ਦਿੱਲੀ ਮੈਟਰੋ ’ਚ ਲਗਾਤਾਰ ਵਧ ਰਹੀਆਂ ‘ਯਾਤਰੀਆਂ ਦੀਆਂ ਅਸ਼ਲੀਲ ਹਰਕਤਾਂ’
Friday, May 12, 2023 - 03:31 AM (IST)

ਰਾਜਧਾਨੀ ਦਿੱਲੀ ’ਚ ਮੈਟਰੋ ਸੇਵਾ 24 ਦਸੰਬਰ, 2002 ਨੂੰ ਸ਼ੁਰੂ ਹੋਈ ਸੀ ਅਤੇ ਹਾਲ ਹੀ ਦੇ ਸਾਲਾਂ ’ਚ ਇਸ ’ਚ ਕੁਝ ਲੋਕਾਂ ਵੱਲੋਂ ਅਸ਼ਲੀਲ ਹਰਕਤਾਂ ਅਤੇ ਔਰਤਾਂ ਨਾਲ ਛੇੜਖਾਨੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਸਾਲ 2021 ਦੇ ਮੁਕਾਬਲੇ ਸਾਲ 2022 ’ਚ ਮੈਟਰੋ ਅੰਦਰ ਅਸ਼ਲੀਲ ਹਰਕਤਾਂ ਅਤੇ ਔਰਤਾਂ ਨਾਲ ਭੈੜੇ ਵਤੀਰੇ ਦੀਆਂ ਘਟਨਾਵਾਂ ’ਚ 80 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਸਾਲ 2023 ’ਚ ਵੀ ਇਹ ਬੁਰਾਈ ਜਾਰੀ ਹੈ।
* 15 ਅਪ੍ਰੈਲ ਨੂੰ ਦਿੱਲੀ ਮੈਟਰੋ ਅੰਦਰ ਇਕ ਔਰਤ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
* 28 ਅਪ੍ਰੈਲ ਨੂੰ ਦਿੱਲੀ ਮੈਟਰੋ ਦੇ ਇਕ ਵਾਇਰਲ ਵੀਡੀਓ ’ਚ ਇਕ ਯਾਤਰੀ ਸੀਟ ’ਤੇ ਬੈਠ ਕੇ ਗੰਦੀ ਹਰਕਤ ਕਰਦਾ ਦਿਖਾਈ ਦੇ ਰਿਹਾ ਸੀ।
* ਅਤੇ ਹੁਣ 9 ਮਈ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ 30 ਸੈਕੰਡ ਦੀ ਇਕ ਵੀਡੀਓ ’ਚ ਫਰਸ਼ ’ਤੇ ਇਕ ਲੜਕੀ ਨੂੰ ਗੋਦ ’ਚ ਲਿਟਾ ਕੇ ਇਕ ਲੜਕਾ ਉਸ ਦੇ ਨਾਲ ਨਾ ਸਿਰਫ ਅਸ਼ਲੀਲ ਗੱਲਾਂ ਕਰ ਰਿਹਾ ਹੈ ਸਗੋਂ ਬੇਸ਼ਰਮੀ ਨਾਲ ਉਸ ਦਾ ਚੁੰਮਣ ਲੈਂਦਾ ਦਿਖਾਈ ਦੇ ਰਿਹਾ ਹੈ। ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ‘‘ਦਿੱਲੀ ਮੈਟਰੋ ਦਾ ਨਾਂ ਬਦਲ ਕੇ ਪੋਰਨ ਹੱਬ ਕਿਉਂ ਨਹੀਂ ਰੱਖ ਦਿੰਦੇ?’’
ਮੈਟਰੋ ’ਚ ਯਾਤਰਾ ਕਰਨ ਵਾਲੇ ਬੱਚਿਆਂ ਅਤੇ ਔਰਤਾਂ ਦੀ ਹਾਜ਼ਰੀ ’ਚ ਇਸ ਤਰ੍ਹਾਂ ਦੀਆਂ ਸ਼ਰਮਨਾਕ ਹਰਕਤਾਂ ਨੂੰ ਕਦੀ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਲਈ ਅਜਿਹਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ ਅਤੇ ਅਧਿਕਾਰੀਆਂ ਨੂੰ ਇਸ ’ਤੇ ਸਖਤੀ ਨਾਲ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਮੈਟਰੋ ਦੀ ਬਦਨਾਮੀ ਨਾ ਹੋਵੇ।
-ਵਿਜੇ ਕੁਮਾਰ