ਨਹੀਂ ਰੁਕ ਰਹੀਂਆਂ ਪੈਟਰੋਲ ਪੰਪਾਂ ’ਤੇ ‘ਹਮਲਿਆਂ ਅਤੇ ਲੁੱਟ-ਮਾਰ’ ਦੀਆਂ ਘਟਨਾਵਾਂ

Tuesday, Nov 01, 2022 - 11:53 PM (IST)

ਨਹੀਂ ਰੁਕ ਰਹੀਂਆਂ ਪੈਟਰੋਲ ਪੰਪਾਂ ’ਤੇ ‘ਹਮਲਿਆਂ ਅਤੇ ਲੁੱਟ-ਮਾਰ’ ਦੀਆਂ ਘਟਨਾਵਾਂ

ਦੇਸ਼ ਭਰ ’ਚ ਜਿੱਥੇ ਲੁੱਟ-ਮਾਰ, ਜਬਰ-ਜ਼ਨਾਹ ਅਤੇ ਹੋਰ ਅਪਰਾਧ ਜ਼ੋਰਾਂ ’ਤੇ ਹਨ, ਉੱਥੇ ਪੈਟਰੋਲ ਪੰਪ ਵੀ ਹੁਣ ਅਪਰਾਧੀ ਅਨਸਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਪੈਟਰੋਲ ਪੰਪ ਮਾਲਿਕਾਂ ਅਤੇ ਸਟਾਫ ’ਤੇ ਅਕਸਰ ਲੁੱਟ ਦੇ ਇਰਾਦੇ ਨਾਲ ਹਮਲੇ ਹੁੰਦੇ ਰਹਿੰਦੇ ਹਨ। ਇਨ੍ਹਾਂ  ’ਚ ਕਈ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਲੁੱਟ-ਮਾਰ ਕਿੰਨੀ ਵਧ ਚੁੱਕੀ ਹੈ, ਇਹ  ਪਿਛਲੇ  ਲਗਭਗ  3  ਮਹੀਨਿਆਂ  ’ਚ ਹੋਈਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ: 
* 5 ਅਗਸਤ ਨੂੰ ਝਾਂਸੀ ਦੇ ਚਿਰਗਾਂਵ ਥਾਣਾ ਖੇਤਰ ’ਚ ਸਥਿਤ ਪੈਟਰੋਲ ਪੰਪ ’ਤੇ ਆਏ 5 ਬਦਮਾਸ਼ਾਂ ਨੇ ਪਹਿਲਾਂ ਤਾਂ ਬਾਈਕਾਂ ਦੀਆਂ ਟੈਂਕੀਆਂ ਫੁੱਲ ਕਰਵਾਈਆਂ, ਫਿਰ ਸੇਲਜ਼ਮੈਨ ਦਾ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਉਹ ਸੇਲਜ਼ਮੈਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਗਏ। 

* 15 ਅਗਸਤ ਨੂੰ ਕੁਝ ਬਦਮਾਸ਼ ਸੋਨੀਪਤ ਦੀ ਬਹਾਲਗੜ੍ਹ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਸੇਲਜ਼ਮੈਨ ’ਤੇ ਕੁਹਾੜੀ ਨਾਲ ਹਮਲਾ ਕਰਨ ਪਿੱਛੋਂ 2.26 ਲੱਖ ਰੁਪਏ ਨਕਦ, ਮੋਬਾਇਲ ਅਤੇ 4 ਡੈਬਿਟ ਕਾਰਡ ਲੁੱਟ ਕੇ ਲੈ ਗਏ। 

* 23 ਅਗਸਤ ਨੂੰ ਕਾਨਪੁਰ ’ਚ 4 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਸ਼ਿਵਲੀ ਸਥਿਤ ਪੈਟਰੋਲ ਪੰਪ ’ਤੇ ਧਾਵਾ ਬੋਲ ਦਿੱਤਾ। ਉਹ ਕੈਬਿਨ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ  ਸੇਲਜ਼ਮੈਨਾਂ ਨੂੰ ਕੁੱਟ ਕੇ ਉਨ੍ਹਾਂ ਕੋਲੋਂ ਰੁਪਏ ਲੁੱਟਣ ਤੋਂ ਇਲਾਵਾ ਉੱਥੇ ਮੌਜੂਦ ਹੋਮਗਾਰਡ ਦਾ ਮੋਬਾਇਲ ਖੋਹ ਕੇ ਤਮੰਚਾ ਲਹਿਰਾਉਂਦੇ ਹੋਏ ਦੌੜ ਗਏ। 

* 24 ਅਗਸਤ ਨੂੰ ਦੋ ਮੋਟਰਸਾਈਕਲ ਸਵਾਰ ਬਦਮਾਸ਼ ਪੁਣੇ ਦੇ ਨਰਹੇ ਇਲਾਕੇ ’ਚ ਸਥਿਤ ਪੈਟਰੋਲ ਪੰਪ ਦੇ ਕੈਬਿਨ ’ਚ ਦਾਖਲ ਹੋ ਕੇ 3 ਮੁਲਾਜ਼ਮਾਂ  ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਕੇ 20,000 ਰੁਪਏ ਲੁੱਟ ਕੇ ਲੈ ਗਏ। 

* 28 ਅਗਸਤ ਨੂੰ ਓਡਿਸ਼ਾ ’ਚ ਸੰਭਲਪੁਰ ਦੇ ‘ਲਕਸ਼ਮੀ ਡੂੰਘਰੀ’ ਵਿਖੇ ਤੜਕੇ 2.30 ਵਜੇ 3 ਬਦਮਾਸ਼ਾਂ ਨੇ ਇਕ ਪੈਟਰੋਲ ਪੰਪ ’ਤੇ ਹਮਲਾ ਕਰ ਕੇ ਮੈਨੇਜਰ ਨੂੰ ਉਸ ਦੇ ਕੈਬਿਨ ’ਚ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ 45,000 ਰੁਪਏ ਤੋਂ ਵੱਧ ਰਕਮ ਲੈ ਉੱਡੇ। 

* 21 ਸਤੰਬਰ ਨੂੰ ਫਤੇਹਾਬਾਦ ਦੇ ਭੂਨਾ ਸ਼ਹਿਰ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ 2  ਨਕਾਬਪੋਸ਼ ਲੁਟੇਰੇ ਪਿਸਤੌਲ ਵਿਖਾ ਕੇ ਪੈਟਰੋਲ ਪੰਪ ਦੇ ਇਕ ਕਰਿੰਦੇ ਕੋਲੋਂ 7 ਮਿੰਟ ’ਚ 3.10 ਲੱਖ ਰੁਪਏ ਲੁੱਟ ਕੇ ਦੌੜ ਗਏ। 

* 21 ਸਤੰਬਰ ਨੂੰ ਹੀ  ਰਾਜਸਥਾਨ ਦੇ ਭਰਤਪੁਰ ’ਚ 2 ਬਦਮਾਸ਼ਾਂ ਨੇ ਇਕ ਪੈਟਰੋਲ ਪੰਪ ਦੇ ਸੇਲਜ਼ਮੈਨ ਕੋਲੋਂ 30,000 ਰੁਪਏ ਲੁੱਟ ਲਏ। 

* 23 ਸਤੰਬਰ ਨੂੰ ਭਰਤਪੁਰ ਦੇ   ਹੀ ਇਕ ਪੈਟਰੋਲ ਪੰਪ ਤੋਂ 1.30 ਲੱਖ ਰੁਪਏ ਦੀ ਲੁੱਟ ਕੀਤੀ ਗਈ। ਉਕਤ ਦੋਹਾਂ ਘਟਨਾਵਾਂ ਸਬੰਧੀ ਪੁਲਸ ਨੇ  2 ਵਿਅਕਤੀਆਂ ਨੂੰ ਅਲੀਪੁਰ ਦੇ ਜੰਗਲਾਂ ’ਚੋਂ ਗ੍ਰਿਫਤਾਰ ਕੀਤਾ। 

* 07 ਅਕਤੂਬਰ ਨੂੰ ਬਿਹਾਰ  ’ਚ ਜਦ-ਯੂ ਦੇ  ਸੂਬਾਈ ਪ੍ਰਧਾਨ ਉਮੇਸ਼ ਕੁਸ਼ਵਾਹਾ ਦੇ ਹਾਜੀਪੁਰ ਸਥਿਤ ਪੈਟਰੋਲ ਪੰਪ ਨੂੰ 3 ਬਾਈਕ ਸਵਾਰ ਬਦਮਾਸ਼ਾਂ ਨੇ ਨਿਸ਼ਾਨਾ ਬਣਾਇਆ ਅਤੇ  ਟੈਂਕੀ  ਫੁੱਲ ਕਰਵਾਉਣ ਪਿੱਛੋਂ ਸਟਾਫ ਕੋਲੋਂ 15,000  ਰੁਪਏ ਲੁੱਟ ਕੇ ਗੋਲੀਆਂ ਚਲਾਉਂਦੇ ਹੋਏ ਦੌੜ ਗਏ। 

* 28 ਅਕਤੂਬਰ ਨੂੰ ਜਲੰਧਰ ’ਚ ਥਾਣਾ ਸਦਰ ਅਧੀਨ ਜੰਡਿਆਲਾ ਸਥਿਤ ਪੈਟਰੋਲ ਪੰਪ  ਦੇ ਮਾਲਕ ਦੇ ਬੇਟੇ ਨੂੰ ਪਿਸਤੌਲ ਦਿਖਾ ਕੇ 2 ਲੁਟੇਰਿਆਂ ਨੇ 16,000 ਰੁਪਏ ਲੁੱਟ ਲਏ। ਪਿੱਛਾ ਕਰਨ ’ਤੇ ਬਾਈਕ ਤੋਂ ਡਿੱਗ ਕੇ  ਇਕ ਬਦਮਾਸ਼ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਣ ਕਾਰਨ ਫੜਿਆ ਗਿਆ ਜਦਕਿ ਉਸ ਦਾ ਸਾਥੀ ਲੁੱਟੀ ਹੋਈ ਨਕਦੀ ਅਤੇ ਪਿਸਤੌਲ ਲੈ ਕੇ ਪੈਦਲ ਹੀ ਫਰਾਰ ਹੋ ਗਿਆ ਜਿਸ ਨੂੰ ਬਾਅਦ ’ਚ ਫੜ ਲਿਆ ਗਿਆ। 

* 30 ਅਕਤੂਬਰ ਨੂੰ ਰਾਜਸਥਾਨ ’ਚ ਜਾਲੌਰ ਸ਼ਹਿਰ ਦੇ ਰਾਮਸਿਨ ਮਾਰਗ ’ਤੇ 3 ਬਦਮਾਸ਼ਾਂ ਨੇ ਇਕ ਪੈਟਰੋਲ ਪੰਪ ਦੇ ਮੈਨੇਜਰ ’ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਅਤੇ ਕਾਰ ’ਚ ਸਵਾਰ ਹੋ ਕੇ  ਫਰਾਰ ਹੋ ਗਏ। 

* ਅਤੇ ਹੁਣ 1 ਨਵੰਬਰ  ਨੂੰ ਰਾਜਸਥਾਨ ’ਚ  ਅਜਮੇਰ ਜ਼ਿਲੇ ਦੇ ਬਯਾਵਰ ਵਿਖੇ 2 ਚੋਰ ਇਕ ਪੈਟਰੋਲ ਪੰਪ ’ਤੇ ਪੈਟਰੋਲ ਭਰਵਾਉਣ ਆਏ ਇਕ ਖੇਤੀਬਾੜੀ ਵਪਾਰੀ ਦੇ ਬੇਟੇ ਦੀ ਬਾਈਕ ’ਚੋਂ 4 ਲੱਖ ਰੁਪਏ ਨਾਲ ਭਰਿਆ ਥੈਲਾ ਚੁੱਕ ਕੇ ਫਰਾਰ ਹੋ ਗਏ। 

ਇਹ  ਸਭ  ਘਟਨਾਵਾਂ  ਲੁਟੇਰਿਆਂ ਦੇ ਵਧ ਰਹੇ ਹੌਸਲਿਆਂ ਦਾ ਸੰਕੇਤ ਦਿੰਦੀਆਂ ਹਨ।  ਆਮ ਤੌਰ ’ਤੇ ਪੈਟਰੋਲ ਪੰਪ ਮੁੱਖ ਮਾਰਗਾਂ ’ਤੇ ਹੀ ਸਥਿਤ ਹੁੰਦੇ ਹਨ, ਜਿੱਥੇ ਆਵਾਜਾਈ ਵੀ ਲੱਗੀ ਰਹਿੰਦੀ ਹੈ। ਇਸ ਲਈ ਉਥੇ ਅਜਿਹੀਆਂ ਘਟਨਾਵਾਂ ਦਾ ਹੋਣਾ ਦਰਸਾਉਂਦਾ ਹੈ ਕਿ ਕਾਨੂੰਨ ਵਿਵਸਥਾ ’ਚ ਕਿਤੇ ਕੁਝ ਕਮੀ ਹੈ।  ਅਜਿਹੀਆਂ ਵਾਰਦਾਤਾਂ ’ਚ ਆਮ ਤੌਰ ’ਤੇ ਅਪਰਾਧੀ ਅਨਸਰ ਜਾਂ ਗਰੀਬ ਬੇਰੋਜ਼ਗਾਰ ਲੋਕ ਸ਼ਾਮਲ ਹੁੰਦੇ ਹਨ। ਇਸ ਲਈ ਪੈਟਰੋਲ ਪੰਪਾਂ ’ਤੇ ਸੁਰੱਖਿਆ ਵਧਾਉਣ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵਧਾਉਣ ਦੀ ਵੀ ਲੋੜ ਹੈ। ਕਿਉਂਕਿ ਆਮ ਤੌਰ ’ਤੇ ਪੈਟਰੋਲ ਪੰਪਾਂ ’ਤੇ ਰਾਤ ਨੂੰ  1 ਜਾਂ 2 ਮੁਲਾਜ਼ਮ ਹੀ ਡਿਊਟੀ ’ਤੇ ਹੁੰਦੇ ਹਨ, ਉਨ੍ਹਾਂ ਦੀ ਸੁਰੱਖਿਆ ਦਾਅ ’ਤੇ ਲੱਗੀ ਰਹਿੰਦੀ ਹੈ। ਇਸ ਲਈ ਪੈਟਰੋਲ ਪੰਪ  ਮਾਲਕਾਂ ਨੂੰ ਅਧਿਕਾਰੀਆਂ  ਨਾਲ ਮਿਲ ਕੇ ਇਸ ਸਮੱਸਿਆ ਤੋਂ ਮੁਕਤੀ ਪਾਉਣ ਦਾ ਉਪਾਅ ਲੱਭਣਾ ਚਾਹੀਦਾ ਹੈ। ਇਸ ਨਾਲ ਜਿੱਥੇ ਪੈਟਰੋਲ ਪੰਪਾਂ ਦੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਹੋਵੇਗੀ ਉੱਥੇ ਪੈਟਰੋਲ ਪੰਪ ਲੁੱਟਣ ਤੋਂ ਵੀ ਬਚ ਸਕਣਗੇ।   

 -ਵਿਜੇ ਕੁਮਾਰ


author

Mandeep Singh

Content Editor

Related News