ਠੰਡ ਤੋਂ ਬਚਣ ਲਈ ਬਾਲੀਆਂ ਅੰਗੀਠੀਆਂ ਬਣ ਰਹੀਆਂ ਲੋਕਾਂ ਦੀ ਮੌਤ ਦਾ ਕਾਰਨ

Friday, Dec 29, 2023 - 06:19 AM (IST)

ਠੰਡ ਤੋਂ ਬਚਣ ਲਈ ਬਾਲੀਆਂ ਅੰਗੀਠੀਆਂ ਬਣ ਰਹੀਆਂ ਲੋਕਾਂ ਦੀ ਮੌਤ ਦਾ ਕਾਰਨ

ਇਨ੍ਹੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ ’ਚ ਕੜਾਕੇ ਦੀ ਠੰਡ ਪੈਣ ਨਾਲ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ ਹੈ। ਅਜਿਹੇ ’ਚ ਤਾਪ ਲਈ ਕੁਝ ਲੋਕ ਕਮਰਿਆਂ ’ਚ ਅੰਗੀਠੀ ਬਾਲ ਕੇ ਸੌਣ ਕਾਰਨ ਜ਼ਹਿਰੀਲਾ ਧੂੰਆਂ ਚੜ੍ਹਨ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ।

ਕਮਰੇ ’ਚ ਲੱਕੜੀ ਜਾਂ ਕੋਲੇ ਦੀ ਅੰਗੀਠੀ ਬਾਲ ਕੇ ਰੱਖਣ ਨਾਲ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਕਾਰਬਨ ਮੋਨੋਆਕਸਾਈਡ ਸਿੱਧੀ ਦਿਮਾਗ ’ਤੇ ਅਸਰ ਪਾਉਂਦੀ ਹੈ, ਜੋ ਸਾਹ ਰਾਹੀਂ ਪੂਰੇ ਸਰੀਰ ’ਚ ਫੈਲ ਜਾਂਦੀ ਹੈ। ਇਸ ਨਾਲ ਸਰੀਰ ’ਚ ਹੀਮੋਗਲੋਬਿਨ ਘੱਟ ਹੋ ਜਾਣ ਕਾਰਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਸੇ ਦਸੰਬਰ ਮਹੀਨੇ ’ਚ ਹੋਈਆਂ ਦਰਦਨਾਕ ਮੌਤਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 6 ਦਸੰਬਰ ਨੂੰ ਸ਼ਾਮਲੀ (ਉੱਤਰ ਪ੍ਰਦੇਸ਼) ’ਚ ਇਕ ਮਕਾਨ ’ਚ ਅੰਗੀਠੀ ਬਾਲ ਕੇ ਸੌਂ ਰਹੇ ਵਿਅਕਤੀ ਦੇ ਕੱਪੜਿਆਂ ’ਚ ਕਿਸੇ ਤਰ੍ਹਾਂ ਅੱਗ ਲੱਗ ਜਾਣ ਨਾਲ ਉਸ ਦੀ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਮੌਤ ਹੋ ਗਈ।

* 10 ਦਸੰਬਰ ਨੂੰ ਲਖਨਊ (ਉੱਤਰ ਪ੍ਰਦੇਸ਼) ਦੇ ‘ਜਿਆਮਾਊ’ ’ਚ ਆਪਣੇ ਕਮਰੇ ’ਚ ਖਿੜਕੀਆਂ ਬੰਦ ਕਰ ਕੇ ਅਤੇ ਅੰਗੀਠੀ ਬਾਲ ਕੇ ਸੌਂ ਰਹੀ ਐੱਮ.ਏ. ਦੀ ਵਿਦਿਆਰਥਣ ਸ਼੍ਰੇਆ ਯਾਦਵ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ।

* 10 ਦਸੰਬਰ ਨੂੰ ਹੀ ਪਟਨਾ (ਬਿਹਾਰ) ਦੇ ਪੰਡਾਰਕ ਥਾਣੇ ਦੇ ‘ਪੈਠਾਨੀ ਚੱਕ’ ਪਿੰਡ ’ਚ ਇਕ ਝੁੱਗੀ ’ਚ ਬਾਲੀ ਅੰਗੀਠੀ ਦੀ ਅੱਗ ਨਾਲ ਝੁਲਸ ਕੇ ਇਕ ਲੜਕੇ ਅਤੇ ਲੜਕੀ ਦੀ ਜਾਨ ਚਲੀ ਗਈ।

* 18 ਦਸੰਬਰ ਨੂੰ ਅਨੰਤਨਾਗ (ਜੰਮੂ-ਕਸ਼ਮੀਰ) ਦੇ ‘ਬੀਜ ਬਹੇੜਾ’ ’ਚ ਰਹਿਣ ਵਾਲਾ ਇਕ ਨੇਪਾਲੀ ਮਜ਼ਦੂਰ ਠੰਡ ਤੋਂ ਬਚਣ ਲਈ ਕਮਰੇ ’ਚ ਬਾਲੀ ਅੱਗ ਦੇ ਧੂੰਏਂ ਨਾਲ ਸਾਹ ਘੁੱਟਣ ਕਾਰਨ ਜਾਨ ਗੁਆ ਬੈਠਾ।

* 19 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ’ਚ ਚੀਨ ਦੀ ਸਰਹੱਦ ਦੇ ਨੇੜੇ ਪੋਸਟ ’ਤੇ ਤਾਇਨਾਤ ਇਕ ਮੇਜਰ ਦੀ ਹੱਟ ’ਚ ਸੌਣ ਦੇ ਦੌਰਾਨ ਠੰਡ ਤੋਂ ਬਚਣ ਲਈ ਬਾਲੀ ਬੁਖਾਰੀ (ਅੰਗੀਠੀ) ’ਚ ਲੱਗੀ ਅੱਗ ਨਾਲ ਸੜ ਕੇ ਮੌਤ ਹੋ ਗਈ।

* 21 ਦਸੰਬਰ ਨੂੰ ਹਜ਼ਾਰੀਬਾਗ (ਝਾਰਖੰਡ) ਦੇ ‘ਰਸੂਲੀਗੰਜ’ ਪਿੰਡ ’ਚ ਆਪਣੇ ਕਮਰੇ ਦਾ ਦਰਵਾਜ਼ਾ ਅਤੇ ਖਿੜਕੀਆਂ ਬੰਦ ਕਰ ਕੇ ਅਤੇ ਅੰਗੀਠੀ ਬਾਲ ਕੇ ਸੌਂ ਰਹੇ 7 ਵਿਅਕਤੀਆਂ ’ਚੋਂ 4 ਦੀ ਗੈਸ ਨਾਲ ਸਾਹ ਘੁੱਟਣ ਦੇ ਨਤੀਜੇ ਵਜੋਂ ਮੌਤ ਹੋ ਗਈ ਅਤੇ 3 ਹੋਰ ਗੰਭੀਰ ਤੌਰ ’ਤੇ ਝੁਲਸ ਗਏ।

* 21 ਦਸੰਬਰ ਨੂੰ ਹੀ ਸ਼੍ਰੀਨਗਰ (ਜੰਮੂ-ਕਸ਼ਮੀਰ) ਦੇ ‘ਸ਼ਾਲਤਾਂਗ’ ਖੇਤਰ ’ਚ ਇਕ ਕਮਰੇ ’ਚ ਗੈਸ ਹੀਟਰ ਚਲਾ ਕੇ ਸੌਂ ਰਹੇ ਪ੍ਰਵੇਜ਼ ਸ਼ੇਖ ਨਾਂ ਦੇ ਵਿਅਕਤੀ ਦੀ ਗੈਸ ਲੀਕ ਕਰ ਜਾਣ ਕਾਰਨ ਅੱਗ ਲੱਗਣ ਦੇ ਨਤੀਜੇ ਵਜੋਂ ਜਾਨ ਚਲੀ ਗਈ।

* 22 ਦਸੰਬਰ ਨੂੰ ਪੂਰਨੀਆ (ਬਿਹਾਰ) ’ਚ ਕਮਰੇ ’ਚ ਬਾਲੀ ਹੋਈ ਅੰਗੀਠੀ ਦੀ ਲਪੇਟ ’ਚ ਆਉਣ ਨਾਲ ਇਕ ਔਰਤ ਅਤੇ ਉਸ ਦੀ ਧੀ ਗੰਭੀਰ ਤੌਰ ’ਤੇ ਝੁਲਸ ਗਈਆਂ।

* 23 ਦਸੰਬਰ ਨੂੰ ‘ਖੈਰਥਲ ਤਿਜਾਰਾ’ (ਰਾਜਸਥਾਨ) ’ਚ ਇਕ ਕਮਰੇ ’ਚ ਹੀਟਰ ਕਾਰਨ ਰਜਾਈ ਨੂੰ ਲੱਗੀ ਅੱਗ ਦੇ ਨਤੀਜੇ ਵਜੋਂ ਦੀਪਕ ਯਾਦਵ ਅਤੇ ਉਸ ਦੀ 3 ਮਹੀਨੇ ਦੀ ਧੀ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਤੌਰ ’ਤੇ ਝੁਲਸ ਗਈ।

* 24 ਦਸੰਬਰ ਨੂੰ ਜੈਤੋ (ਪੰਜਾਬ) ਦੇ ਅੰਬੇਡਕਰ ਨਗਰ ’ਚ ਕਮਰੇ ’ਚ ਠੰਡ ਤੋਂ ਬਚਣ ਲਈ ਬਾਲੀ ਹੋਈ ਅੰਗੀਠੀ ਦੀ ਅੱਗ ’ਚ ਝੁਲਸਣ ਦੇ ਨਤੀਜੇ ਵਜੋਂ ਬਿਮਲਾ ਦੇਵੀ ਨਾਂ ਦੀ ਔਰਤ ਦੀ ਮੌਤ ਹੋ ਗਈ।

* ਅਤੇ ਹੁਣ 28 ਦਸੰਬਰ ਨੂੰ ਦੱਖਣੀ ਦਿੱਲੀ ਦੇ ਫਤਹਿਪੁਰ ਬੇਰੀ ’ਚ ਇਕ ਕਮਰੇ ’ਚ ਬਲ ਰਹੀ ਅੰਗੀਠੀ ਨਾਲ ਅੱਗ ਲੱਗ ਜਾਣ ਕਾਰਨ ਉੱਥੇ ਸੌਂ ਰਹੇ ਅਤੇ ਬਾਊਂਸਰ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਝੁਲਸ ਜਾਣ ਨਾਲ ਜਾਨ ਚਲੀ ਗਈ।

ਉਕਤ ਸਾਰੀਆਂ ਘਟਨਾਵਾਂ ਦਾ ਸਬਕ ਇਹੀ ਹੈ ਕਿ ਕਮਰੇ ’ਚ ਅੰਗੀਠੀ ਨਹੀਂ ਬਾਲਣੀ ਚਾਹੀਦੀ ਅਤੇ ਜੇ ਬਾਲਣੀ ਹੀ ਪਵੇ ਤਾਂ ਸੌਣ ਤੋਂ ਪਹਿਲਾਂ ਉਸ ਨੂੰ ਬੁਝਾ ਦੇਣਾ ਚਾਹੀਦਾ ਹੈ ਤਾਂ ਕਿ ਧੂੰਆਂ ਪੈਦਾ ਨਾ ਹੋਵੇ। ਇਸ ਦੇ ਇਲਾਵਾ ਸੌਂਦੇ ਸਮੇਂ ਖਿੜਕੀ ਅਤੇ ਰੋਸ਼ਨਦਾਨ ਵੀ ਕੁਝ ਖੁੱਲ੍ਹੇ ਰੱਖਣੇ ਚਾਹੀਦੇ ਹਨ।

ਇਹ ਛੋਟੀਆਂ-ਛੋਟੀਆਂ ਪਰ ਮਹੱਤਵਪੂਰਨ ਸਾਵਧਾਨੀਆਂ ਅਪਣਾ ਕੇ ਅਸੀਂ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚ ਸਕਦੇ ਹਾਂ। ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰੇ ਤਾਂ ਕਿ ਇਸ ਤਰ੍ਹਾਂ ਦੀਆਂ ਦਰਦਨਾਕ ਅਤੇ ਸਮੇਂ ਤੋਂ ਪਹਿਲਾਂ ਮੌਤਾਂ ਦੇ ਨਤੀਜੇ ਵਜੋਂ ਪਰਿਵਾਰ ਤਬਾਹ ਹੋਣ ਤੋਂ ਬਚ ਸਕਣ। 

- ਵਿਜੇ ਕੁਮਾਰ


author

Anmol Tagra

Content Editor

Related News