ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਨੇ ਹੁਣ ਭਾਰਤ ਭੇਜੇ 100 ਅਰਬ ਡਾਲਰ
Friday, Jan 13, 2023 - 02:17 AM (IST)
ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਦੇ ਅਨੁਸਾਰ ਭਾਰਤੀ ਮੂਲ ਦੇ 3.2 ਕਰੋੜ ਤੋਂ ਵੱਧ ਲੋਕ ਵਿਦੇਸ਼ਾਂ ’ਚ ਨਿਵਾਸ ਕਰਦੇ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ ਭਾਰਤਵੰਸ਼ੀ ਅਮਰੀਕਾ ’ਚ ਰਹਿ ਰਹੇ ਹਨ ਅਤੇ ਇਸ ਦੇ ਬਾਅਦ ਇੰਗਲੈਂਡ, ਕੈਨੇਡਾ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਯੂ. ਏ. ਈ. ਆਦਿ ਦਾ ਸਥਾਨ ਆਉਂਦਾ ਹੈ।
ਵਿਦੇਸ਼ਾਂ ’ਚ ਵਸੇ ਇਨ੍ਹਾਂ ਭਾਰਤਵੰਸ਼ੀ ਲੋਕਾਂ ਨੇ ਨਾ ਸਿਰਫ ਉੱਥੇ ਆਪਣੇ ਮਾਣਮੱਤੇ ਭਾਰਤੀ ਸੱਭਿਆਚਾਰ ਦਾ ਝੰਡਾ ਲਹਿਰਾਇਆ ਹੈ ਸਗੋਂ ਆਪਣੇ ਦੇਸ਼ ਦਾ ਵੱਕਾਰ ਬਣਾਉਣ ਦੇ ਨਾਲ-ਨਾਲ ਅਣਗਿਣਤ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਹਨ।
ਇਨ੍ਹਾਂ ਦੇਸ਼ਾਂ ’ਚ ਰਹਿਣ ਵਾਲੇ ਭਾਰਤਵੰਸ਼ੀ ਉੱਥੋਂ ਦੇ ਆਰਥਿਕ-ਸਮਾਜਿਕ-ਸੱਭਿਆਚਾਰਕ ਅਤੇ ਸਿਆਸੀ ਖੇਤਰਾਂ ’ਚ ਆਪਣੀ ਹਿੱਸੇਦਾਰੀ ਸਿੱਧ ਕਰਨ ਦੇ ਨਾਲ-ਨਾਲ, ਉੱਥੋਂ ਵਿਦੇਸ਼ੀ ਮੁਦਰਾ ਦੇ ਰੂਪ ’ਚ ਵੱਡੀਆਂ ਰਕਮਾਂ ਭੇਜ ਕੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਕੇ ਇਸ ਦੇ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਦੇਣ ਦੇ ਇਲਾਵਾ ਵਤਨ ’ਚ ਬੈਠੇ ਆਪਣੇ ਰਿਸ਼ਤੇਦਾਰਾਂ ਦੀ ਆਰਥਿਕ ਸਹਾਇਤਾ ਵੀ ਕਰ ਰਹੇ ਹਨ।
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੇ ਅਨੁਸਾਰ ਭਾਰਤਵੰਸ਼ੀਆਂ ਵੱਲੋਂ ਵਿੱਤੀ ਸਾਲ 2021 ’ਚ ਭਾਰਤ ਭੇਜੀ 89.4 ਅਰਬ ਡਾਲਰ ਰਕਮ ਦੀ ਤੁਲਨਾ ’ਚ 2022 ਦੇ ਦੌਰਾਨ 12 ਫੀਸਦੀ ਵਧ ਕੇ ਲਗਭਗ 100 ਅਰਬ ਡਾਲਰ ਦੇ ਨੇੜੇ-ਤੇੜੇ ਪਹੁੰਚ ਗਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ‘‘ਲੋਕਾਂ ਨੇ ਸੋਚਿਆ ਸੀ ਕਿ ਮਹਾਮਾਰੀ ਦੇ ਪ੍ਰਕੋਪ ਦੇ ਕਾਰਨ ਭਾਰਤ ਪਰਤੇ ਪੇਸ਼ੇਵਰ ਸ਼ਾਇਦ ਦੁਬਾਰਾ ਵਿਦੇਸ਼ ਨਹੀਂ ਜਾਣਗੇ ਪਰ ਉਹ ਪਹਿਲਾਂ ਦੀ ਤੁਲਨਾ ’ਚ ਵੱਧ ਗਿਣਤੀ ’ਚ ਰੋਜ਼ਗਾਰ ਲਈ ਵਿਦੇਸ਼ ਗਏ ਤੇ ਵੱਧ ਰਕਮ ਦੇਸ਼ ’ਚ ਭੇਜੀ।’’
ਹਾਲਾਂਕਿ ਰੋਜ਼ਗਾਰ ਦੇ ਕਾਰਨ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਆਦਿ ਤੋਂ ਦੂਰ ਰਹਿਣਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਆਪਣੇ ਦੇਸ਼ ਨੂੰ ਭੁੱਲੇ ਨਹੀਂ, ਜਿਸ ਦੇ ਲਈ ਉਹ ਸ਼ਲਾਘਾ ਦੇ ਪਾਤਰ ਹਨ। ਆਸ ਹੈ ਕਿ ਭਵਿੱਖ ’ਚ ਇਸ ਰਕਮ ’ਚ ਹੋਰ ਵਾਧਾ ਹੋਵੇਗਾ ਜਿਸ ਨਾਲ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਮਜ਼ਬੂਤ ਹੋਵੇਗਾ ਅਤੇ ਵਿਕਾਸ ’ਚ ਤੇਜ਼ੀ ਆਉਣ ਨਾਲ ਲੋਕਾਂ ’ਚ ਖੁਸ਼ਹਾਲੀ ਆਵੇਗੀ।
–ਵਿਜੇ ਕੁਮਾਰ