ਅਰਬਾਂ ਦੇ ਕਾਰੋਬਾਰ ਦਾ ਕੇਂਦਰ ਦਾਲ ਬਾਜ਼ਾਰ (ਲੁਧਿਆਣਾ) ਖਸਤਾ ਹਾਲਤ ''ਚ

11/26/2015 9:08:19 AM

ਪੰਜਾਬ ਦਾ ਉਦਯੋਗਿਕ ਸ਼ਹਿਰ ਲੁਧਿਆਣਾ ਭਾਰਤ ਦੇ 15 ਸਭ ਤੋਂ ਵੱਡੇ ਸ਼ਹਿਰਾਂ ''ਚੋਂ ਇਕ ਹੈ ਤੇ ਪੰਜਾਬ ਦੀ ਆਰਥਿਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇਹ ਸ਼ਹਿਰ ਹੌਜ਼ਰੀ, ਸਿਲਾਈ ਮਸ਼ੀਨਾਂ ਤੇ ਸਾਈਕਲ ਉਦਯੋਗ ਦਾ ਦੇਸ਼ ''ਚ ਸਭ ਤੋਂ ਵੱਡਾ ਕੇਂਦਰ ਹੈ, ਜਿਥੇ ਦੇਸ਼ ਭਰ ਤੋਂ ਹੀ ਨਹੀਂ ਸਗੋਂ ਦੁਨੀਆ ਭਰ ਤੋਂ ਵਪਾਰੀ ਸਾਮਾਨ ਖਰੀਦਣ ਆਉਂਦੇ ਹਨ, ਜਿਸ ਨਾਲ ਦੇਸ਼ ਨੂੰ ਵਡਮੁੱਲੀ ਵਿਦੇਸ਼ੀ ਕਰੰਸੀ ਪ੍ਰਾਪਤ ਹੁੰਦੀ ਹੈ। ਉੱਤਰੀ ਭਾਰਤ ਦੇ ਇਸ ਪ੍ਰਮੁੱਖ ਉਦਯੋਗਿਕ ਕੇਂਦਰ ਨੂੰ ਬੀ. ਬੀ. ਸੀ. ਨੇ ''ਭਾਰਤ ਦਾ ਮਾਨਚੈਸਟਰ'' ਨਾਂ ਦਿੱਤਾ ਹੋਇਆ ਹੈ। 2011 ਦੀ ਮਰਦਮਸ਼ੁਮਾਰੀ  ਅਨੁਸਾਰ ਇਸ ਦੀ ਆਬਾਦੀ 16,93,653 ਸੀ, ਜੋ ਫਸਲ ਦੇ ਮੌਸਮ ''ਚ ਉੱਤਰ ਪ੍ਰਦੇਸ਼, ਬਿਹਾਰ, ਓਡਿਸ਼ਾ ਤੇ ਦਿੱਲੀ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਕਾਰਨ ਹੋਰ ਵਧ ਜਾਂਦੀ ਹੈ।
ਲੁਧਿਆਣਾ ਦੇ ਵਪਾਰਕ ਕੇਂਦਰਾਂ ''ਚ ਦਾਲ ਬਾਜ਼ਾਰ ਵੀ ਇਕ ਹੈ। ਮੈਨੂੰ ਹੁਣੇ-ਹੁਣੇ 2-3 ਵਾਰ ਉਥੇ ਜਾਣ ਦਾ ਮੌਕਾ ਮਿਲਿਆ। ਪਹਿਲੀ ਵਾਰ ਮੈਂ ਉਥੇ ਆਰੀਆ ਸਮਾਜ ਦੇ ਸਥਾਪਨਾ ਦਿਵਸ ਸੰਬੰਧੀ ਇਕ ਸਮਾਗਮ ''ਚ ਹਿੱਸਾ ਲੈਣ ਗਿਆ ਤੇ 2 ਵਾਰ ਨੇਪਾਲ ਦੇ ਭੂਚਾਲ ਪੀੜਤਾਂ  ਲਈ ਰਾਹਤ ਰਕਮ ਲੈਣ।
ਇਕ-ਦੂਜੀ ਨਾਲ ਲੱਗਦੀਆਂ ਦੁਕਾਨਾਂ ਵਾਲਾ ਦਾਲ ਬਾਜ਼ਾਰ ਹੌਜ਼ਰੀ ਦੇ ਸਾਮਾਨ ਦੇ ਕਾਰੋਬਾਰ ਦੇ ਮੁੱਖ ਕੇਂਦਰਾਂ ''ਚੋਂ ਇਕ ਹੈ, ਜਿਥੇ ਹਰ ਰੋਜ਼ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। ਇਥੇ ਹੌਜ਼ਰੀ ਦੇ ਸਾਮਾਨ ਦੀਆਂ 525 ਦੇ ਲੱਗਭਗ ਦੁਕਾਨਾਂ ਹਨ, ਜਿਨ੍ਹਾਂ ਦੀ ਆਧੁਨਿਕਤਾ ਤੇ ਵਿਸ਼ਾਲਤਾ ਦੇਖਦਿਆਂ ਹੀ ਬਣਦੀ ਹੈ।
ਤੰਗ ਹੋਣ ਕਾਰਨ ਇਹ ਬਾਜ਼ਾਰ ਕੰਮ ਵਾਲੇ ਦਿਨਾਂ ''ਚ ਆਉਣ-ਜਾਣ ਵਾਲਿਆਂ ਦੀ ਭੀੜ ਨਾਲ ਭਰਿਆ ਰਹਿੰਦਾ ਹੈ। ਇਸੇ ਲਈ ਇਥੇ ਕਦੀ-ਕਦੀ ਜਾਮ ਵੀ ਲੱਗ ਜਾਂਦਾ ਹੈ, ਜਿਸ ''ਚ ਫਸ ਕੇ ਲੋਕਾਂ ਤੇ ਇਥੇ ਆਉਣ ਵਾਲੇ ਵਪਾਰੀਆਂ ਦੀਆਂ ਜੇਬਾਂ ਕੱਟ ਹੋ ਚੁੱਕੀਆਂ ਹਨ।
ਗਲੀਆਂ ਦੇ ਤੰਗ ਹੋਣ ਕਾਰਨ ਹੀ ਬਾਜ਼ਾਰ ''ਚ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਨਹੀਂ ਪਹੁੰਚ ਸਕਦੀਆਂ, ਇਸ ਕਾਰਨ ਇਥੇ ਹੋਏ ਕਈ ਅਗਨੀਕਾਂਡਾਂ ''ਚ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਸਾਮਾਨ ਨਸ਼ਟ ਵੀ ਹੋ ਚੁੱਕਾ ਹੈ।
ਇਕ ਬਹੁਤ ਵੱਡਾ ਵਪਾਰਕ ਕੇਂਦਰ ਹੋਣ ਦੇ ਬਾਵਜੂਦ ਇਥੇ ਸਫਾਈ ਦਾ ਜ਼ਰਾ ਵੀ ਪ੍ਰਬੰਧ ਨਹੀਂ ਹੈ। ਸੜਕਾਂ ਟੁੱਟੀਆਂ ਹੋਣ ਕਾਰਨ ਇਥੇ ਡਿਗ ਕੇ ਕਈ ਲੋਕ ਸੱਟਾਂ ਲੁਆ ਚੁੱਕੇ ਹਨ। ਇਥੇ ਨੌਜਵਾਨਾਂ ਨੂੰ ਵੀ ਪੈਦਲ ਚੱਲਣ ''ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ''ਚ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਇਥੋਂ ਲੰਘਣ ''ਚ ਕਿੰਨੀ ਪ੍ਰੇਸ਼ਾਨੀ ਹੁੰਦੀ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇਹੋ ਨਹੀਂ, ਇਸ ਬਾਜ਼ਾਰ ''ਚ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਦੇ ਨਾਲ-ਨਾਲ ਇਥੇ ਆਉਣ ਵਾਲੇ ਖਰੀਦਦਾਰਾਂ ਅਤੇ ਇਥੋਂ ਲੰਘਣ ਵਾਲੇ ਹੋਰਨਾਂ ਲੋਕਾਂ ਨੂੰ ਇਕ ਬਹੁਤ ਵੱਡੇ ਸੁਰੱਖਿਆ ਸੰਬੰਧੀ ਖਤਰੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਥੋਂ ਦੀਆਂ ਇਮਾਰਤਾਂ ਦੀਆਂ ਛੱਤਾਂ ਉੱਪਰ ਬਹੁਤ ਨੇੜਿਓਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਜਿਨ੍ਹਾਂ ਦਾ ਇਥੇ ਇਮਾਰਤਾਂ ''ਤੇ ਜਾਲ ਜਿਹਾ ਬਣਿਆ ਹੋਇਆ ਹੈ। ਕੁਝ ਤਾਰਾਂ ਪੁਰਾਣੀਆਂ ਤੇ ਖਸਤਾਹਾਲ ਵੀ ਹੋ ਚੁੱਕੀਆਂ ਹਨ ਅਤੇ ਕਿਤੇ-ਕਿਤੇ ਇਮਾਰਤਾਂ ਦੇ ਉੱਪਰ ਲਟਕ ਵੀ ਰਹੀਆਂ ਹਨ, ਜਿਸ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਬਾਜ਼ਾਰ ਦੀ ਦੁਰਦਸ਼ਾ ਦੇ ਸੰਬੰਧ ''ਚ ਜਿੰਨੇ ਵੀ ਲੋਕਾਂ ਨਾਲ ਮੇਰੀ ਗੱਲ ਹੋਈ, ਸਾਰੇ ਇਥੋਂ ਦੇ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਦੀ ਅਣਦੇਖੀ ਤੋਂ ਦੁਖੀ ਤੇ ਉਨ੍ਹਾਂ ਨੂੰ ਨਿੰਦਦੇ ਹੋਏ ਹੀ ਨਜ਼ਰ ਆਏ।
ਲੁਧਿਆਣਾ ਸ਼ਹਿਰ ਦੇ ਮੇਅਰ ਹਰਚਰਨ ਸਿੰਘ ਕਾਫੀ ਸੂਝਵਾਨ ਤੇ ਮਿਹਨਤੀ ਸੱਜਣ ਹਨ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਅਤੇ ਉਨ੍ਹਾਂ ਦੇ ਵਿਭਾਗ ਦੇ ਕਰਮਚਾਰੀ ਕਦੀ ਇਸ ਪਾਸੇ ਆਏ ਹੀ ਨਹੀਂ ਜਾਂ ਫਿਰ ਉਨ੍ਹਾਂ ਦਾ ਧਿਆਨ ਇਸ ਬਾਜ਼ਾਰ ''ਚ ਫੈਲੀ ਗੰਦਗੀ, ਟੁੱਟੀਆਂ ਸੜਕਾਂ ਤੇ ਹੋਰ ਸਮੱਸਿਆਵਾਂ ਵੱਲ ਨਹੀਂ ਗਿਆ ਅਤੇ 2 ਕੌਂਸਲਰਾਂ ''ਚ ਵੰਡਿਆ ਹੋਣ ਕਰਕੇ ਕੋਈ ਵੀ ਕੌਂਸਲਰ ਇਸ ਇਲਾਕੇ ਵੱਲ ਧਿਆਨ ਨਹੀਂ ਦਿੰਦਾ।
ਠੀਕ ਇਹੋ ਗੱਲ ਮੈਂ ਇਥੋਂ ਦੇ ਬਿਜਲੀ ਵਿਭਾਗ ਦੇ ਸੰਬੰਧਤ ਅਧਿਕਾਰੀਆਂ ਬਾਰੇ ਵੀ ਕਹਿਣਾ ਚਾਹਾਂਗਾ, ਜਿਨ੍ਹਾਂ ਨੇ ਇਸ ਇਲਾਕੇ ''ਚ ਸੁਰੱਖਿਆ ਸੰਬੰਧੀ ਇਕ ਬਹੁਤ ਵੱਡੀ ਸਮੱਸਿਆ ਵਲੋਂ ਅੱਖਾਂ ਮੀਚੀਆਂ ਹੋਈਆਂ ਹਨ।
ਇਹੋ ਨਹੀਂ, ਇਸ ਇਲਾਕੇ ''ਚ 6 ਮੰਦਰ ਵੀ ਹਨ, ਜਿਥੇ ਵੱਡੀ ਗਿਣਤੀ ''ਚ ਸ਼ਰਧਾਲੂ ਆਉਂਦੇ ਹਨ। ਇਸ ਬਾਜ਼ਾਰ ਦੀ ਮਹੱਤਤਾ ਅਤੇ ਇਸ ਦੀ ਖਸਤਾ ਹਾਲਤ ਨੂੰ ਦੇਖਦਿਆਂ ਮੈਂ ਪੰਜਾਬ ਸਰਕਾਰ, ਇਲਾਕੇ ਦੇ ਸੰਸਦ ਮੈਂਬਰ, ਹੋਰ ਜਨ-ਪ੍ਰਤੀਨਿਧੀਆਂ, ਬਿਜਲੀ ਵਿਭਾਗ ਦੇ ਅਧਿਕਾਰੀਆਂ ਆਦਿ ਨੂੰ ਅਪੀਲ ਕਰਾਂਗਾ ਕਿ ਉਹ ਇਸ ਬਾਜ਼ਾਰ ਦੀ ਸਾਰ ਲੈਣ ਅਤੇ ਇਸ ਦੀ ਹਾਲਤ ਸੁਧਾਰਨ ਦੀ ਦਿਸ਼ਾ ''ਚ ਕਦਮ ਚੁੱਕਣ ਤਾਂ ਕਿ ਅਰਬਾਂ ਰੁਪਏ ਦੇ ਕਾਰੋਬਾਰ ਤੇ ਕਰੋੜਾਂ ਰੁਪਏ ਟੈਕਸ ਦੇ ਰੂਪ ''ਚ ਸਰਕਾਰ ਨੂੰ ਦੇਣ ਵਾਲੇ ਇਸ ਬਾਜ਼ਾਰ ਦੇ ਵਪਾਰੀਆਂ ਅਤੇ ਇਥੇ ਆਉਣ ਵਾਲਿਆਂ ਨੂੰ ਸੁਰੱਖਿਅਤ ਤੇ ਸਹੂਲਤਮਈ ਮਾਹੌਲ ਮਿਲੇ, ਜਿਸ ਨਾਲ ਇਥੋਂ ਦਾ ਕਾਰੋਬਾਰ ਸੁਚੱਜੇ ਢੰਗ ਨਾਲ ਚੱਲੇ।        
—ਵਿਜੇ ਕੁਮਾਰ


Related News