‘ਕਸ਼ਮੀਰੀ ਨੌਜਵਾਨ ਪੱਥਰਬਾਜ਼ੀ ਛੱਡਣ’ ‘ਕਾਸ਼ ਮਹਿਬੂਬਾ ਨੇ ਇਹ ਸਲਾਹ ਪਹਿਲਾਂ ਦਿੱਤੀ ਹੁੰਦੀ’

03/02/2021 2:58:18 AM

ਮਹਿਬੂਬਾ ਮੁਫਤੀ ਦੀ ਛੋਟੀ ਭੈਣ ਰੂਬੀਆ ਸਈਦ ਨੂੰ 7 ਦਸੰਬਰ, 1989 ਨੂੰ ‘ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ’ (ਜੇ. ਕੇ. ਐੱਲ.ਐੱਫ.) ਦੇ ਮੈਂਬਰਾਂ ਨੇ ਉਸ ਸਮੇਂ ਅਗਵਾ ਕਰ ਲਿਆ ਸੀ, ਜਦੋਂ ਵੀ. ਪੀ. ਸਿੰਘ ਦੀ ਅਗਵਾਈ ਵਾਲੀ ਸੰਯੁਕਤ ਮੋਰਚਾ ਦੀ ਕੇਂਦਰੀ ਸਰਕਾਰ ’ਚ ਇਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਗ੍ਰਹਿ ਮੰਤਰੀ ਸਨ।

ਅੱਤਵਾਦੀਆਂ ਤੋਂ ਰੂਬੀਆ ਨੂੰ ਛੁਡਵਾਉਣ ਲਈ ਕੇਂਦਰ ਸਰਕਾਰ ਵਲੋਂ 5 ਖਤਰਨਾਕ ਅੱਤਵਾਦੀਆਂ ਨੂੰ ਰਿਹਾਅ ਕਰਨ ਦੀ ਮੰਗ ਮੰਨ ਲੈਣ ਤੋਂ ਬਾਅਦ ਤੋਂ ਹੀ ਘਾਟੀ ’ਚ ਹਾਲਾਤ ਤੇਜ਼ੀ ਨਾਲ ਖਰਾਬ ਹੋਣੇ ਸ਼ੁਰੂ ਹੋਏ।

ਮੁਫਤੀ ਮੁਹੰਮਦ ਸਈਦ ਨੇ 1999 ’ਚ ਮਹਿਬੂਬਾ ਨੂੰ ਨਾਲ ਲੈ ਕੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ’ (ਪੀ. ਡੀ.ਪੀ.) ਦਾ ਗਠਨ ਕੀਤਾ ਅਤੇ ਮਹਿਬੂਬਾ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ 4 ਅਪ੍ਰੈਲ, 2016 ਨੂੰ ਭਾਜਪਾ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ’ਚ ਸਰਕਾਰ ਬਣਾਈ।

ਭਾਜਪਾ ਵਲੋਂ ਪੀ. ਡੀ. ਪੀ. ਤੋਂ ਸਮਰਥਨ ਵਾਪਸ ਲੈਣ ’ਤੇ 19 ਜੂਨ, 2018 ਨੂੰ ਮਹਿਬੂਬਾ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਅਗਲੇ ਸਾਲ 5 ਅਗਸਤ, 2019 ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖਤਮ ਕਰਨ ਤੋਂ ਪਹਿਲਾਂ 4-5 ਅਗਸਤ ਦੀ ਅੱਧੀ ਰਾਤ ਨੂੰ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੂੰ ਉਨ੍ਹਾਂ ਦੇ ਘਰਾਂ ’ਚ ਨਜ਼ਰਬੰਦ ਕਰ ਦਿੱਤਾ।

13 ਅਕਤੂਬਰ, 2020 ਨੂੰ ਆਪਣੀ ਰਿਹਾਈ ਦੇ ਤੁਰੰਤ ਬਾਅਦ ਮਹਿਬੂਬਾ ਨੇ ਧਾਰਾ-370 ਹਟਾਉਣ ਦੇ ਸਰਕਾਰ ਦੇ ਫੈਸਲੇ ਨੂੰ ‘ਕਾਲਾ ਫੈਸਲਾ’ ਦੱਸਿਆ ਅਤੇ 14 ਅਕਤੂਬਰ ਨੂੰ ਆਪਣੇ ਵਿਰੋਧੀ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਅਗਵਾਈ ’ਚ ਜੰਮੂ-ਕਸ਼ਮੀਰ ਦੀ 5 ਅਗਸਤ, 2019 ਤੋਂ ਪਹਿਲਾਂ ਦੀ ਸਥਿਤੀ ਨੂੰ ਬਹਾਲ ਕਰਵਾਉਣ ਲਈ ਗਠਿਤ 6 ਸਿਆਸੀ ਪਾਰਟੀਆਂ ਦੇ ‘ਗੁਪਕਾਰ ਗਠਜੋੜ’ ਵਿਚ ਸ਼ਾਮਲ ਹੋ ਗਈ।

ਆਪਣਾ ਭਾਰਤ ਵਿਰੋਧੀ ਏਜੰਡਾ ਅੱਗੇ ਵਧਾਉਂਦੀ ਆ ਰਹੀ ਮਹਿਬੂਬਾ ਨੇ 23 ਅਕਤੂਬਰ, 2020 ਨੂੰ ਇਕ ਬਿਆਨ ਦਿੰਦੇ ਹੋਏ ਕਹਿ ਦਿੱਤਾ ਕਿ ਉਹ ਸੂਬੇ ’ਚ ਧਾਰਾ-370 ਦੁਬਾਰਾ ਲਾਗੂ ਹੋਣ ਤਕ ਕੋਈ ਦੂਸਰਾ ਝੰਡਾ (ਭਾਰਤ ਦਾ ਤਿਰੰਗਾ) ਨਹੀਂ ਉਠਾਏਗੀ ਅਤੇ ‘‘ਧਾਰਾ 370 ਖਤਮ ਕੀਤੇ ਜਾਣ ਤੋਂ ਪਹਿਲਾਂ ਦਾ ਜੰਮੂ-ਕਸ਼ਮੀਰ ਦਾ ਦਰਜਾ ਬਹਾਲ ਕਰਨ ਦੇ ਲਈ ਅਸੀਂ ਜ਼ਮੀਨ-ਆਸਮਾਨ ਇਕ ਕਰ ਦੇਵਾਂਗੇ।’’

ਮਹਿਬੂਬਾ ਦੇ ਉਕਤ ਬਿਆਨ ਨੂੰ ਲੈ ਕੇ ਜੰਮੂ ਅਤੇ ਹੋਰ ਸਥਾਨਾਂ ’ਤੇ ਮਹਿਬੂਬਾ ਦੇ ਵਿਰੁੱਧ ਪ੍ਰਦਰਸ਼ਨ ਵੀ ਹੋਏ ਅਤੇ ਉਸ ਦੇ ਪੁਤਲੇ ਵੀ ਫੂਕੇ ਗਏ।

ਇਸ ਸਮੇਂ ਜਦਕਿ ਭਾਰਤੀ ਸੁਰੱਖਿਆ ਬਲਾਂ ਵਲੋਂ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਅਤੇ ਹੋਰ ਸਮਾਜ ਵਿਰੋਧੀ ਤੱਤਾਂ ਦੇ ਵਿਰੁੱਧ ਮੁਹਿੰਮ ਜਾਰੀ ਹੈ, ਅਚਾਨਕ ਮਹਿਬੂਬਾ ਮੁਫਤੀ ਨੇ ਇਕ ਹੋਰ ਬਿਆਨ ’ਚ ਘਾਟੀ ਦੇ ਹਥਿਆਰ ਫੜਨ ਵਾਲੇ ਨੌਜਵਾਨਾਂ ਨੂੰ ਕਿਸਾਨਾਂ ਵਰਗਾ ਅੰਦੋਲਨ ਚਲਾਉਣ ਦੀ ਸਲਾਹ ਦਿੱਤੀ ਹੈ :

‘‘ਕਿਸਾਨਾਂ ਦੇ ਹੱਥ ’ਚ ਨਾ ਬੰਦੂਕ ਹੈ ਅਤੇ ਨਾ ਪੱਥਰ, ਫਿਰ ਵੀ ਪੂਰੀ ਦੁਨੀਆ ਉਨ੍ਹਾਂ ਦੇ ਨਾਲ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਗੁਆਚਿਆ ਹੋਇਆ ਸੂਬੇ ਦਾ ਦਰਜਾ ਹਾਸਲ ਕਰਨ ਲਈ ਅਜਿਹੀ ਹੀ ਕੋਸ਼ਿਸ਼ ਅਤੇ ਸੰਘਰਸ਼ ਕਰਨਾ ਚਾਹੀਦਾ ਹੈ।

ਕਸ਼ਮੀਰ ਦੇ ਛੋਟੇ-ਛੋਟੇ ਬੱਚੇ ਬੰਦੂਕਾਂ ਚੁੱਕ ਰਹੇ ਹਨ ਜਦਕਿ ਮੁਕਾਬਲੇ ’ਚ ਮਾਰੇ ਵੀ ਜਾ ਰਹੇ ਹਨ। ਬੰਦੂਕ ਅਤੇ ਪੱਥਰ ਨਾਲ ਕੁਝ ਹਾਸਲ ਹੋਣ ਵਾਲਾ ਨਹੀਂ ਹੈ।’’

ਹੁਣ ਜਦਕਿ ਸੁਰੱਖਿਆ ਬਲ ਜੰਮੂ-ਕਸ਼ਮੀਰ ’ਚ ਪਾਕਿ ਪ੍ਰਾਯੋਜਿਤ ਹਿੰਸਾ ’ਤੇ ਕਾਬੂ ਪਾ ਰਹੇ ਹਨ, ਮਹਿਬੂਬਾ ਨੂੰ ਵੀ ਲੱਗਣ ਲੱਗਾ ਹੈ ਕਿ ਆਪਣੀ ਗਰਮਖਿਆਲੀ ਵਿਚਾਰਾਧਾਰਾ ਨਾਲ ਉਹ ਆਪਣੀ ਸਿਆਸਤ ਅੱਗੇ ਨਹੀਂ ਚਲਾ ਸਕਦੀ। ਇਸ ਲਈ ਉਸ ਨੇ ਨੌਜਵਾਨਾਂ ਨੂੰ ਪੱਥਰਬਾਜ਼ੀ ਛੱਡਣ ਤੇ ਸ਼ਾਂਤੀਪੂਰਨ ਅੰਦੋਲਨ ਚਲਾਉਣ ਦੀ ਸਲਾਹ ਦਿੱਤੀ ਹੈ।

ਕਾਸ਼! ਮਹਿਬੂਬਾ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੁੰਦਾ ਜਦੋਂ ਕਸ਼ਮੀਰ ’ਚ ਪੱਥਰਬਾਜ਼ ਨੌਜਵਾਨ ਵੱਖਵਾਦੀਆਂ ਦੀ ਉਕਸਾਹਟ ’ਚ ਆ ਕੇ ਮਾਮੂਲੀ ਪੈਸਿਆਂ ਦੇ ਬਦਲੇ ’ਚ ਭਾਰਤੀ ਸੁੱਰਖਿਆ ਬਲਾਂ ’ਤੇ ਪੱਥਰਬਾਜ਼ੀ ਕਰਕੇ ਸੂਬੇ ’ਚ ਹਿੰਸਾ ਅਤੇ ਖੂਨਖਰਾਬਾ ਕਰ ਰਹੇ ਸਨ। ਸਾਲ 2016 ਦੇ ਅੰਕੜਿਆਂ ਅਨੁਸਾਰ ਉਸ ਸਾਲ ਘਾਟੀ ’ਚ ਪੱਥਰਬਾਜ਼ੀਆਂ ਦੀ ਘੱਟ ਤੋਂ ਘੱਟ 2600 ਘਟਨਾਵਾਂ ਹੋਈਆਂ ਸਨ।

ਹੁਣ ਮਹਿਬੂਬਾ ਵਲੋਂ ਇਹ ਬਿਆਨ ਦੇਣ ਦਾ ਕਾਰਨ ਪਾਕਿਸਤਾਨ ਅਤੇ ਚੀਨ ਦੇ ਭਾਰਤ ਨਾਲ ਤਣਾਅ ਘਟਾਉਣ ਅਤੇ ਸਬੰਧ ਆਮ ਵਰਗੇ ਕਰਨ ਦੀ ਇੱਛਾ ਪ੍ਰਗਟਾਉਣ ਨਾਲ ਉਸ ਨੂੰ ਵੱਖਵਾਦੀਆਂ ਅਤੇ ਪੱਥਰਬਾਜ਼ਾਂ ਦੇ ਸਮਰਥਨ ਦਾ ਲਾਭ ਨਾ ਮਿਲਦਾ ਦਿਖਾਈ ਦੇਣਾ ਅਤੇ ਆਪਣੀ ਪਾਰਟੀ ਪੀ. ਡੀ.ਪੀ. ’ਚ ਪਈ ਫੁੱਟ ਵੀ ਹੋ ਸਕਦੀ ਹੈ।

ਇਸ ਲਈ ਨਾ ਤਾਂ ਉਸ ਨੂੰ ਪੱਥਰਬਾਜ਼ੀ ਦਾ ਸਮਰਥਨ ਕਰਨਾ ਚਾਹੀਦਾ ਸੀ ਅਤੇ ਨਾ ਹੀ ਸੂਬੇ ਦੇ ਪਹਿਲੇ ਵਾਲੇ ਦਰਜੇ ਦੀ ਬਹਾਲੀ ਦੇ ਲਈ ਆਪਣੇ ਵਿਰੋਧੀ ਫਾਰੂਕ ਅਬਦੁੱਲਾ ਦੇ ‘ਗੁਪਕਾਰ ਗਠਜੋੜ’ ਵਿਚ ਸ਼ਾਮਲ ਹੋਣਾ ਚਾਹੀਦਾ ਸੀ, ਜਿਨ੍ਹਾਂ ਦੀ ਪਰਿਵਾਰਵਾਦ ਦੀ ਸਿਆਸਤ ਨੂੰ ਖਤਮ ਕਰਨ ਦੇ ਲਈ ਮੁਫਤੀ ਮੁਹੰਮਦ ਸਈਦ ਅਤੇ ਉਸ ਨੇ ਮਿਲ ਕੇ ‘ਪੀਪਲਜ਼ ਡੈਮੋਕ੍ਰੇਕਿਟਕ ਪਾਰਟੀ’ ਕਾਇਮ ਕੀਤੀ ਸੀ।

–ਵਿਜੇ ਕੁਮਾਰ


Bharat Thapa

Content Editor

Related News