ਕੋਰੋਨਾ ਵਿਰੁੱਧ ਡਟੇ ਸਿਹਤ ਕਰਮਚਾਰੀਆਂ ’ਚ ਵਧ ਰਹੀ ਇਨਫੈਕਸ਼ਨ

4/13/2020 2:00:28 AM

ਮੇਨ ਆਰਟੀਕਲ

ਕੋਰੋਨਾ ਵਾਇਰਸ ਦੀ ਲੜਾਈ ’ਚ ਸਭ ਤੋਂ ਅੱਗੇ ਡਾਕਟਰ ਅਤੇ ਸਿਹਤ ਕਰਮਚਾਰੀ ਖੜ੍ਹੇ ਹਨ, ਜੋ ਇਨਫੈਕਸ਼ਨ ਦੇ ਖਤਰੇ ਦੇ ਦਰਮਿਆਨ ਦਿਨ-ਰਾਤ ਰੋਗੀਆਂ ਦਾ ਇਲਾਜ ਕਰਨ ’ਚ ਡਟੇ ਹਨ। ਦੁਨੀਆ ਭਰ ’ਚ ਕਿੰਨੇ ਹੀ ਸਿਹਤ ਕਰਮਚਾਰੀਆਂ ਦੀ ਜਾਨ ਕੋਰੋਨਾ ਇਨਫੈਕਸ਼ਨ ਨਾਲ ਜਾ ਚੁੱਕੀ ਹੈ, ਫਿਰ ਵੀ ਉਹ ਦਲੇਰੀ ਨਾਲ ਇਸ ਦਾ ਸਾਹਮਣਾ ਕਰ ਰਹੇ ਹਨ। ਿਕੰਨੇ ਹੀ ਡਾਕਟਰ ਕੋਰੋਨਾ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਠੀਕ ਹੁੰਦੇ ਹੀ ਮੁੜ ਤੋਂ ਆਪਣੀ ਡਿਊਟੀ ਜੁਆਇਨ ਕਰ ਕੇ ਮੋਰਚਾ ਸੰਭਾਲ ਰਹੇ ਹਨ। ਇਕ ਪ੍ਰੇਰਨਾਦਾਇਕ ਉਦਾਹਰਣ ਫਰਾਂਸ ਦੀ ਰਾਜਧਾਨੀ ਪੈਰਿਸ ਦੀ ਡਾਕਟਰ ਓਰੇਲੀ ਗੋਊਏਲ ਦੀ ਹੈ। 4 ਅਤੇ 6 ਸਾਲ ਦੇ ਬੱਚਿਆਂ ਦੀ ਇਹ 38 ਸਾਲਾ ਮਾਂ ਕਹਿੰਦੀ ਹੈ, ‘‘ਇਹ ਦੇਖਦੇ ਹੋਏ ਕਿ ਹਸਪਤਾਲਾਂ ਨੂੰ ਕਿੰਨੀ ਮਦਦ ਦੀ ਲੋੜ ਹੈ, ਬੀਮਾਰੀ ਦੇ ਦੌਰਾਨ ਘਰ ’ਚ ਰਹਿਣਾ ਕਾਫੀ ਨਿਰਾਸ਼ਾਜਨਕ ਸੀ। ਸਾਨੂੰ ਅਜਿਹੇ ਹੀ ਪਲਾਂ ਲਈ ਸਿਖਲਾਈ ਦਿੱਤੀ ਜਾਂਦੀ ਹੈ। ਅੱਜ ਦੁਨੀਆ ਨੂੰ ਸਾਡੀ ਲੋੜ ਹੈ।’’ ਭਾਰਤ ’ਚ ਵੀ ਡਾਕਟਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਸਪਤਾਲਾਂ ’ਚ ਸਭ ਤੋਂ ਅੱਗੇ ਮੋਰਚਾ ਸੰਭਾਲ ਰਹੇ ਹਨ। ਹਾਲਾਂਕਿ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਨੂੰ ਲੈ ਕੇ ਪੈਦਾ ਹੋ ਗਈ ਹੈ ਕਿ ਦੇਸ਼ ਭਰ ’ਚ ਕੋਰੋਨਾ ਵਾਇਰਸ ਤੋਂ ਪੀੜਤ ਸਿਹਤ ਕਰਮਚਾਰੀਆਂ ਦੀ ਕੁਲ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਹ ਗਿਣਤੀ 200 ਤੋਂ ਪਾਰ ਹੋ ਚੁੱਕੀ ਹੈ ਅਤੇ ਹੁਣ ਤੱਕ 12 ਤੋਂ ਵੱਧ ਨਿੱਜੀ ਹਸਪਤਾਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪਿਛਲੇ 2 ਹਫਤਿਆਂ ਦੌਰਾਨ ਮੁੰਬਈ ਵਿਚ ਹੀ ਘੱਟੋ-ਘੱਟ 90 ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਏ, ਜਿਨ੍ਹਾਂ ਨੇ ਇਸ ਭਿਆਨਕ ਮਹਾਮਾਰੀ ਨਾਲ ਨਜਿੱਠਣ ਲਈ ਹਸਪਤਾਲਾਂ ਤੋਂ ਲੈ ਕੇ ਸੂਬਾ ਸਰਕਾਰਾਂ ਦੀਆਂ ਤਿਆਰੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੋਰੋਨਾ ਵਾਇਰਸ ਕਾਰਣ ਹੀ ਮੁੰਬਈ ’ਚ 1500 ਬੈੱਡਾਂ ਵਾਲੇ 8 ਨਿੱਜੀ ਸੁਪਰਸਪੈਸ਼ਲਿਟੀ ਹਸਪਤਾਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਮੁੰਬਈ ’ਚ ਸੀਲ ਕੀਤੇ ਗਏ ਹਸਪਤਾਲਾਂ ਅਤੇ ਕਲੀਨਿਕਾਂ ਦੀ ਸੂਚੀ ’ਚ ਸੈਫੀ, ਜਸਲੋਕ, ਬ੍ਰੀਚ ਕੈਂਡੀ ਅਤੇ ਵਾਕਹਾਰਟ ਵਰਗੇ ਪ੍ਰਮੁੱਖ ਮੈਡੀਕਲ ਸੈਂਟਰ ਸ਼ਾਮਲ ਹਨ। ਸ਼ੁੱਕਰਵਾਰ ਨੂੰ ਇਕ ਹੋਰ ਹਸਪਤਾਲ ਦਾਦਰ ਸਥਿਤ ਸੁਸ਼ਰੂਸ਼ਾ ਹਸਪਤਾਲ ਨੂੰ ਇਸ ਦੀਆਂ 2 ਨਰਸਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ। 50 ਡਾਕਟਰਾਂ ਸਮੇਤ ਡਾਕਟਰੀ ਸਟਾਫ ਤੋਂ ਇਲਾਵਾ ਇਨ੍ਹਾਂ ਹਸਪਤਾਲਾਂ ’ਚ ਹੋਰ 200 ਸਿਹਤ ਕਰਮਚਾਰੀਆਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਹੋਰ ਰੋਗੀਆਂ ਦੀ ਸੁਰੱਖਿਆ ਲਈ ਹਸਪਤਾਲ ਨੂੰ 14 ਦਿਨਾਂ ਲਈ ਬੰਦ ਰੱਖਣਾ ਜ਼ਰੂਰੀ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀ ਮਹਾਮਾਰੀ ਦੌਰਾਨ 14 ਦਿਨਾਂ ਲਈ ਹਸਪਤਾਲ ਨੂੰ ਸੀਲ ਕਰਨਾ ਚੰਗਾ ਵਿਚਾਰ ਨਹੀਂ ਹੈ। ‘ਇੰਡੀਅਨ ਐਸੋਸੀਏਸ਼ਨ ਆਫ ਗੈਸਟ੍ਰੋ-ਇੰਟੇਸਟਾਈਨਲ ਐਂਡੋ-ਸਰਜਨਜ਼’ ਦੇ ਪ੍ਰਧਾਨ ਡਾ. ਰਾਮੇਨ ਗੋਇਲ ਅਨੁਸਾਰ ਇਨਫੈਕਟਿਡ ਕਰਮਚਾਰੀਆਂ ਨੂੰ ਵੱਖ ਕਰਨ ਲਈ ਇਕ ਵਿਸ਼ੇਸ਼ ਯੋਜਨਾ ਅਤੇ 14 ਦਿਨਾਂ ਜਾਂ ਉਸ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਦੀ ਬਜਾਏ 24-48 ਘੰਟਿਆਂ ਦੌਰਾਨ ਹਸਪਤਾਲਾਂ ਨੂੰ ਖੋਲ੍ਹਣ ਲਈ ਕੰਪਲੈਕਸ ਦੀ ਸਫਾਈ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ।

ਰਾਜਸਥਾਨ ’ਚ ਇਸ ਖਤਰਨਾਕ ਵਾਇਰਸ ਤੋਂ ਪੀੜਤ ਸਿਹਤ ਕਰਮਚਾਰੀਆਂ ਦੀ ਕੁਲ ਗਿਣਤੀ ਵਧ ਕੇ ਲੱਗਭਗ 50 ਹੋ ਗਈ ਹੈ, ਜਿਨ੍ਹਾਂ ’ਚੋਂ ਕੁਝ ਠੀਕ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਭੀਲਵਾੜਾ ਦੇ ਇਕ ਨਿੱਜੀ ਹਸਪਤਾਲ ’ਚ 3 ਡਾਕਟਰਾਂ ਅਤੇ 14 ਹੈਲਥ ਕੇਅਰ ਸਟਾਫ ਦੇ ਪਾਜ਼ੇਟਿਵ ਪਾਏ ਜਾਣ ’ਤੇ ਉਸ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹਰਿਆਣਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਵਰਗੇ ਹੋਰ ਸੂਬਿਆਂ ’ਚ ਵੀ ਸਿਹਤ ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲੇ ਹਨ ਅਤੇ ਸੈਨੇਟਾਈਜ਼ੇਸ਼ਨ ਦੇ ਲਈ ਹਸਪਤਾਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼ ਸਮੇਤ ਲੱਗਭਗ ਸਾਰੇ ਸੂਬਿਆਂ ’ਚ ਸਿਹਤ ਕਰਮਚਾਰੀ ਸੰਘਾਂ ਨੇ ਅਣਉਚਿਤ ਮਾਸਕ, ਦਸਤਾਨੇ ਅਤੇ ਨਿੱਜੀ ਸੁਰੱਖਿਆ ਯੰਤਰਾਂ (ਪੀ. ਪੀ. ਈ.) ਦੀ ਸ਼ਿਕਾਇਤ ਕੀਤੀ ਹੈ। ਇਸ ਸਮੇਂ ਸਿਹਤ ਕਰਮਚਾਰੀਆਂ ਦੇ ਲਈ ਇਹ ਚੀਜ਼ਾਂ ਜੀਵਨ ਰੱਖਿਅਕ ਹਨ ਪਰ ਅਜੇ ਤਕ ਇਨ੍ਹਾਂ ਦੀ ਪੂਰੀ ਉਪਲੱਬਧਤਾ ਯਕੀਨੀ ਨਾ ਕਰਵਾ ਸਕਣ ਕਾਰਣ ਸੂਬਾ ਸਰਕਾਰਾਂ ਦੀ ਘੋਰ ਲਾਪਰਵਾਹੀ ਦਾ ਪਤਾ ਲੱਗਦਾ ਹੈ। ਇਕ ਨਵੇਂ ਅਧਿਅੈਨ ਦੇ ਅਨੁਸਾਰ ਵਾਇਰਸ ਪੀੜਤ ਭਾਵ ਰੋਗੀ ਤੋਂ 13 ਫੁੱਟ ਦੂਰ ਤਕ ਫੈਲ ਸਕਦਾ ਹੈ, ਜੋ ਸਰਕਾਰ ਦੇ ਸੋਸ਼ਲ ਡਿਸਟੈਂਸਿੰਗ ਨਿਯਮਾਂ ਨਾਲੋਂ ਲੱਗਭਗ ਦੁੱਗਣੀ ਦੂਰੀ ਹੈ। ਚੀਨੀ ਵਿਗਿਆਨੀਆਂ ਨੇ ਇੰਟੈਂਸਿਵ ਕੇਅਰ ਯੂਨਿਟ ਅਤੇ ਜਨਰਲ ਕੋਵਿਡ-19 ਵਾਰਡ ਦੋਵਾਂ ਤੋਂ ਜ਼ਮੀਨੀ ਅਤੇ ਹਵਾ ਦੇ ਸੈਂਪਲਾਂ ਦੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਤਰਲ ਤੱਤ ਫੈਲਾਉਣ ਵਾਲੇ, ਬਹੁਤ ਹੀ ਛੋਟੇ ਕਣ ਕਈ ਘੰਟਿਆਂ ਤਕ ਹਵਾ ’ਚ ਮੌਜੂਦ ਰਹਿੰਦੇ ਹਨ ਅਤੇ ਜਦੋਂ ਉਹ ਕੂੜੇ ਦੇ ਡੱਬਿਆਂ, ਬਿਸਤਰ, ਰੇਲਿੰਗ, ਦਰਵਾਜ਼ਿਆਂ ਦੀਆਂ ਕੁੰਡੀਆਂ, ਕਰਮਚਾਰੀਆਂ ਦੇ ਬੂਟਾਂ ’ਤੇ ਜਾ ਟਿਕਦੇ ਹਨ ਤਾਂ ਉਹ ਉੱਥੇ ਵੀ ਘੰਟਿਆਂ ਤਕ ਰਹਿੰਦੇ ਹਨ। ਤਾਂ ਡਾਕਟਰਾਂ ਨੂੰ ਪੀ. ਪੀ. ਈ. ਅਤੇ ਮਾਸਕ ਮੁਹੱਈਆ ਕਰਵਾਉਣ ਦੇ ਲਈ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਹਨ? ਅਸੀਂ ਸੁਣ ਰਹੇ ਹਾਂ ਕਿ ਇਹ ਬਣਾਏ ਜਾ ਰਹੇ ਹਨ ਪਰ ਕਦੋਂ ਇਹ ਡਾਕਟਰਾਂ ਅਤੇ ਸਟਾਫ ਨੂੰ ਦਿੱਤੇ ਜਾਣਗੇ? ਇਹ ਤਾਂ ਅਜਿਹਾ ਹੈ, ਜਿਵੇਂ ਉਨ੍ਹਾਂ ਨੂੰ ਬਿਨਾਂ ਬੰਦੂਕਾਂ ਦੇ ਲੜਨ ਨੂੰ ਕਿਹਾ ਜਾ ਰਿਹਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਤ੍ਰਿਪੁਰਾ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੀਆਂ ਕੁਝ ਨਰਸਾਂ ਵਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਸਕ ਅਤੇ ਹੋਰ ਸੁਰੱਖਿਆ ਯੰਤਰਾਂ ਦੀ ਕਮੀ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਜ਼ਰੂਰੀ ਸੇਵਾਵਾਂ ਨੂੰ ਬਣਾਏ ਰੱਖਣ ਦਾ ਕਾਨੂੰਨ (ਅੈਸਮਾ) ਲਾਗੂ ਕਰ ਦਿੱਤਾ। ਇਸ ਦੇ ਅਧੀਨ ਕਰਮਚਾਰੀਆਂ ਵਲੋਂ ਕੰਮ ਕਰਨ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਂ ਜਿਵੇਂ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਚਿਤਾਵਨੀ ਦਿੱਤੀ ਕਿ ‘‘ਉਨ੍ਹਾਂ ਨਰਸਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੇ ਮਾਸਕ ਅਤੇ ਹੋਰ ਸੁਰੱਖਿਆ ਯੰਤਰਾਂ ਦੀ ਕਮੀ ਬਾਰੇ ਮੀਡੀਆ ਨੂੰ ਸ਼ਿਕਾਇਤ ਕੀਤੀ ਹੈ।’’

ਮੱਧ ਪ੍ਰਦੇਸ਼ ਤੋਂ ਬਾਅਦ ਅਜਿਹਾ ਕਰਨ ਵਾਲਾ ਤ੍ਰਿਪੁਰਾ ਦੂਸਰਾ ਸੂਬਾ ਹੈ। ਅਸੀਂ ਸਾਰੇ ਡਾਕਟਰਾਂ ਨੂੰ ਆਪਣੀਆਂ ਗੱਡੀਆਂ ’ਚ ਸੌਂਦੇ ਹੋਏ ਦੇਖਿਆ ਹੈ ਤਾਂ ਕਿ ਉਹ ਘਰ ਨਾ ਜਾ ਕੇ ਆਪਣੇ ਪਰਿਵਾਰ ਨੂੰ ਇਨਫੈਕਸ਼ਨ ਤੋਂ ਬਚਾ ਸਕਣ। ਹੁਣ ਕੁਝ ਹਸਪਤਾਲਾਂ ਦੇ ਡਾਕਟਰਾਂ ਨੂੰ ਕਮਰੇ ਮੁਹੱਈਆ ਕਰਵਾ ਦਿੱਤੇ ਗਏ ਹਨ ਪਰ ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੇ ਰਹਿਣ ਅਤੇ ਖਾਣੇ ਤਕ ਦਾ ਢੁੱਕਵਾਂ ਪ੍ਰਬੰਧ ਨਹੀਂ ਹੈ। ਕਈ ਹਫਤਿਆਂ ਦੀ ਮੰਗ ਤੋਂ ਬਾਅਦ ਆਖਿਰ ਉਨ੍ਹਾਂ ਨੂੰ ਵੀ ਵੱਖਰੀ ਰਿਹਾਇਸ਼ ਮੁਹੱਈਆ ਕਰਵਾ ਦਿੱਤੀ ਗਈ ਹੈ। ਹੁਣ 72 ਕਮਰਿਆਂ ’ਚ 144 ਨਰਸਾਂ ਰਹਿ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਫਿਲਹਾਲ ਇਕ-ਇਕ ਕਮਰੇ ’ਚ ਦੋ-ਦੋ ਨਰਸਾਂ ਨੂੰ ਠਹਿਰਨਾ ਹੋਵੇਗਾ। ਹਾਲਾਂਕਿ ਉਨ੍ਹਾਂ ਨੂੰ ਹੋਰ 160 ਕਮਰਿਆਂ ਦੀ ਜਲਦ ਵਿਵਸਥਾ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦਰਮਿਆਨ ਮਾਸਕ, ਦਸਤਾਨੇ, ਪੀ. ਪੀ. ਈ. ਕਿੱਟ ਵਰਗੀਆਂ ਮੁੱਢਲੀਆਂ ਚੀਜ਼ਾਂ ਦੀ ਘਾਟ ਤੋਂ ਲੈ ਕੇ ਸਿਹਤ ਕਰਮਚਾਰੀਆਂ ਦੀ ਰਿਹਾਇਸ਼ ਸਬੰਧੀ ਹਫਤਿਆਂ ਪਹਿਲਾਂ ਪੂਰੀਆਂ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਅਜੇ ਵੀ ਅਧੂਰੀਆਂ ਰਹਿਣੀਆਂ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਕ ਹੋਰ ਚਿੰਤਾਜਨਕ ਗੱਲ ਇਹ ਹੈ ਕਿ ਆਮ ਸਫਾਈ ਕਰਨ ਦੇ ਨਾਲ-ਨਾਲ ਜ਼ਹਿਰੀਲੇ ਮੈਡੀਕਲ ਕਚਰੇ ਨੂੰ ਚੁੱਕਣ ਵਾਲੇ ਵਧੇਰੇ ਕਰਮਚਾਰੀ ਆਪਣੀ ਜਾਨ ਨੂੰ ਜੋਖਿਮ ’ਚ ਪਾ ਕੇ ਬਿਨਾਂ ਸੁਰੱਖਿਆ ਕਵਚਾਂ ਦੇ ਹੀ ਇਹ ਕੰਮ ਕਰ ਰਹੇ ਹਨ, ਜੋ ਬਹੁਤ ਖਤਰਨਾਕ ਹੈ। ਇਸ ਲਈ ਸਰਕਾਰਾਂ ਨੂੰ ਇਨ੍ਹਾਂ ਨੂੰ ਸੁਰੱਖਿਆ ਯੰਤਰਾਂ ਨਾਲ ਲੈਸ ਕਰਨ ਬਾਰੇ ਤੱਤਕਾਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੇਸ਼ ਲਈ ਇਨ੍ਹਾਂ ਦੀ ਜ਼ਿੰਦਗੀ ਵੀ ਓਨੀ ਹੀ ਅਨਮੋਲ ਹੈ, ਜਿੰਨੀ ਹੋਰਨਾਂ ਦੀ!ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Content Editor Bharat Thapa