ਕਿਸਾਨਾਂ ਨੂੰ ‘ਘਟੀਆ ਬੀਜਾਂ ਦੀ ਸਪਲਾਈ’ ਨਾਲ ਹੋ ਰਹੀ ਭਾਰੀ ਹਾਨੀ

03/31/2022 8:07:09 PM

ਉੱਤਮ ਖੇਤੀ ਦੀ ਫਸਲ ਅਤੇ ਚੰਗੀ ਪੈਦਾਵਾਰ ਦੇ ਲਈ ਜਿਥੇ ਖਾਦ ਅਤੇ ਪਾਣੀ ਦੀ ਸਹੀ ਮਾਤਰਾ ਵਿਚ ਵਰਤੋਂ ਅਤੇ ਫਸਲ ਦੀ ਦੇਖ-ਭਾਲ ਜ਼ਰੂਰੀ ਹੈ, ਉਥੇ ਹੀ ਇਸਦੇ ਲਈ ਬੀਜਾਂ ਦੀ ਵਧੀਆ ਕੁਆਲਿਟੀ ਦਾ ਵਧੀਆ ਹੋਣਾ ਵੀ ਓਨਾ ਹੀ ਜ਼ਰੂਰੀ ਹੈ ਪਰ ਬਾਜ਼ਾਰ ਵਿਚ ਘਟੀਆ ਕੁਆਲਿਟੀ ਦੇ ਬੀਜਾਂ ਦੀ ਵਿਕਰੀ ਦੇ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਹਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਘਟੀਆ ਕੁਆਲਿਟੀ ਦੇ ਬੀਜਾਂ ਦੀ ਵਿਕਰੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਣ ਦੇ ਬਾਅਦ ਸਬੰਧਤ ਅਧਿਕਾਰੀਆਂ ਨੇ ਇਸ ਦਿਸ਼ਾ ਵਿਚ ਕਾਰਵਾਈ ਸ਼ੁਰੂ ਕਰ ਰੱਖੀ ਹੈ।

ਇਸੇ ਸਿਲਸਿਲੇ ਵਿਚ ਦੇਸ਼ ਦੀਆਂ ਵੱਖ-ਵੱਖ ਬੀਜ ਪ੍ਰਯੋਗਸ਼ਾਲਾਵਾਂ ਵਿਚੋਂ ਇਕ ਵਾਰਾਨਸੀ ਸਥਿਤ ‘ਸੈਂਟਰਲ ਸੀਡ ਟੈਸਟਿੰਗ ਲੈਬਾਰਟਰੀ’ (ਸੀ. ਐੱਸ. ਟੀ. ਐੱਲ.) ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ਤੋਂ ਵੱਖ-ਵੱਖ ਫਸਲਾਂ ਦੇ ਬੀਜਾਂ ਦੇ ਲਈ ਲਏ ਗਏ ਨਮੂਨਿਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਸੀ। ਲੋਕ ਸਭਾ ਵਿਚ ਪੇਸ਼ ਅੰਕੜਿਆਂ ਅਨੁਸਾਰ ਉਕਤ ਲੈਬਾਰਟਰੀ ਵੱਲੋਂ ਜਾਂਚੇ ਗਏ ਬੀਜਾਂ ਦੇ ਨਮੂਨਿਆਂ ਵਿਚੋਂ ਹਰਿਆਣਾ ਤੋਂ ਲਏ ਗਏ 1443 ਵਿਚੋਂ 985 ਭਾਵ 68.26 ਫੀਸਦੀ ਦੇ ਲਗਭਗ ਬੀਜਾਂ ਦੇ ਨਮੂਨੇ ਪ੍ਰੀਖਣ ਵਿਚ ਫੇਲ ਨਿਕਲੇ।

ਪੰਜਾਬ ਤੋਂ ਗਏ ਲਏ 639 ਵਿਚੋਂ 418 ਭਾਵ ਲਗਭਗ 65.15 ਫੀਸਦੀ ਬੀਜਾਂ ਦੇ ਨਮੂਨੇ ਅਤੇ ਹਿਮਾਚਲ ਤੋਂ ਲਏ ਗਏ 103 ਕਿਸਮ ਦੇ ਬੀਜਾਂ ਦੇ ਨਮੂਨਿਆਂ ਵਿਚੋਂ 54 ਨਮੂਨੇ ਘਟੀਆ ਪਾਏ ਗਏ। ਇਹੀ ਨਹੀਂ, ਇਸੇ ਸਾਲ ਲਾਲ ਪਿਆਜ਼ ਦੀ ਖੇਤੀ ਲਈ ਮਸ਼ਹੂਰ ਰਾਜਸਥਾਨ ਦੇ ਅਲਵਰ ਵਿਚ ਕਿਸਾਨਾਂ ਨੂੰ ਘਟੀਆ ਕੁਆਲਿਟੀ ਦੇ ਬੀਜ ਮੁਹੱਈਆ ਕਰਵਾਏ ਜਾਣ ਦੇ ਕਾਰਨ ਪਿਆਜ਼ ਦੀ ਕੁਆਲਿਟੀ ਹਲਕੀ ਰਹਿ ਗਈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਹਾਨੀ ਹੋਈ। ਕੁਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਸੋਇਆਬੀਨ ਅਤੇ ਕਣਕ ਦੇ ਖਰਾਬ ਬੀਜਾਂ ਦੀ ਸਪਲਾਈ ਕੀਤੇ ਜਾਣ ਦਾ ਦੋਸ਼ ਸੂਬੇ ਦੇ ਖੇਤੀਬਾੜੀ ਵਿਭਾਗ ’ਤੇ ਲੱਗਾ।

ਜਿਥੇ ਬੀਜਾਂ ਦੀ ਘਟੀਆ ਕੁਆਲਿਟੀ ਨਾਲ ਫਸਲ ਦੀ ਪੈਦਾਵਾਰ ’ਤੇ ਅਸਰ ਪੈਂਦਾ ਹੈ, ਉਥੇ ਹੀ ਉਸਦੀ ਕੁਆਲਿਟੀ ਵਿਚ ਗਿਰਾਵਟ ਆਉਣ ਨਾਲ ਉਤਪਾਦਕਾਂ ਨੂੰ ਆਪਣੀ ਫਸਲ ਦੀ ਲਾਭਦਾਇਕ ਅਤੇ ਪੂਰੀ ਕੀਮਤ ਵੀ ਨਹੀਂ ਮਿਲਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਰਹੇ ਹਨ, ਇਸ ਲਈ ਜੇਕਰ ਉਨ੍ਹਾਂ ਨੂੰ ਚੰਗੇ ਬੀਜਾਂ ਦੀ ਸਪਲਾਈ ਯਕੀਨੀ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਦੀ ਇਸ ਇੱਛਾ ਨੂੰ ਪੂਰਾ ਕਰਨ ਵਿਚ ਕਾਫੀ ਮਦਦ ਮਿਲ ਸਕਦੀ ਹੈ।

ਇਸ ਸਮੇਂ ਜਦਕਿ ਕਿਸਾਨ ਪਹਿਲਾਂ ਹੀ ਖਾਦ ਦੀ ਘਾਟ ਸਮੇਤ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਉੱਤਮ ਸ਼੍ਰੇਣੀ ਦੇ ਬੀਜਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਅਤੇ ਘਟੀਆ ਬੀਜਾਂ ਦੇ ਲਈ ਅਧਿਕਾਰੀਆਂ ਅਤੇ ਬੀਜ ਵਿਕ੍ਰੇਤਾਵਾਂ ਦੇ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਲੋੜ ਹੈ।

-ਵਿਜੇ ਕੁਮਾਰ


Anuradha

Content Editor

Related News