‘ਅਮੀਰ ਲੋਕਾਂ’ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ‘ਘਰੇਲੂ ਨੌਕਰ’

12/13/2023 5:45:45 AM

ਹਾਲਾਂਕਿ ਸਰਕਾਰ ਨੇ ਘਰੇਲੂ ਮੁਲਾਜ਼ਮਾਂ ਦੀ ਸੁਰੱਖਿਆ ਲਈ ਕੁਝ ਕਾਨੂੰਨੀ ਪ੍ਰਬੰਧ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਘਰੇਲੂ ਨੌਕਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਆਪਣੇ ਮਾਲਕਾਂ ਹੱਥੋਂ ਕਈ ਤਰ੍ਹਾਂ ਨਾਲ ਤੰਗ-ਪ੍ਰੇਸ਼ਾਨ ਅਤੇ ਜ਼ੁਲਮਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜਿਹੀਆਂ ਹੀ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 9 ਫਰਵਰੀ, 2023 ਨੂੰ ਗੁਰੂਗ੍ਰਾਮ (ਹਰਿਆਣਾ) ’ਚ ਪੁਲਸ ਨੇ ਘਰੇਲੂ ਸਹਾਇਕਾ ਵਜੋਂ ਕੰਮ ਕਰਨ ਵਾਲੀ 17 ਸਾਲ ਦੀ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ, ਉਸ ਦੇ ਸਰੀਰ ਨੂੰ ਗਰਮ ਚਿਮਟੇ ਨਾਲ ਦਾਗਣ, ਬੇਰਹਿਮੀ ਨਾਲ ਡੰਡੇ ਨਾਲ ਕੁੱਟਣ ਅਤੇ ਕਈ-ਕਈ ਦਿਨ ਤੱਕ ਭੁੱਖਾ ਰੱਖਣ ਦੇ ਦੋਸ਼ ਹੇਠ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ।

ਇਲਾਜ ਲਈ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਈ ਗਈ ਇਹ ਕੁੜੀ ਡਸਟਬਿਨ ’ਚੋਂ ਖਾਣਾ ਚੁੱਕ ਕੇ ਆਪਣੀ ਭੁੱਖ ਮਿਟਾਉਂਦੀ ਸੀ। ਉਸ ਦੇ ਹੱਥ-ਪੈਰ ਅਤੇ ਚਿਹਰੇ ’ਤੇ ਸੱਟਾਂ ਦੇ ਕਈ ਨਿਸ਼ਾਨ ਦੇਖੇ ਗਏ। ਝਾਰਖੰਡ ਦੀ ਰਾਂਚੀ ਵਾਸੀ ਇਸ ਕੁੜੀ ਨੂੰ ਪਲੇਸਮੈਂਟ ਏਜੰਸੀ ਰਾਹੀਂ ਨੌਕਰੀ ’ਤੇ ਰੱਖਿਆ ਗਿਆ ਸੀ।

* 20 ਜੁਲਾਈ, 2023 ਨੂੰ ਦੱਖਣੀ-ਪੱਛਮੀ ਦਿੱਲੀ ਦੇ ਦਵਾਰਕਾ ’ਚ ਘਰੇਲੂ ਨੌਕਰ ਵਜੋਂ ਕੰਮ ਕਰਨ ਵਾਲੀ ਇਕ 10 ਸਾਲਾ ਨਾਬਾਲਿਗ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਸ ਨਾਲ ਕੁੱਟਮਾਰ ਕਰ ਕੇ ਉਸ ਦੇ ਚਿਹਰੇ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਜ਼ਖਮ ਕਰਨ ਦੇ ਦੋਸ਼ ਹੇਠ ਇਕ ਜੋੜੇ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।

ਇਸ ਤੋਂ ਪਹਿਲਾਂ ਮੁਲਜ਼ਮ ਜੋੜੇ ਵੱਲੋਂ ਬੱਚੀ ’ਤੇ ਅੱਤਿਆਚਾਰ ਕਰਨ ਦਾ ਪਤਾ ਲੱਗਣ ’ਤੇ ਇਲਾਕੇ ਦੇ ਲੋਕਾਂ ਨੇ ਪਹਿਲਾਂ ਤਾਂ ਮੁਲਜ਼ਮ ਔਰਤ ਨੂੰ ਉਸ ਦੇ ਘਰ ਦੀ ਦਹਿਲੀਜ਼ ਤੋਂ ਵਾਲ ਫੜ ਕੇ ਖਿੱਚਿਆ ਅਤੇ ਫਿਰ ਸੜਕ ’ਤੇ ਲਿਆ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਔਰਤ ਨੂੰ ਬਚਾਉਣ ਆਏ ਉਸ ਦੇ ਪਤੀ ਨਾਲ ਵੀ ਕੁੱਟਮਾਰ ਕੀਤੀ ਗਈ।

* 26 ਸਤੰਬਰ, 2023 ਨੂੰ ਪਾਲਘਰ (ਮਹਾਰਾਸ਼ਟਰ) ਦੇ ‘ਖਮਲੌਲੀ’ ਪਿੰਡ ’ਚ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ 13 ਸਾਲ ਦੇ ਮੁੰਡੇ ਵੱਲੋਂ ਦੇਰ ਨਾਲ ਕੰਮ ’ਤੇ ਆਉਣ ਕਾਰਨ ਉਸ ਨੂੰ ਬੇਰਹਿਮੀ ਨਾਲ ਕੁੱਟਣ ਦੇ ਦੋਸ਼ ਹੇਠ ਰਾਜਿੰਦਰ ਸੀਤਾਰਾਮ ਪਟੇਲ ਨਾਮੀ ਵਿਅਕਤੀ ਵਿਰੁੱਧ ਬਾਲ ਕਿਰਤ ਰੋਕੂ ਐਕਟ, ਬੰਧੂਆ ਕਿਰਤ ਪ੍ਰਣਾਲੀ (ਖਾਤਮਾ) ਐਕਟ ਆਦਿ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ।

ਜਦੋਂ ਇਸ ਮਾਤਾ ਰਹਿਤ ਬੱਚੇ ਦਾ ਟੀ. ਬੀ. ਤੋਂ ਪੀੜਤ ਪਿਤਾ ਰਾਜਿੰਦਰ ਸੀਤਾਰਾਮ ਪਟੇਲ ਕੋਲ ਸ਼ਿਕਾਇਤ ਲੈ ਕੇ ਗਿਆ ਤਾਂ ਉਸ ਨੇ ਉਸ ਨਾਲ ਵੀ ਦੁਰਵਿਵਹਾਰ ਕੀਤਾ।

* ਅਤੇ ਹੁਣ 10 ਦਸੰਬਰ, 2023 ਨੂੰ ਗੁਰੂਗ੍ਰਾਮ (ਹਰਿਆਣਾ) ਦੇ ਸੈਕਟਰ-57 ’ਚ ਇਕ ਪਰਿਵਾਰ ਵੱਲੋਂ 13 ਸਾਲ ਦੀ ਘਰੇਲੂ ਸਹਾਇਕਾ ਨੂੰ ਬੰਧਕ ਬਣਾ ਕੇ ਰੱਖਣ, ਅਕਸਰ ਲੋਹੇ ਦੀ ਛੜ ਅਤੇ ਹਥੌੜੇ ਨਾਲ ਕੁੱਟਣ, ਦਿਨ ’ਚ ਸਿਰਫ ਇਕ ਵਾਰ ਭੋਜਨ ਦੇਣ, ਮੂੰਹ ’ਤੇ ਟੇਪ ਲਾ ਕੇ ਕੁੱਤੇ ਤੋਂ ਵਢਵਾਉਣ (ਤਾਂ ਜੋ ਉਹ ਰੌਲਾ ਨਾ ਪਾ ਸਕੇ) ਅਤੇ ਔਰਤ ਦੇ ਦੋ ਪੁੱਤਰਾਂ ਵੱਲੋਂ ਉਸ ਨੂੰ ਆਪਣੇ ਕੱਪੜੇ ਉਤਾਰਨ ਲਈ ਮਜਬੂਰ ਕਰਨ ਅਤੇ ਗਲਤ ਢੰਗ ਨਾਲ ਛੂਹਣ ਦਾ ਮਾਮਲਾ ਸਾਹਮਣੇ ਆਇਆ ਹੈ।

ਇੱਥੇ ਹੀ ਬਸ ਨਹੀਂ, ਮੁਲਜ਼ਮ ਪੀੜਤ ਕੁੜੀ ਦੇ ਹੱਥਾਂ ’ਤੇ ਤੇਜ਼ਾਬ ਸੁੱਟਣ ਅਤੇ ਕਿਸੇ ਨੂੰ ਦੱਸਣ ’ਤੇ ਮਾਰ ਦੇਣ ਦੀ ਧਮਕੀ ਵੀ ਦਿੰਦੇ ਸਨ।

ਪੀੜਤਾ ਦੀ ਮਾਂ ਵੱਲੋਂ ਪੁਲਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਕੁੜੀ ਦੇ ਮੁਲਜ਼ਮ ਪਰਿਵਾਰ ਨਾਲ ਰਹਿਣ ਅਤੇ 9000 ਰੁਪਏ ਮਾਸਿਕ ਤਨਖਾਹ ਦੇਣ ਦੀ ਗੱਲ ਹੋਈ ਸੀ ਪਰ ਇਹ ਰਕਮ ਕੁੜੀ ਦੀ ਮਾਂ ਨੂੰ ਸਿਰਫ 2 ਮਹੀਨੇ ਹੀ ਦਿੱਤੀ ਗਈ। ਪੀੜਤਾ ਦੀ ਮਾਂ ਮੁਤਾਬਕ ਉਹ ਕਈ ਵਾਰ ਆਪਣੀ ਬੇਟੀ ਨੂੰ ਮਿਲਣ ਆਈ ਪਰ ਨਾ ਤਾਂ ਉਸ ਨੂੰ ਆਪਣੀ ਬੇਟੀ ਨੂੰ ਮਿਲਣ ਅਤੇ ਨਾ ਹੀ ਫੋਨ ’ਤੇ ਗੱਲ ਕਰਨ ਦਿੱਤੀ ਗਈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਘਰਾਂ ’ਚ ਕੰਮ ਕਰਨ ਵਾਲੇ ਨੌਕਰ ਆਪਣੇ ਮਾਲਕਾਂ ਹੱਥੋਂ ਕਿਸ ਹੱਦ ਤੱਕ ਅਸੁਰੱਖਿਅਤ ਹਨ ਅਤੇ ਅਮੀਰ ਲੋਕ ਕਿਸ ਤਰ੍ਹਾਂ ਉਨ੍ਹਾਂ ਦੀ ਮਜਬੂਰੀ ਦਾ ਬੇਲੋੜਾ ਲਾਭ ਉਠਾ ਰਹੇ ਹਨ। ਸਿਰਫ ਇਹੀ ਘਟਨਾਵਾਂ ਨਹੀਂ ਹਨ, ਸਮੇਂ-ਸਮੇਂ ’ਤੇ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ ਜੋ ਸਾਹਮਣੇ ਨਹੀਂ ਆਉਂਦੀਆਂ।

ਇਹ ਨੈਤਿਕ ਅਤੇ ਕਾਨੂੰਨੀ ਦੋਹਾਂ ਪੱਖਾਂ ਤੋਂ ਹੀ ਘੋਰ ਇਤਰਾਜ਼ਯੋਗ ਅਤੇ ਮੁਆਫੀ ਨਾ ਦੇਣ ਯੋਗ ਅਪਰਾਧ ਹੈ, ਜਿਸ ’ਤੇ ਰੋਕ ਲਾਉਣ ਲਈ ਘਰੇਲੂ ਹਿੰਸਾ ਰੋਕੂ ਕਾਨੂੰਨਾਂ ਨੂੰ ਸਖਤ ਬਣਾਉਣ, ਅਜਿਹੇ ਮਾਮਲਿਆਂ ਦਾ ਖੁਦ ਨੋਟਿਸ ਲੈ ਕੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।

- ਵਿਜੇ ਕੁਮਾਰ


Anmol Tagra

Content Editor

Related News