ਤੇਜ਼ੀ ਨਾਲ ਫੈਲ ਰਿਹਾ ਦੇਸ਼ ’ਚ ਨਾਜਾਇਜ਼ ਨਸ਼ੇ ਦਾ ਕਾਰੋਬਾਰ
Sunday, Mar 21, 2021 - 02:45 AM (IST)

ਪਿਛਲੇ ਕੁਝ ਸਮੇਂ ਦੇ ਦੌਰਾਨ ਕਈ ਦਰਦ ਨਿਵਾਰਕ ਅਤੇ ਮਾਨਸਿਕ ਤਣਾਅ ਤੇ ਚਿੰਤਾ ਦੂਰ ਕਰਨ ਵਾਲੀਆਂ ਹੋਰਨਾਂ ਦਵਾਈਆਂ, ਜਿਨ੍ਹਾਂ ਨੂੰ ਡਾਕਟਰਾਂ ਦੀ ਪਰਚੀ ਦੇ ਬਿਨਾਂ ਨਹੀਂ ਵੇਚਿਆ ਜਾ ਸਕਦਾ, ਨਸ਼ਿਆਂ ਦੇ ਰੂਪ ’ਚ ਵਰਤੇ ਜਾਣ ਦਾ ਰਿਵਾਜ ਵੱਧ ਗਿਆ ਹੈ ਜਿਸ ਨਾਲ ਵੱਡੀ ਗਿਣਤੀ ’ਚ ਨੌਜਵਾਨ ਵਰਗ ਇਸ ਦੀ ਲਪੇਟ ’ਚ ਆ ਕੇ ਮੌਤ ਦੇ ਮੂੰਹ ’ਚ ਜਾ ਰਿਹਾ ਹੈ।
ਇਸੇ ਕਾਰਨ ਇਨ੍ਹਾਂ ਨੂੰ ਐੱਨ. ਡੀ. ਪੀ. ਐੱਸ. ਕਾਨੂੰਨ ’ਚ ਸ਼ਾਮਲ ਕਰ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਇਹ ਧੰਦਾ ਜ਼ੋਰ-ਸ਼ੋਰ ਨਾਲ ਜਾਰੀ ਹੈ ਅਤੇ ਵੱਡੀ ਮਾਤਰਾ ’ਚ ਮੈਡੀਕਲ ਨਸ਼ਾ ਫੜਿਆ ਵੀ ਜਾ ਰਿਹਾ ਹੈ ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 19 ਦਸੰਬਰ, 2020 ਨੂੰ ਦਿੱਲੀ ਦੇ ਨਸ਼ਾ ਕੰਟਰੋਲ ਬਿਊਰੋ ਅਤੇ ਆਗਰਾ ਦੇ ਔਸ਼ਧੀ ਵਿਭਾਗ ਨੇ ਬਲਕੇਸ਼ਵਰ ’ਚ ਅੰਤਰਰਾਜੀ ਨਸ਼ਾ ਸਮੱਗਲਰ ਦੇ ਗੋਦਾਮ ’ਤੇ ਛਾਪਾ ਮਾਰ ਕੇ 5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਅਤੇ ਗਰਭਪਾਤ ਕਿੱਟ ਬਰਾਮਦ ਕੀਤੇ।
* 22 ਦਸੰਬਰ ਨੂੰ ਦਿੱਲੀ ਦੇ ਮੁਬਾਰਕ ਮਹਿਲ ਫਵਾਰਾ, ਕਮਲਾਨਗਰ ਇਲਾਕਿਆਂ ’ਚੋਂ ਫੜੇ ਗਏ ਨਸ਼ੇ ਦੀਆਂ ਦਵਾਈਆਂ ਦੇ ਅੰਤਰਰਾਜੀ ਗਿਰੋਹ ਦੇ 4 ਮੈਂਬਰਾਂ ਕੋਲੋਂ ਡੇਢ ਕਰੋੜ ਰੁਪਏ ਦੇ ਨਸ਼ੇ ਦੀਆਂ ਦਵਾਈਆਂ, ਇੰਜੈਕਸ਼ਨ ਅਤੇ ਸਰਕਾਰੀ ਦਵਾਈਆਂ ਜ਼ਬਤ ਕੀਤੀਆਂ ਗਈਆਂ।
* 23 ਜਨਵਰੀ, 2021 ਨੂੰ ਉੱਤਰ ਪ੍ਰਦੇਸ਼ ’ਚ ਨਿਊ ਆਗਰਾ ਦੇ ਨੇੜੇ ਇਕ ਸਿੱਖਿਆ ਸੰਸਥਾਨ ਦੀਆਂ ਲੜਕੀਆਂ ਦੇ ਬਾਥਰੂਮ ’ਚੋਂ ਲਗਭਗ 10 ਲੱਖ ਰੁਪਏ ਤੋਂ ਵੱਧ ਦੀਆਂ ਅਜਿਹੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਜੋ ਮੁੱਖ ਤੌਰ ’ਤੇ ਡਾਇਲਸਿਸ ਦੇ ਕੰਮ ਆਉਂਦੀਆਂ ਹਨ।
* 8 ਫਰਵਰੀ ਨੂੰ ਮਥੁਰਾ ਅਤੇ ਆਗਰਾ ’ਚ ਨਕਲੀ ਦਵਾਈਆਂ ਦੀ ਸਪਲਾਈ ਕਰਨ ਵਾਲੀ ਫਰਮ ਅਤੇ ਨਾਜਾਇਜ਼ ਫੈਕਟਰੀ ਫੜੀ ਗਈ ਜਿੱਥੇ ਨਕਲੀ ਅਤੇ ਐਕਸਪਾਇਰਡ ਦਵਾਈਆਂ ਦੀ ਰੀਪੈਕਿੰਗ ਹੋ ਰਹੀ ਸੀ।
* 23 ਫਰਵਰੀ ਨੂੰ ਮੁੰਬਈ ਪੁਲਸ ਨੇ ਕੁਰਲਾ ਦੀ ਇਕ ਕੋਰੀਅਰ ਕੰਪਨੀ ’ਚ ਛਾਪਾ ਮਾਰ ਕੇ ਦਿੱਲੀ ਤੋਂ ਭੇਜੀਆਂ ਗਈਆਂ 4824 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦੇ ਬਾਅਦ ਦਿੱਲੀ ’ਚ ਇਕ ਫਲੈਟ ’ਤੇ ਛਾਪਾ ਮਾਰ ਕੇ ਮੁਹੰਮਦ ਅਨਾਸ ਨਾਂ ਦੇ ਨਸ਼ੀਲੀਆਂ ਦਵਾਈਆਂ ਦੇ ਵਪਾਰੀ ਨੂੰ ਗ੍ਰਿਫਤਾਰ ਕੀਤਾ।
* 23 ਫਰਵਰੀ ਨੂੰ ਹੀ ਉੱਤਰੀ ਦਿੱਲੀ ਸਥਿਤ ਬੁਰਾੜੀ ਤੋਂ ਟ੍ਰਾਮਾਡੋਲ ਅਤੇ ਅਲਪਰਾਜ਼ੋਲਮ ਦੀਆਂ 5535 ਨਸ਼ੀਲੀਆਂ ਗੋਲੀਆਂ ਦੇ ਇਲਾਵਾ 100 ਨਸ਼ੀਲੇ ਟੀਕੇ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।
* 10 ਮਾਰਚ ਨੂੰ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ ’ਚ ਇਕ ਨਾਜਾਇਜ਼ ਕਲੀਨਿਕ ’ਚ ਛਾਪਾ ਮਾਰ ਕੇ ਉੱਥੋਂ 50,000 ਦੀਆਂ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ।
* 18 ਮਾਰਚ ਨੂੰ ਲੁਧਿਆਣਾ ਪੁਲਸ ਨੇ ਮੇਰਠ ਸਥਿਤ ‘ਪਰਕ ਫਾਰਮਾਸਿਊਟੀਕਲ ਕੰਪਨੀ’ ’ਚ ਛਾਪਾ ਮਾਰ ਕੇ 54 ਕਰੋੜ ਮੁੱਲ ਦੀਆਂ 67 ਲੱਖ ਨਸ਼ੀਲੀਆਂ ਗੋਲੀਆਂ, ਕੈਪਸੂਲ, ਇੰਜੈਕਸ਼ਨ ਅਤੇ ਸਿਰਪ ਬਰਾਮਦ ਕਰਨ ਦੇ ਇਲਾਵਾ 5.44 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕਰ ਕੇ ਨਸ਼ੇ ਦੇ 4 ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ।
ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਅਨੁਸਾਰ ਇਸ ਤੋਂ ਪਹਿਲਾਂ 1 ਮਾਰਚ ਨੂੰ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਰੇਡ ਕਰ ਕੇ ਸਾਬਕਾ ਭਾਜਪਾ ਕੌਂਸਲਰ ਸਤੀਸ਼ ਨਾਗਰ ਦੇ ਮਕਾਨ ’ਚੋਂ 1.29 ਲੱਖ ਰੁਪਏ ਮੁੱਲ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮੁੱਖ ਮੁਲਜ਼ਮ ਅਨੂਪ ਸ਼ਰਮਾ ਆਦਿ ਦੇ ਵਿਰੁੱਧ ਕੇਸ ਦਰਜ ਕੀਤਾ।
ਇਸ ਦੇ ਬਾਅਦ ਅਨੂਪ ਸ਼ਰਮਾ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਲੁਧਿਆਣਾ ’ਚ ਕਈ ਥਾਵਾਂ ’ਤੇ ਛਾਪਾ ਮਾਰ ਕੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਲੁਧਿਆਣਾ ਪੁਲਸ ਨੇ ਮੇਰਠ ’ਚ ਨਾਜਾਇਜ਼ ਸਿੰਥੈਟਿਕ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਉਕਤ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
* 20 ਮਾਰਚ ਨੂੰ ਬਰੇਲੀ ਦੇ ਫਰੀਦਪੁਰ ’ਚ ਇਕ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਨਸ਼ੇ ਦੀਆਂ ਦਵਾਈਆਂ ਅਤੇ ਆਕਸੀਟੋਕਸੀਨ ਦੇ ਇੰਜੈਕਸ਼ਨ ਬਰਾਮਦ ਕੀਤੇ ਗਏ। ਇਨ੍ਹਾਂ ’ਚ 15 ਵਾਇਲ ਆਕਸੀਟੋਕਸੀਨ, ਟ੍ਰਾਮਾਡੋਲ ਦੇ ਸੈਂਕੜੇ ਕੈਪਸੂਲ, ਅਲਪਰਾਜ਼ੋਲਮ ਅਤੇ ਕੋਡੀਨ ਸਿਰਪ ਦੀਆਂ ਸ਼ੀਸ਼ੀਆਂ ਦੇ ਇਲਾਵਾ ਵੱਡੀ ਗਿਣਤੀ ’ਚ ਨਸ਼ੇ ਦੀਆਂ ਹੋਰ ਪਾਬੰਦੀਸ਼ੁਦਾ ਦਵਾਈਆਂ ਸ਼ਾਮਲ ਹਨ। ਫੈਂਸੇਡਿਲ ਕਫ ਸਿਰਪ ’ਚ ਕੋਡੀਨ ਫਾਸਫੇਟ ਨਾਂ ਦਾ ਪਦਾਰਥ ਹੁੰਦਾ ਹੈ ਜਿਸ ਦੀ ਵਰਤੋਂ ਨਸ਼ੇ ਲਈ ਵੀ ਕੀਤੀ ਜਾਂਦੀ ਹੈ।
ਆਗਰਾ ਦੇ ਦਵਾ ਬਾਜ਼ਾਰ ’ਚ ਮਨੋਰੋਗੀਆਂ ਨੂੰ ਦਿੱਤੀ ਜਾਣ ਵਾਲੀ ਦਰਦ ਨਿਵਾਰਕ ਅਤੇ ਨੀਂਦ ਲਿਆਉਣ ਵਾਲੀਆਂ ਦਵਾਈਆਂ ਦੀ ਸਹੀ ਮਕਸਦ ਲਈ ਵਿਕਰੀ ਤਾਂ ਰੋਜ਼ਾਨਾ ਲਗਭਗ 25 ਲੱਖ ਰੁਪਏ ਦੀ ਹੁੰਦੀ ਹੈ ਜਦਕਿ ਇਸ ਤੋਂ ਲਗਭਗ 3 ਗੁਣਾ ਵੱਧ ਮਾਤਰਾ ’ਚ ਇਹ ਦਵਾਈਆਂ ਨਸ਼ੇ ਦੇ ਤੌਰ ’ਤੇ ਵਰਤਣ ਵਾਲੇ ਖਰੀਦ ਰਹੇ ਹਨ।
ਰਵਾਇਤੀ ਨਸ਼ਿਆਂ ਦੀ ਤੁਲਨਾ ’ਚ ਮੈਡੀਕਲ ਨਸ਼ੇ ਸਸਤੇ ਹੋਣ ਦੇ ਕਾਰਨ ਨਸ਼ੇੜੀ ਇਨ੍ਹਾਂ ਦੀ ਵਰਤੋਂ ਕਰਨ ਲੱਗੇ ਹਨ ਜੋ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ ਕਿਉਂਕਿ ਇਨ੍ਹਾਂ ਦੀ ਵੱਧ ਮਾਤਰਾ ’ਚ ਵਰਤੋਂ ਨਾਲ ਸਾਹ ਸਬੰਧੀ ਸਮੱਸਿਆਵਾਂ, ਡਿਪ੍ਰੈਸ਼ਨ ਅਤੇ ਮੌਤ ਤੱਕ ਹੋ ਸਕਦੀ ਹੈ। ਇਹੀ ਨਹੀਂ, ਨਸ਼ੇ ਦੇ ਟੀਕੇ ਲਗਾਉਣ ਨਾਲ ਖੂਨ ’ਚ ਜਾਨਲੇਵਾ ਇਨਫੈਕਸ਼ਨ ਹੋ ਸਕਦੀ ਹੈ ਜਿਸ ਨਾਲ ਵਿਅਕਤੀ ਹੈਪੇਟਾਈਟਿਸ ਅਤੇ ਏਡਜ਼ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਜਾ ਰਹੇ ਹਨ।
ਇੱਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਸਰਕਾਰ ਵੱਲੋਂ ਵੱਡੀ ਗਿਣਤੀ ’ਚ ਨਿਯੁਕਤ ਡਰੱਗ ਇੰਸਪੈਕਟਰ ਇਸ ਨੂੰ ਪੂਰੀ ਤਰ੍ਹਾਂ ਕਿਉਂ ਨਹੀਂ ਫੜ ਪਾ ਰਹੇ? ਇਸ ਲਈ ਇਸ ਸਬੰਧ ’ਚ ਅਧਿਕਾਰੀਆਂ ਲਈ ਜ਼ਿੰਮੇਵਾਰੀ ਤੈਅ ਕਰ ਕੇ ਉਨ੍ਹਾਂ ਦੇ ਵਿਰੁੱਧ ਅਤੇ ਨਸ਼ੇ ਦੇ ਵਪਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।
-ਵਿਜੇ ਕੁਮਾਰ