ਪੈਂਡਿੰਗ ਮੁਕੱਦਮਿਆਂ ਅਤੇ ਸੈਕਸ ਸਬੰਧਾਂ ਨੂੰ ਲੈ ਕੇ ਨਿਆਪਾਲਿਕਾ ਦੇ ਮਹੱਤਵਪੂਰਨ ਸੁਝਾਅ

10/22/2023 2:28:24 AM

ਅਸੀਂ ਲਿਖਦੇ ਰਹਿੰਦੇ ਹਾਂ ਕਿ ਲੋਕਤੰਤਰ ਦਾ ਇਕ ਮਹੱਤਵਪੂਰਨ ਥੰਮ੍ਹ ਹੋਣ ਦੇ ਨਾਤੇ ਨਿਆਪਾਲਿਕਾ ਸਮੇਂ-ਸਮੇਂ ’ਤੇ ਜਨਹਿੱਤ ਨਾਲ ਜੁੜੇ ਮਾਮਲਿਆਂ ’ਤੇ ਮਹੱਤਵਪੂਰਨ ਟਿੱਪਣੀਆਂ ਅਤੇ ਫੈਸਲੇ ਸੁਣਾਉਂਦੀ ਰਹਿੰਦੀ ਹੈ। ਇਸੇ ਸਿਲਸਿਲੇ ’ਚ ਸੁਪਰੀਮ ਕੋਰਟ ਅਤੇ ਕਲਕੱਤਾ ਹਾਈ ਕੋਰਟ ਦੀਆਂ 2 ਮਹੱਤਵਪੂਰਨ ਟਿੱਪਣੀਆਂ ਅਤੇ ਫੈਸਲੇ ਇੱਥੇ ਦਿੱਤੇ ਜਾ ਰਹੇ ਹਨ।

ਪੈਂਡਿੰਗ ਮਾਮਲਿਆਂ ਨੂੰ ਲੈ ਕੇ ਰਾਸ਼ਟਰੀ ਨਿਆਇਕ ਡਾਟਾ ਗ੍ਰਿਡ ਦੇ ਦੇਸ਼ ਪੱਧਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ 20 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਜੱਜਾਂ ਜਸਟਿਸ ਐੱਸ. ਰਵਿੰਦਰ ਭੱਟ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਚਿਤਾਵਨੀ ਦਿੱਤੀ ਹੈ ਕਿ :

‘‘ਕਾਨੂੰਨੀ ਪ੍ਰਕਿਰਿਆ ਦੇ ਕੱਛੂਕੁੰਮੇ ਦੀ ਰਫਤਾਰ ਨਾਲ ਅੱਗੇ ਵਧਣ ਦੀ ਸਥਿਤੀ ’ਚ ਨਿਆਂ ਮੰਗਣ ਵਾਲਿਆਂ ਦਾ ਨਿਆਇਕ ਵਿਵਸਥਾ ਤੋਂ ਭਰੋਸਾ ਉੱਠ ਸਕਦਾ ਹੈ। ਇਸ ਲਈ ਇਸ ਮੁੱਦੇ ਨਾਲ ਨਜਿੱਠਣ ਲਈ ਬਾਰ ਅਤੇ ਬੈਂਚ ਦੇ ਸਾਂਝੇ ਯਤਨਾਂ ਦੀ ਲੋੜ ਹੈ। ਕੁਝ ਮੁਕੱਦਮੇ ਤਾਂ 65 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੈਂਡਿੰਗ ਹਨ।’’

ਇਸ ਦੇ ਨਾਲ ਹੀ ਅਦਾਲਤ ਨੇ ਪੁਰਾਣੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਅਤੇ ਨਿਬੇੜਾ ਯਕੀਨੀ ਬਣਾਉਣ ਲਈ ਕੁਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।

ਇਸੇ ਤਰ੍ਹਾਂ ਔਰਤਾਂ ਵਿਰੁੱਧ ਸੈਕਸ ਅਪਰਾਧਾਂ ਨਾਲ ਜੁੜੇ ਮਾਮਲਿਆਂ ’ਚ ਕਲਕੱਤਾ ਹਾਈ ਕੋਰਟ ਦੇ ਜੱਜਾਂ ਚਿਤਰੰਜਨ ਦਾਸ ਅਤੇ ਪਾਰਥਸਾਰਥੀ ਸੇਨ ’ਤੇ ਆਧਾਰਿਤ ਬੈਂਚ ਨੇ ਇਕ ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਦੋਸ਼ੀ ਠਹਿਰਾਏ ਗਏ ਉਸ ਦੇ ਪ੍ਰੇਮੀ ਨੂੰ ਬਰੀ ਕਰ ਦਿੱਤਾ, ਜਿਸ ਨੂੰ ਹੇਠਲੀ ਅਦਾਲਤ ਨੇ ਪੋਕਸੋ ਕਾਨੂੰਨ ਅਧੀਨ 20 ਸਾਲ ਜੇਲ ਦੀ ਸਜ਼ਾ ਸੁਣਾਈ ਸੀ। ਨੌਜਵਾਨ ਨੇ ਇਸ ਵਿਰੁੱਧ ਕਲਕੱਤਾ ਹਾਈ ਕੋਰਟ ’ਚ ਅਪੀਲ ਕੀਤੀ ਸੀ।

ਇਸ ’ਤੇ ਸੁਣਵਾਈ ਦੌਰਾਨ ਲੜਕੀ ਨੇ ਕਿਹਾ ਕਿ ਦੋਵਾਂ ਦਰਮਿਆਨ ਸਹਿਮਤੀ ਨਾਲ ਸਰੀਰਕ ਸਬੰਧ ਬਣੇ ਸਨ ਪਰ ਭਾਰਤ ’ਚ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣ ਦੀ ਉਮਰ 18 ਸਾਲ ਹੋਣ ਕਾਰਨ ਉਨ੍ਹਾਂ ਦੇ ਮਾਮਲੇ ’ਚ ਇਹ ਅਪਰਾਧ ਮੰਨਿਆ ਗਿਆ।

ਮਾਣਯੋਗ ਜੱਜਾਂ ਨੇ ਅਜਿਹੇ ਮਾਮਲਿਆਂ ’ਚ ਪੋਕਸੋ ਦੀ ਵਰਤੋਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ 16 ਸਾਲ ਤੋਂ ਵੱਧ ਉਮਰ ਦੇ ਅੱਲ੍ਹੜਾਂ ਦਰਮਿਆਨ ਸਹਿਮਤੀ ਨਾਲ ਕਾਇਮ ਸੈਕਸ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਹਟਾਉਣ ਦਾ ਸੁਝਾਅ ਦਿੰਦੇ ਹੋਏ ਲੜਕੀਆਂ ਅਤੇ ਲੜਕਿਆਂ ਤੋਂ ਇਲਾਵਾ ਸਮਾਜ ਲਈ ਕੁਝ ਸੁਝਾਅ ਵੀ ਦਿੱਤੇ ਅਤੇ ਕਿਹਾ :

‘‘ਅੱਲ੍ਹੜ ਲੜਕੀਆਂ ਨੂੰ 2 ਮਿੰਟ ਦੇ ਆਨੰਦ ਦੇ ਚੱਕਰ ’ਚ ਪੈਣ ਦੀ ਬਜਾਏ ਆਪਣੀਆਂ ਸੈਕਸ ਇੱਛਾਵਾਂ ’ਤੇ ਕੰਟ੍ਰੋਲ ਰੱਖਣਾ ਚਾਹੀਦਾ ਹੈ ਕਿਉਂਕਿ ਮੁਸ਼ਕਲ ਨਾਲ 2 ਮਿੰਟ ਦਾ ਸੁੱਖ ਪਾ ਕੇ ਲੜਕੀਆਂ ਸਮਾਜ ਦੀਆਂ ਨਜ਼ਰਾਂ ’ਚ ਡਿੱਗ ਜਾਂਦੀਆਂ ਹਨ। ਅੱਲ੍ਹੜ ਲੜਕਿਆਂ ਨੂੰ ਵੀ ਮੁਟਿਆਰਾਂ ਤੇ ਔਰਤਾਂ ਅਤੇ ਉਨ੍ਹਾਂ ਦੀ ਇੱਜ਼ਤ ਅਤੇ ਸਰੀਰਕ ਖੁਦਮੁਖਤਾਰੀ ਦਾ ਸਨਮਾਨ ਕਰਨਾ ਚਾਹੀਦਾ ਹੈ।’’

‘‘ਇਹ ਨੌਜਵਾਨ ਲੜਕੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਰੀਰ ਦੀ ਅਖੰਡਤਾ ਦੇ ਅਧਿਕਾਰ, ਆਪਣੀ ਇੱਜ਼ਤ ਅਤੇ ਆਪਣੇ ਆਤਮ ਸਨਮਾਨ ਦੀ ਰੱਖਿਆ ਕਰਨ। ਆਪਣੇ ਸਮੁੱਚੇ ਵਿਕਾਸ ਦਾ ਯਤਨ ਕਰਨ ਅਤੇ ਸੈਕਸ ਵੇਗ ’ਤੇ ਕੰਟ੍ਰੋਲ ਰੱਖਣ।’’

‘‘ਲੜਕਿਆਂ ਦੇ ਮਾਮਲੇ ’ਚ ਉਨ੍ਹਾਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਸੇ ਔਰਤ ਦਾ ਸਨਮਾਨ, ਉਸ ਦੀ ਇੱਜ਼ਤ ਅਤੇ ਉਸ ਦੇ ਸਰੀਰ ਦੀ ਅਖੰਡਤਾ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਜਾਵੇ ਅਤੇ ਸੈਕਸ ਇੱਛਾ ਤੋਂ ਉਤੇਜਿਤ ਹੋਏ ਬਿਨਾਂ ਔਰਤ ਨਾਲ ਦੋਸਤੀ ਕਿਵੇਂ ਕੀਤੀ ਜਾ ਸਕਦੀ ਹੈ, ਭਾਵੇਂ ਹੀ ਦੂਜੇ ਪਾਸਿਓਂ ਪਹਿਲ ਕੀਤੀ ਜਾ ਰਹੀ ਹੋਵੇ।’’

ਉਨ੍ਹਾਂ ਨੇ ਸਕੂਲਾਂ ’ਚ ਸੈਕਸ ਸਿੱਖਿਆ, ਸਿਹਤ ਅਤੇ ਸਰੀਰਕ ਸਵੱਛਤਾ ਨੂੰ ਸਿਲੇਬਸ ਦਾ ਹਿੱਸਾ ਬਣਾਉਣ ’ਤੇ ਵੀ ਜ਼ੋਰ ਿਦੱਤਾ ਅਤੇ ਕਾਮੁਕਤਾ ਨਾਲ ਜੁੜੇ ਮੁੱਦਿਆਂ ਬਾਰੇ ਅੱਲ੍ਹੜਾਂ ਨੂੰ ਮਾਰਗਦਰਸ਼ਨ ਅਤੇ ਸਿੱਖਿਅਤ ਕਰਨ ਦੇ ਮਹੱਤਵ ’ਤੇ ਵੀ ਜ਼ੋਰ ਦਿੰਦੇ ਹੋਏ ਕਿਹਾ :

‘‘ਬੱਚਿਆਂ, ਖਾਸ ਕਰ ਕੇ ਲੜਕੀਆਂ ਨੂੰ ਬੁਰੀ ਛੋਹ, ਬੁਰੇ ਸੰਕੇਤ, ਬੁਰੀ ਸੰਗਤ ਨੂੰ ਪਛਾਣਨ ਲਈ ਮਾਤਾ-ਪਿਤਾ ਦਾ ਮਾਰਗਦਰਸ਼ਨ ਅਤੇ ਸਿੱਖਿਆ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਾਨੂੰਨ ਵੱਲੋਂ ਪ੍ਰਵਾਨਤ ਉਮਰ ਤੋਂ ਪਹਿਲਾਂ ਸੈਕਸ ਸਬੰਧ ਬਣਾਉਣ ਨਾਲ ਉਨ੍ਹਾਂ ’ਤੇ ਕਿਹੜੇ ਉਲਟ ਅਸਰ ਪੈ ਸਕਦੇ ਹਨ।’’

‘‘ਬੱਚਿਆਂ ਵਾਲੇ ਘਰ ’ਚ ਅਜਿਹਾ ਅਨੁਕੂਲ ਮਾਹੌਲ ਹੋਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਇਹ ਮੰਨ ਕੇ ਵੱਡਾ ਨਾ ਹੋਵੇ ਕਿ ਔਰਤਾਂ ਨਾਲ ਬੁਰਾ ਵਤੀਰਾ ਕਰਨਾ ਆਮ ਗੱਲ ਹੈ।’’

ਅਦਾਲਤਾਂ ’ਚ ਪੈਂਡਿੰਗ ਮੁਕੱਦਮਿਆਂ ਅਤੇ ਸੈਕਸ ਅਪਰਾਧਾਂ ਦੇ ਸਬੰਧ ’ਚ ਉਕਤ ਦੋਵੇਂ ਹੀ ਟਿੱਪਣੀਆਂ ਤੋਂ ਸਪੱਸ਼ਟ ਹੈ ਕਿ ਨਿਆਪਾਲਿਕਾ ਜਨਹਿੱਤ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕਿਸ ਤਰ੍ਹਾਂ ਜਾਗਰੂਕ ਅਤੇ ਚੌਕਸ ਹੈ। ਇਨ੍ਹਾਂ ’ਤੇ ਸਬੰਧਤ ਧਿਰਾਂ ਨੂੰ ਵਿਚਾਰ ਅਤੇ ਅਮਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ।

- ਵਿਜੇ ਕੁਮਾਰ


Anmol Tagra

Content Editor

Related News