ਕਿੰਨੀਆਂ ਸਫਲ ਹੋਣਗੀਆਂ ਚੋਣਾਂ ਜਿੱਤਣ ਲਈ ਟਰੰਪ ਦੀਆਂ ਕੋਸ਼ਿਸ਼ਾਂ

09/25/2020 3:34:06 AM

ਅਮਰੀਕੀ ਚੋਣਾਂ ਦੀ ਸਰਗਰਮੀ ਹੁਣ ਜ਼ੋਰਾਂ ’ਤੇ ਹੈ, ਜਿਸ ’ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡੇਨ ਤੋਂ ਸਖਤ ਟੱਕਰ ਮਿਲ ਰਹੀ ਹੈ।

ਦੋਵੇਂ ਹੀ ਪਾਰਟੀਆਂ ਵੋਟਰਾਂ ਨੂੰ ਆਪਣੇ-ਆਪਣੇ ਪੱਖ ’ਚ ਕਰਨ ਲਈ ਕੋਸ਼ਿਸ਼ ਕਰ ਰਹੀਆਂ ਹਨ। ਕੁਝ ਸਮਾਂ ਪਹਿਲਾਂ ਤੱਕ ਅਮਰੀਕਾ ’ਚ ਡੋਨਾਲਡ ਟਰੰਪ ਨੂੰ ਲੈ ਕੇ ਲੋਕਾਂ ’ਚ ਪੈਦਾ ਨਾਰਾਜ਼ਗੀ ਨੂੰ ਆਪਣੇ ਹੱਕ ’ਚ ਭੁਗਤਾਉਂਦੇ ਹੋਏ ਜੋਅ ਬਾਈਡੇਨ ਉਨ੍ਹਾਂ ਵਿਰੁੱਧ ਜੰਮ ਕੇ ਪ੍ਰਚਾਰ ਕਰ ਰਹੇ ਸਨ, ਜਿਸ ਦਾ ਲਾਭ ਵੀ ਉਨ੍ਹਾਂ ਨੂੰ ਮਿਲਦਾ ਦਿਸ ਰਿਹਾ ਸੀ।

ਪਰ ਹਾਲ ਹੀ ਦੇ ਦਿਨਾਂ ’ਚ ਕਈ ਚੀਜ਼ਾਂ ਦਾ ਲਾਭ ਟਰੰਪ ਨੂੰ ਮਿਲਦਾ ਨਜ਼ਰ ਆ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਪੱਲੜਾ ਭਾਰੀ ਲੱਗਣ ਲੱਗਾ ਹੈ। ਪਹਿਲਾਂ ਤਾਂ ਇਕ ਤੋਂ ਬਾਅਦ ਇਕ ਅਰਬ ਦੇਸ਼ਾਂ ਨਾਲ ਇਸਰਾਈਲ ਦੇ ਇਤਿਹਾਸਕ ਸਮਝੌਤਿਆਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸਦਾ ਸਿਹਰਾ ਡੋਨਾਲਡ ਟਰੰਪ ਨੂੰ ਮਿਲਦਾ ਨਜ਼ਰ ਆ ਰਿਹਾ ਹੈ।

ਦੂਜੇ ਪਾਸੇ ਅਮਰੀਕਾ ’ਚ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਵੀ ਟਰੰਪ ਨੇ ਇਤਿਹਾਸਕ ਰਿਕਾਰਡ ਬਣਾ ਦਿੱਤਾ ਹੈ। ਟਰੰਪ ਆਪਣੇ ਕਾਰਜਕਾਲ ’ਚ 200 ਤੋਂ ਜ਼ਿਆਦਾ ਕੰਜ਼ਰਵੇਟਿਵ ਜੱਜਾਂ ਦੀ ਨਿਯੁਕਤੀ ਕਰ ਚੁੱਕੇ ਹਨ, ਜੋ ਉਨ੍ਹਾਂ ਤੋਂ ਪਹਿਲਾਂ ਕਿਸੇ ਰਾਸ਼ਟਰਪਤੀ ਦੇ ਕਾਰਜਕਾਲ ’ਚ ਨਹੀਂ ਹੋਈ।

ਇਹ ਗੱਲ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕੰਜ਼ਰਵੇਟਿਵ ਜੱਜਾਂ ਦੀ ਨਿਯੁਕਤੀ ਟਰੰਪ ਲਈ ਸਿਰਫ ਇਕ ਸਿਆਸੀ ਸਫਲਤਾ ਹੀ ਨਹੀਂ, ਅਮਰੀਕਾ ਲਈ ਇਕ ਵੱਖਰੀ ਕਿਸਮ ਦੀ ਵਿਰਾਸਤ ਵੀ ਮੰਨੀ ਜਾ ਰਹੀ ਹੈ।

ਹਾਲ ਹੀ ’ਚ ਨਾਰਥ ਕੈਰੋਲੀਨਾ ’ਚ ਆਯੋਜਿਤ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਅਮਰੀਕੀ ਸੁਪਰੀਮ ਕੋਰਟ ਦੀ ਜਸਟਿਸ ਰੂਥ ਬੇਡਰ ਗਿੰਸਬਰਗ ਦੇ ਦਿਹਾਂਤ ਨਾਲ ਖਾਲੀ ਹੋਈ ਆਸਾਮੀ ’ਤੇ ਉਹ ਕਿਸੇ ਮਹਿਲਾ ਉਮੀਦਵਾਰ ਨੂੰ ਨਾਮਜ਼ਦ ਕਰਨਗੇ। ਪੇਟ ਦੇ ਕੈਂਸਰ ਨਾਲ ਪੀੜਤ ਤੇ ਮਹਿਲਾ ਅਧਿਕਾਰਾਂ ਦੇ ਹਿੱਤਾਂ ’ਚ ਕੰਮ ਕਰਨ ਲਈ ਪ੍ਰਸਿੱਧ ਗਿੰਸਬਰਗ ਦਾ ਪਿਛਲੇ ਹਫਤੇ 87 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ।

ਰੈਲੀ ਦੌਰਾਨ ਟਰੰਪ ਨੇ ਕਿਹਾ, ‘‘ਮੈਂ ਅਗਲੇ ਹਫਤੇ ਕਿਸੇ ਨੂੰ ਨਾਮਜ਼ਦ ਕਰਾਂਗਾ, ਜੋ ਇਕ ਮਹਿਲਾ ਹੋਵੇਗੀ।’’

ਖਾਸ ਗੱਲ ਰਹੀ ਹੈ ਕਿ ਟਰੰਪ ਨੇ ਰੈਲੀ ’ਚ ਮੌਜੂਦ ਲੋਕਾਂ ਤੋਂ ਮਰਦ ਜਾਂ ਮਹਿਲਾ ਜੱਜ ਬਾਰੇ ਰਾਏ ਲਈ। ਜਦੋਂ ਭੀੜ ਨੇ ਉੱਚੀ-ਉੱਚੀ ਮਹਿਲਾ ਨੂੰ ਨਾਮਜ਼ਦ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਨਾਲੋਂ ਵਧੀਆ ਸਰਵੇ ਨਹੀਂ ਹੋ ਸਕਦਾ। ਦਰਅਸਲ ਗਿੰਸਬਰਗ ਦੇ ਦਿਹਾਂਤ ਨਾਲ ਖਾਲੀ ਹੋਈ ਆਸਾਮੀ ਨੂੰ ਲੈ ਕੇ ਇਕ ਵਾਰ ਫਿਰ ਰਿਪਬਲਿਕਨ ਅਤੇ ਡੈਮੋਕ੍ਰੇਟਸ ’ਚ ਖੜਕੀ ਹੋਈ ਹੈ।

ਜੋਅ ਬਾਈਡੇਨ ਦਾ ਕਹਿਣਾ ਹੈ ਕਿ ਜੱਜ ਦੀ ਨਿਯੁਕਤੀ ਨਵੇਂ ਰਾਸ਼ਟਰਪਤੀ ’ਤੇ ਛੱਡ ਦੇਣੀ ਚਾਹੀਦੀ ਹੈ, ਜਦਕਿ ਟਰੰਪ ਦੇ ਕਰੀਬੀ ਅਤੇ ਸੀਨੇਟ ’ਚ ਰਿਪਬਲਿਕਨ ਪਾਰਟੀ ਦੇ ਨੇਤਾ ਮਿਕ ਮੈਕੋਨਲ ਦਾ ਕਹਿਣਾ ਹੈ ਕਿ ਇਹ ਸਦਨ ਰਾਸ਼ਟਰਪਤੀ ਵੱਲੋਂ ਨਾਮਜ਼ਦ ਕਿਸੇ ਵੀ ਵਿਅਕਤੀ ਦਾ ਸਮਰਥਨ ਕਰੇਗਾ।

ਦਰਅਸਲ, ਸੁਪਰੀਮ ਕੋਰਟ ’ਚ ਨਿਯੁਕਤੀ ਲਈ ਸੀਨੇਟ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਅਤੇ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਅਮਰੀਕੀ ਸੰਸਦ ਦੇ ਉੱਚ ਸਦਨ ਸੀਨੇਟ ’ਚ ਬਹੁਮਤ ਹੈ। 100 ਸੀਟਾਂ ਵਾਲੀ ਸੀਨੇਟ ’ਚ ਉਨ੍ਹਾਂ ਦੀ ਪਾਰਟੀ ਦੇ 53 ਮੈਂਬਰ ਹਨ। ਟਰੰਪ ਸਾਲ 2017 ’ਚ ਨੀਲ ਗੋਰਸਚ ਅਤੇ ਸਾਲ 2018 ’ਚ ਬ੍ਰੇਟ ਕਵਨੁਘ ਨੂੰ ਸੁਪਰੀਮ ਕੋਰਟ ’ਚ ਨਿਯੁਕਤ ਕਰ ਚੁੱਕੇ ਹਨ।

ਆਪਣੇ ਕਾਰਜਕਾਲ ਦੌਰਾਨ 280 ਜੱਜਾਂ ਨੂੰ ਨਿਯੁਕਤ ਕਰਨ ਦਾ ਟਰੰਪ ਦਾ ਦਾਅਵਾ ਬੇਸ਼ੱਕ ਵਧਾ-ਚੜ੍ਹਾ ਕੇ ਕੀਤਾ ਗਿਆ ਹੋਵੇ ਪਰ ਅਸਲ ’ਚ ਉਨ੍ਹਾਂ ਨੇ ਡਿਸਟ੍ਰਿਕਟ ਅਤੇ ਸਰਕਟ-ਪੋਰਟ ਬੈਂਚ ਅਤੇ ਸੁਪਰੀਮ ਕੋਰਟ ਦੇ ਕੁੱਲ 214 ਜੱਜਾਂ (ਕੁੱਲ 865 ’ਚੋਂ) ਦੀ ਨਿਯੁਕਤੀ ਕੀਤੀ ਹੈ।

ਗਿੰਸਬਰਗ ਦੀ ਮੌਤ ਨਾਲ ਖਾਲੀ ਹੋਈ ਥਾਂ ’ਤੇ ਮਹਿਲਾ ਜੱਜ ਦੀ ਨਿਯੁਕਤੀ ਨਾਲ ਇਹ ਅੰਕੜਾ 215 ਹੋ ਜਾਵੇਗਾ। ਕੋਰੋਨਾ ਦੀ ਮਹਾਮਾਰੀ ’ਚ ਜਿਥੇ ਜਨਤਕ ਹਾਨੀ ਟਰੰਪ ਦੀਆਂ ਨੀਤੀਆਂ ਨੇ ਕੀਤੀ, ਨਾਲ ਹੀ ਨਾਲ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਭਾਵ ਆਰਥਿਕ ਮਜ਼ਬੂਤੀ ਅਤੇ ਸਭ ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀਆਂ ਪ੍ਰਾਪਤੀਆਂ ਵੀ ਸਿਫਰ ਹੋ ਗਈਆਂ ਹਨ। ਜਿਥੇ ਟਰੰਪ ਨੂੰ ਨਸਲਵਾਦੀ ਅਤੇ ਮਹਿਲਾ ਵਿਰੋਧੀ ਸਮਝਿਆ ਜਾਂਦਾ ਹੈ, ਅਜਿਹੇ ’ਚ ਕਿਸੇ ਮਹਿਲਾ ਜੱਜ ਦੀ ਨਿਯੁਕਤੀ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਇਕ ਨਵਾਂ ਜੀਵਨ ਦੇ ਸਕਦੀ ਹੈ।

ਟਰੰਪ ਦਾ ਮਕਸਦ ਆਉਣ ਵਾਲੀਆਂ ਚੋਣਾਂ ’ਚ ਵੱਧ ਤੋਂ ਵੱਧ ਰਿਪਬਲਿਕਨ ਵੋਟਰਾਂ ਨੂੰ ਭਰਮਾਉਣਾ ਹੈ। ਹਾਲਾਂਕਿ ਉਨ੍ਹਾਂ ਦਾ ਇਹ ਯਤਨ ਕਿੰਨਾ ਸਫਲ ਹੁੰਦਾ ਹੈ, ਇਹ ਤਾਂ ਕੁਝ ਮਹੀਨਿਆਂ ’ਚ ਸੰਪੰਨ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਹੀ ਸਪੱਸ਼ਟ ਹੋ ਸਕੇਗਾ।


Bharat Thapa

Content Editor

Related News