ਨੇਤਾਵਾਂ ਦੀ ‘ਬੇਲਗਾਮ ਹੁੰਦੀ ਜ਼ੁਬਾਨ’ ਉੱਤੇ ਰੋਕ ਕਿਵੇਂ ਲੱਗੇ

12/04/2019 1:34:13 AM

ਤ੍ਰਾਸਦੀ ਹੀ ਹੈ ਕਿ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਲੱਗਭਗ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਵਲੋਂ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਇਕ-ਦੂਜੇ ’ਤੇ ਗੈਰ-ਜ਼ਰੂਰੀ ਤੌਰ ’ਤੇ ਚਿੱਕੜ ਉਛਾਲਣ ਅਤੇ ਬਿਨਾਂ ਵਿਚਾਰੇ ਬਿਆਨ ਦੇ ਕੇ ਸਮਾਜ ’ਚ ਕੁੜੱਤਣ ਪੈਦਾ ਕਰਨ ਦਾ ਸਿਲਸਿਲਾ ਰੁਕਿਆ ਨਹੀਂ ਹੈ, ਜਿਸ ਦੀਆਂ ਸਿਰਫ 5 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 27 ਨਵੰਬਰ ਨੂੰ ਲੋਕ ਸਭਾ ਵਿਚ ਇਕ ਬਹਿਸ ਦੌਰਾਨ ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਮਹਾਤਮਾ ਗਾਂਧੀ ਦੇ ਹੱਤਿਆਰੇ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਕਿਹਾ, ਜਿਸ ’ਤੇ ਭਾਰੀ ਹੰਗਾਮਾ ਹੋ ਗਿਆ ਅਤੇ ਉਨ੍ਹਾਂ ਨੂੰ 29 ਨਵੰਬਰ ਨੂੰ ਲੋਕ ਸਭਾ ਵਿਚ ਦੋ ਵਾਰ ਮੁਆਫੀ ਮੰਗਣੀ ਪਈ।

ਪ੍ਰੱਗਿਆ ਦੇ ਉਕਤ ਬਿਆਨ ’ਤੇ ਬਯਾਵਰਾ ਤੋਂ ਕਾਂਗਰਸ ਵਿਧਾਇਕ ਗੋਵਰਧਨ ਦਾਂਗੀ ਨੇ ਉਨ੍ਹਾਂ ਨੂੰ ਸਾੜ ਦੇਣ ਦੀ ਧਮਕੀ ਦੇ ਦਿੱਤੀ, ਜਿਸ ’ਤੇ 31 ਨਵੰਬਰ ਨੂੰ ਪ੍ਰੱਗਿਆ ਨੇ ਕਿਹਾ, ‘‘ਕਾਂਗਰਸੀਆਂ ਨੂੰ ਜ਼ਿੰਦਾ ਸਾੜਨ ਦਾ ਪੁਰਾਣਾ ਤਜਰਬਾ ਹੈ।’’

‘‘1984 ਵਿਚ ਸਿੱਖਾਂ ਨੂੰ ਅਤੇ ਨੈਨਾ ਸਾਹਨੀ ਨੂੰ ਤੰਦੂਰ ਵਿਚ ਸਾੜਨ ਤਕ ਦਾ ਤਜਰਬਾ। ਕਾਂਗਰਸ ਵਿਧਾਇਕ ਗੋਵਰਧਨ ਦਾਂਗੀ ਮੈਨੂੰ ਸਾੜਨਗੇ। ਠੀਕ ਹੈ, ਤਾਂ ਮੈਂ ਆ ਰਹੀ ਹਾਂ ਬਯਾਵਰਾ ਉਨ੍ਹਾਂ ਦੇ ਨਿਵਾਸ ਉੱਤੇ 8 ਦਸੰਬਰ ਸ਼ਾਮ 4 ਵਜੇ। ਸਾੜ ਦੇਣਾ ਮੈਨੂੰ।’’

* 28 ਨਵੰਬਰ ਨੂੰ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ੍ਹ ਨੇ ਅਜੀਬੋ-ਗਰੀਬ ਦੋਸ਼ ਲਾਇਆ ਕਿ ‘‘ਮੁੱਖ ਮੰਤਰੀ ਮਮਤਾ ਬੈਨਰਜੀ (ਤ੍ਰਿਣਮੂਲ ਕਾਂਗਰਸ) ਨੇ ਮੇਰੇ ’ਤੇ ਅਭੱਦਰ ਟਿੱਪਣੀ ਕਰਦੇ ਹੋਏ ਮੈਨੂੰ ‘ਤੂ ਚੀਜ਼ ਬੜੀ ਹੈ ਮਸਤ-ਮਸਤ’ ਕਿਹਾ।’’

* 01 ਦਸੰਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਘੁਸਪੈਠੀਆ’ ਦੱਸਿਆ ਅਤੇ ਐੱਨ. ਆਰ. ਸੀ. ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੋਲੇ, ‘‘ਹਿੰਦੋਸਤਾਨ ਸਭ ਦੇ ਲਈ ਹੈ, ਕੀ ਇਹ ਕਿਸੇ ਦੀ ਜਾਗੀਰ ਹੈ? ਅਮਿਤ ਸ਼ਾਹ ਜੀ, ਨਰਿੰਦਰ ਮੋਦੀ ਜੀ, ਤੁਸੀਂ ਖ਼ੁਦ ਬਾਹਰੀ ਹੋ। ਘਰ ਤੁਹਾਡਾ ਗੁਜਰਾਤ ਹੈ, ਆ ਗਏ ਦਿੱਲੀ।’’

* 02 ਦਸੰਬਰ ਨੂੰ ਸੰਸਦ ਵਿਚ ਅਧੀਰ ਰੰਜਨ ਚੌਧਰੀ ਦੇ ਬਿਆਨ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ (ਭਾਜਪਾ) ਨੇ ਸੋਨੀਆ ਗਾਂਧੀ ਨੂੰ ‘ਘੁਸਪੈਠੀਆ’ ਕਿਹਾ। ਇਸ ’ਤੇ ਅਧੀਰ ਰੰਜਨ ਚੌਧਰੀ ਬੋਲੇ, ‘‘ਤੁਸੀਂ ਸਾਡੀ ਨੇਤਾ (ਸੋਨੀਆ ਗਾਂਧੀ) ਨੂੰ ਘੁਸਪੈਠੀਆ ਕਹਿ ਰਹੇ ਹੋ। ਜੇਕਰ ਸਾਡਾ ਨੇਤਾ ਘੁਸਪੈਠੀਆ ਹੈ ਤਾਂ ਤੁਹਾਡਾ ਨੇਤਾ ਵੀ ‘ਘੁਸਪੈਠੀਆ’ ਹੈ।’’

* ਇਸੇ ਦਿਨ ਕਾਰਪੋਰੇਟ ਟੈਕਸ ਵਿਚ ਕਟੌਤੀ ਦੇ ਨੁਕਸਾਨ ਗਿਣਾ ਰਹੇ ਅਧੀਰ ਰੰਜਨ ਚੌਧਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕਿਹਾ, ‘‘ਕਦੇ-ਕਦੇ ਮੇਰਾ ਤੁਹਾਨੂੰ ‘ਨਿਰਮਲਾ ਸੀਤਾਰਮਨ’ ਦੀ ਬਜਾਏ ‘ਨਿਰਬਲਾ ਸੀਤਾਰਮਨ’ ਕਹਿਣ ਨੂੰ ਮੰਨ ਕਰਦਾ ਹੈ। ਸੋਚਦਾ ਹਾਂ ਕਿ ਤੁਹਾਨੂੰ ‘ਨਿਰਮਲਾ’ ਦੀ ਜਗ੍ਹਾ ‘ਨਿਰਬਲਾ’ ਕਹਿਣਾ ਠੀਕ ਰਹੇਗਾ।’’

* 02 ਦਸੰਬਰ ਨੂੰ ਹੀ ਝਾਰਖੰਡ ਵਿਚ ਚੋਣ ਰੈਲੀ ’ਚ ਬੋਲਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲੇ, ‘‘ਰਾਹੁਲ ਗਾਂਧੀ ਅਕਸਰ ਪੁੱਛਦੇ ਹਨ ਕਿ ਐੱਨ. ਆਰ. ਸੀ. ਕਿਉਂ ਲਿਆ ਰਹੇ ਹੋ? ਘੁਸਪੈਠੀਆਂ ਨੂੰ ਕਿਉਂ ਕੱਢ ਰਹੇ ਹੋ? ਇਹ ਕਿੱਥੇ ਜਾਣਗੇ? ਕੀ ਖਾਣਗੇ? ਅਸੀਂ ਪੁੱਛਦੇ ਹਾਂ ਕਿ ਕਿਉਂ? ਕੀ ਇਹ ਤੁਹਾਡੇ ਚਚੇਰੇ ਭਰਾ ਹਨ?’’

* 02 ਦਸੰਬਰ ਨੂੰ ਹੀ ਰਾਹੁਲ ਗਾਂਧੀ ਨੇ ਝਾਰਖੰਡ ਦੇ ਸਿਮਡੇਗਾ ਵਿਚ ਇਕ ਰੈਲੀ ਵਿਚ ਬੋਲਦੇ ਹੋਏ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਪੈਸੇ ਖੋਹ ਕੇ ਵਿਜੇ ਮਾਲਿਆ, ਅਨਿਲ ਅੰਬਾਨੀ, ਮੇਹੁਲ ਚੋਕਸੀ ਵਰਗੇ ਚੋਰਾਂ ਦੀਆਂ ਜੇਬਾਂ ਭਰੀਆਂ।’’

* 02 ਦਸੰਬਰ ਨੂੰ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (ਭਾਜਪਾ) ਨੇ ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਦੇ ਜੀ.ਡੀ. ਪੀ. ਦਰ ਡਿੱਗਣ ਬਾਰੇ ਬਿਆਨ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਸੂਰਜੇਵਾਲਾ ਤਾਂ ਬੁੱਧੀਹੀਣ ਹੋ ਗਏ ਹਨ।’’

* 02 ਦਸੰਬਰ ਨੂੰ ਪੰਜਾਬ ਦੇ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜਦੋਂ ਡੀ. ਜੇ. ਸੰਚਾਲਕ ਨੌਜਵਾਨ ਕਰਮ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਸਿਵਲ ਹਸਪਤਾਲ, ਮੋਗਾ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਧਰਨਾ ਦੇ ਰਹੇ ਪਰਿਵਾਰ ਦਾ ਹਾਲ ਜਾਣਨ ਪਹੁੰਚੇ ਤਾਂ ਉਥੇ ਉਨ੍ਹਾਂ ਦੇ ਬਿਆਨ ਨਾਲ ਬਖੇੜਾ ਖੜ੍ਹਾ ਹੋ ਗਿਆ।

ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਹੀ ਕਹਿ ਦਿੱਤਾ, ‘‘ਇੱਦਾਂ ਤਾਂ ਕਈ ਮੁੰਡੇ ਮਰਦੇ ਰਹਿੰਦੇ ਹਨ, ਇਹ ਕਿਹੜਾ ਪਹਿਲੀ ਵਾਰ ਹੋਇਆ ਹੈ?’’ ਇਹ ਸੁਣਦੇ ਹੀ ਭੜਕੇ ਲੋਕਾਂ ਨੇ ਉਨ੍ਹਾਂ ਦੀ ਕਾਰ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਕਾਰ ’ਤੇ ਪੱਥਰ ਵਰ੍ਹਾਏ। ਇਸ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ.ਦੇ ਦਫਤਰ ਵਿਚ ਲੁਕ ਕੇ ਜਾਨ ਬਚਾਈ।

ਬਿਨਾਂ ਸੋਚੇ-ਸਮਝੇ ਮੂੰਹ ’ਚੋਂ ਕੱਢੀਆਂ ਹੋਈਆਂ ਗੱਲਾਂ ਅਤੇ ਬਦਜ਼ੁਬਾਨੀ ਨਾਲ ਪੈਦਾ ਹੋਣ ਵਾਲੀ ਕੁੜੱਤਣ ਦੀਆਂ ਇਹ ਤਾਂ ਸਿਰਫ ਕੁਝ ਉਦਾਹਰਣਾਂ ਹਨ। ਸਮਝ ਤੋਂ ਬਾਹਰ ਹੈ ਕਿ ਜਨ ਪ੍ਰਤੀਨਿਧੀ ਅਤੇ ਕਾਨੂੰਨ ਨਿਰਮਾਤਾ ਕਹਾਉਣ ਵਾਲੇ ਸਾਡੇ ਨੇਤਾ ਅਜਿਹੇ ਬਿਆਨਾਂ ਨਾਲ ਆਪਣਾ ਅਤੇ ਦੇਸ਼ ਦਾ ਕਿਹੜਾ ਭਲਾ ਕਰ ਰਹੇ ਹਨ?


Bharat Thapa

Content Editor

Related News