...ਅਤੇ ਹੁਣ ਨਿਤਿਨ ਗਡਕਰੀ ਨੇ ਕਿਹਾ : ‘ਗਰੀਬ ਲੋਕਾਂ ਦਾ ਅਮੀਰ ਦੇਸ਼ ਹੈ ਭਾਰਤ!’
Saturday, Oct 01, 2022 - 04:21 AM (IST)
ਅਸੀਂ 17 ਸਤੰਬਰ ਨੂੰ ਪ੍ਰਕਾਸ਼ਿਤ ਸੰਪਾਦਕੀ ‘ਜਿਸਕਾ ਕਾਮ ਉਸੀ ਕੋ ਸਾਜੈ’ ’ਚ ਲਿਖਿਆ ਸੀ, ‘‘ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਭਾਜਪਾ ਦੇ ਸਪੱਸ਼ਟਵਾਦੀ ਨੇਤਾਵਾਂ ’ਚੋਂ ਇਕ ਹਨ, ਜੋ ਆਪਣੇ ਕੰਮ ਦਾ ਪ੍ਰਚਾਰ ਕਰਨ ਦੀ ਬਜਾਏ ਚੁੱਪਚਾਪ ਕੰਮ ਕਰਨ ’ਚ ਯਕੀਨ ਰੱਖਦੇ ਹਨ।’’ ਸ਼੍ਰੀ ਨਿਤਿਨ ਗਡਕਰੀ ਨੇ ਆਪਣੇ ਸਪੱਸ਼ਟਪੁਣੇ ਕਾਰਨ ਹੀ ਵਿਰੋਧੀ ਧੜੇ ’ਚ ਵੀ ਆਪਣੇ ਪ੍ਰਸ਼ੰਸਕ ਬਣਾਏ ਹਨ ਅਤੇ ਲਗਾਤਾਰ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਉਨ੍ਹਾਂ ਦੀਆਂ ਤਰੁੱਟੀਆਂ ਦੇ ਬਾਰੇ ’ਚ ਸੁਚੇਤ ਕਰਦੇ ਅਤੇ ਨਸੀਹਤਾਂ ਦਿੰਦੇ ਰਹਿੰਦੇ ਹਨ।
ਬੀਤੀ 23 ਅਗਸਤ ਨੂੰ ਉਨ੍ਹਾਂ ਨੇ ਕਿਹਾ ਸੀ ਕਿ, ‘‘ਸਰਕਾਰ ਸਮੇਂ ’ਤੇ ਫੈਸਲਾ ਨਹੀਂ ਲੈਂਦੀ, ਜੋ ਇਕ ਵੱਡੀ ਸਮੱਸਿਆ ਹੈ। ਦੇਸ਼ ਦੇ ਮੁੱਢਲੇ ਢਾਂਚਾ ਖੇਤਰ ਦਾ ਭਵਿੱਖ ਸੁਨਹਿਰਾ ਹੈ। ਇੱਥੇ ਸੰਭਾਵਨਾ ਤੇ ਸਮਰੱਥਾ ਮੌਜੂਦ ਹੈ। ਜੇਕਰ ਅਸੀਂ ਸਮੇਂ ’ਤੇ ਫੈਸਲਾ ਲੈਂਦੇ ਹੋਏ ਚੰਗੀ ਤਕਨੀਕ ਅਤੇ ਨਵੇਂ ਸੁਧਾਰਾਂ ਨੂੰ ਪ੍ਰਵਾਨ ਕਰੀਏ ਤਾਂ ਚਮਤਕਾਰ ਕਰ ਸਕਦੇ ਹਾਂ।’’ ਅਤੇ ਹੁਣ 29 ਸਤੰਬਰ ਨੂੰ ਸ਼੍ਰੀ ਨਿਤਿਨ ਗਡਕਰੀ ਨੇ ਨਾਗਪੁਰ ’ਚ ‘ਭਾਰਤ ਵਿਕਾਸ ਪ੍ਰੀਸ਼ਦ’ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਇਕ ਵਾਰ ਫਿਰ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹੋਏ ਭਾਰਤ ਨੂੰ ਗਰੀਬ ਲੋਕਾਂ ਦਾ ਅਮੀਰ ਦੇਸ਼ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ, ‘‘ਭਾਰਤ ਦੇ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਅਤੇ ਇਕ ਖੁਸ਼ਹਾਲ ਦੇਸ਼ ਹੋਣ ਦੇ ਬਾਵਜੂਦ ਇਸ ਦੀ ਆਬਾਦੀ ਗਰੀਬੀ, ਭੁੱਖਮਰੀ, ਬੇਰੋਜ਼ਗਾਰੀ, ਜਾਤੀਵਾਦ, ਛੂਤਛਾਤ ਅਤੇ ਮਹਿੰਗਾਈ ਦਾ ਸਾਹਮਣਾ ਕਰ ਰਹੀ ਹੈ, ਜੋ ਸਮਾਜ ਦੀ ਤਰੱਕੀ ਦੇ ਲਈ ਠੀਕ ਨਹੀਂ ਹੈ।’’ ‘‘ਦੇਸ਼ ਦੇ ਅੰਦਰ ਅਮੀਰ ਅਤੇ ਗਰੀਬ ਦੇ ਦਰਮਿਆਨ ਦਾ ਪਾੜਾ ਡੂੰਘਾ ਹੋ ਰਿਹਾ ਹੈ, ਜਿਸ ਨੂੰ ਪੂਰਨ ਅਤੇ ਸਮਾਜ ਦੇ ਦਰਮਿਆਨ ਸਮਾਜਿਕ ਅਤੇ ਆਰਥਿਕ ਬਰਾਬਰੀ ਪੈਦਾ ਕਰਨ ਦੀ ਲੋੜ ਹੈ। ਸਮਾਜ ਦੇ ਇਨ੍ਹਾਂ ਦੋ ਹਿੱਸਿਆਂ ਦਰਮਿਆਨ ਫਾਸਲਾ ਵਧਣ ਨਾਲ ਆਰਥਿਕ ਭਿਆਨਕਤਾ ਵੀ ਸਮਾਜਿਕ ਨਾਬਰਾਬਰੀ ਦੇ ਵਾਂਗ ਵਧੀ ਹੈ।’’
ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ’ਚ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸ਼੍ਰੀ ਗਡਕਰੀ ਦੇ ਹੋਰਨਾਂ ਬਿਆਨਾਂ ਵਾਂਗ ਹੀ ਉਨ੍ਹਾਂ ਦੇ ਉਕਤ ਬਿਆਨ ਵੀ ਉਨ੍ਹਾਂ ਦੇ ਸਪੱਸ਼ਟਪੁਣੇ ਅਤੇ ਵਿਚਾਰਕ ਈਮਾਨਦਾਰੀ ਦਾ ਮੂੰਹ ਬੋਲਦਾ ਸਬੂਤ ਹਨ, ਜਿਸ ਦੇ ਲਈ ਉਹ ਧੰਨਵਾਦ ਦੇ ਪਾਤਰ ਹਨ।
-ਵਿਜੇ ਕੁਮਾਰ