟੇ ਵਜੋਂ ਹੱਤਿਆ ਦੇ ਮਾਮਲੇ ’ਚ ਜੇਲ ’ਚ ਬੰਦ ਇਕ ਕੈਦੀ ਅਸ਼ੋਕ ਰਾਏ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।
* ਅਤੇ ਹੁਣ 14 ਮਾਰਚ ਨੂੰ ਗੁਰਦਾਸਪੁਰ (ਪੰਜਾਬ) ਸਥਿਤ ਕੇਂਦਰੀ ਜੇਲ ’ਚ ਬੰਦ ਕੈਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੁੱਝ ਦਿਨਾਂ ਤੋਂ ਫੈਲੀ ਨਾਰਾਜ਼ਗੀ ਤੇ ਤਕਰਾਰ ਤੋਂ ਬਾਅਦ ਜੇਲ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ।
ਕੈਦੀਆਂ ਨੇ ਛੱਤ ’ਤੇ ਪਏ ਕੁੱਝ ਕੱਪੜਿਆਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਹੋਈ ਪੱਥਰਬਾਜ਼ੀ ਅਤੇ ਤੋੜ-ਭੰਨ ਦੌਰਾਨ ਧਾਰੀਵਾਲ ਥਾਣੇ ਦੇ ਮੁਖੀ ਸਮੇਤ 4 ਪੁਲਸ ਕਰਮਚਾਰੀ ਅਤੇ ਕੁੱਝ ਕੈਦੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।
ਸਥਿਤੀ ਵਿਗੜਦੀ ਦੇਖ ਬਾਹਰ ਦੇ ਜ਼ਿਲਿਆਂ ਤੋਂ ਪੁਲਸ ਫੋਰਸ ਬੁਲਾਉਣੀ ਪਈ ਅਤੇ ਕੈਦੀਆਂ ਨੂੰ ਰੋਕਣ ਲਈ ਸੁਰੱਖਿਆ ਮੁਲਾਜ਼ਮਾਂ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਹਾਲਾਤ ਕਾਬੂ ’ਚ ਨਾ ਆਉਣ ਕਾਰਨ ਜੇਲ ਦੇ ਨੇੜੇ-ਤੇੜੇ ਅਰਧ-ਸੈਨਿਕ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ।
ਦੇਰ ਸ਼ਾਮ ਤੱਕ ਸਥਿਤੀ ਤਣਾਅਪੂਰਨ ਬਣੀ ਰਹੀ । ਅਖੀਰ ਉੱਚ ਅਧਿਕਾਰੀਆਂ ਨੇ ਕੈਦੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਅਧਿਕਾਰੀਆਂ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਸੁਣੀਆਂ ਜਿਸ ਤਹਿਤ ਕੈਦੀਆਂ ਨੇ ਮੈਡੀਕਲ ਸਹੂਲਤਾਂ ਦੀ ਘਾਟ, ਜੇਲ ’ਚ ਕੈਦੀਆਂ ਦੀ ਗਿਣਤੀ ਵੱਧ ਹੋਣ, ਉਨ੍ਹਾਂ ਨਾਲ ਅਣਉਚਿਤ ਵਤੀਰਾ ਕੀਤੇ ਜਾਣ ਅਤੇ ਹੋਰ ਸ਼ਿਕਾਇਤਾਂ ਦੱਸੀਆਂ।
ਅਧਿਕਾਰੀਆਂ ਵੱਲੋਂ 3 ਦਿਨਾਂ ’ਚ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦੇਣ ਤੋਂ ਇਲਾਵਾ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਕਰਵਾਉਣ ਅਤੇ ਉਸ ਦੀ ਰਿਪੋਰਟ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦੇਣ ਪਿੱਛੋਂ ਮਾਮਲਾ ਸ਼ਾਂਤ ਹੋਇਆ।
ਆਜ਼ਾਦੀ ਪਿੱਛੋਂ ਦੇਸ਼ ’ਚ ਜੇਲਾਂ ਦੇ ਸੁਧਾਰ ਲਈ ਕਈ ਕਮੇਟੀਆਂ ਗਠਿਤ ਕੀਤੀਆਂ ਗਈਆਂ ਪਰ ਲਗਭਗ ਸਾਰੀਆਂ ਦੇ ਸੁਝਾਅ ਠੰਢੇ ਬਸਤੇ ’ਚ ਪਾ ਦਿੱਤੇ ਜਾਣ ਕਾਰਨ ਜੇਲਾਂ ਦਾ ਹਾਲ ਲਗਾਤਾਰ ਬੁਰਾ ਹੁੰਦਾ ਗਿਆ ਹੈ।
ਵੱਡੀ ਗਿਣਤੀ ’ਚ ਮੁਕੱਦਮੇ ਲਟਕਦੇ ਰਹਿਣ ਕਾਰਨ ਵੀ ਜੇਲਾਂ ’ਚ ਕੈਦੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਨ੍ਹਾਂ ’ਚ ਵੱਡੀ ਗਿਣਤੀ ਵਿਚਾਰ ਅਧੀਨ ਕੈਦੀਆਂ ਦੀ ਹੈ ਜੋ ਜੇਲਾਂ ’ਚ ਭੀੜ ਵਧਣ ਨਾਲ ਹੋਣ ਵਾਲੇ ਹੁੜਦੰਗਾਂ ਦਾ ਵੱਡਾ ਕਾਰਨ ਹੈ।
ਇਸ ਲਈ ਜਿੱਥੇ ਮੁਕੱਦਮਿਆਂ ਦੇ ਛੇਤੀ ਨਬੇੜੇ ਲਈ ਅਦਾਲਤਾਂ ’ਚ ਜੱਜਾਂ ਦੇ ਖਾਲੀ ਅਹੁਦੇ ਬਿਨਾਂ ਦੇਰ ਕੀਤਿਆਂ ਭਰਨਾ ਅਤੇ ਨਵੀਆਂ ਜੇਲਾਂ ਦੀ ਉਸਾਰੀ ਜ਼ਰੂਰੀ ਹੈ, ਉੱਥੇ ਹੀ ਗੈਂਗਵਾਰ ਅਤੇ ਹਿੰਸਾ ਵਰਗੀਆਂ ਬੁਰਾਈਆਂ ਰੋਕਣ ਲਈ ਬਿਹਤਰ ਸੁਰੱਖਿਆ ਪ੍ਰਬੰਧਾਂ, ਕੈਦੀਆਂ ’ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਲਾਉਣਾ, ਜੇਲਾਂ ’ਚ ਮੋਬਾਈਲ ਆਦਿ ਲੈ ਜਾਣ ਅਤੇ ਇਨ੍ਹਾਂ ਦੀ ਵਰਤੋਂ ਰੋਕਣ ਲਈ ਤੁਰੰਤ ਜੈਮਰ ਲਾਉਣਾ ਵੀ ਜ਼ਰੂਰੀ ਹੈ।
-ਵਿਜੇ ਕੁਮਾਰ


author

Inder Prajapati

Content Editor

Related News