ਠੰਡ ''ਚ ਚੁੱਲ੍ਹਿਆ ਦਾ ਜੁਗਾੜ ਕਰ ਰਹੇ ਪਿੰਡਾਂ ਵਾਲੇ, ਸਿਲੰਡਰਾਂ ਦੀ ਮਹਿੰਗਾਈ ਤੋਂ ਕਰ ਰਹੇ ਬੱਚਤ
Wednesday, Dec 25, 2024 - 04:51 PM (IST)
ਤਲਵੰਡੀ ਭਾਈ (ਪਾਲ) : ਰਸੋਈ ਗੈਸ ਅਤੇ ਮਿੱਟੀ ਦਾ ਤੇਲ ਮਹਿੰਗਾ ਹੋਣ ਕਾਰਨ ਇਸ ਇਲਾਕੇ 'ਚ ਕਈ ਘਰਾਂ ਦੀਆਂ ਸੁਆਣੀਆਂ ਨੇ ਆਪਣਾ ਪੁਰਾਣਾ ਵਿਰਸਾ ਹੀ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਕੱਤਰ ਕੀਤੇ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ 'ਤੇ ਮਿਲਦੀ ਸਬਸਿਡੀ ਤੋਂ ਹੱਥ ਪਿੱਛੇ ਖਿੱਚਣ ਕਾਰਨ ਰਸੋਈ ਗੈਸ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ ਅਤੇ ਵੱਧ ਰੇਟ ਵਾਲਾ ਗੈਸ ਸਿਲੰਡਰ ਵੀ ਠੰਡ ਦੇ ਦਿਨਾਂ 'ਚ ਜ਼ਿਆਦਾ ਦਿਨ ਨਹੀਂ ਚੱਲਦਾ।
ਇਸ ਕਾਰਨ ਹੀ ਔਰਤਾਂ ਨੇ ਆਪਣੇ ਰਵਾਇਤੀ ਮਿੱਟੀ ਦੇ ਚੁੱਲ੍ਹਿਆਂ, ਹਾਰਿਆਂ ਤੇ ਕੱਚੀਆਂ ਭੱਠੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਮਿੱਟੀ ਦੇ ਤੇਲ ਦਾ ਰੇਟ ਵੀ ਜ਼ਿਆਦਾ ਹੋਣ 'ਤੇ ਆਸਾਨੀ ਨਾਲ ਨਾ ਮਿਲਣ ਕਾਰਨ ਔਰਤਾਂ ਨੇ ਮਿੱਟੀ ਦੇ ਤੇਲ ਤੋਂ ਚੱਲਣ ਵਾਲੇ ਸਟੋਵਾਂ ਨੂੰ ਵੀ ਖੂੰਜੇ ਲਗਾ ਦਿੱਤਾ ਹੈ। ਆਪੋ-ਆਪਣੇ ਘਰਾਂ ਵਿਚ ਮਿੱਟੀ ਦੇ ਚੁੱਲ੍ਹਿਆਂ, ਹਾਰਿਆਂ ਦੀ ਵਰਤੋਂ ਕਰ ਰਹੀਆਂ ਔਰਤਾਂ ਵੀਰਪਾਲ ਕੌਰ, ਰਣਜੀਤ ਕੌਰ, ਸੁਖਦੀਪ ਕੌਰ ਅਤੇ ਮਹਿੰਦਰ ਕੌਰ ਨੇ ਦੱਸਿਆ ਕਿ ਮਿੱਟੀ ਦਾ ਚੁੱਲ੍ਹਾ ਆਮ ਹੀ ਘਰ ਅੰਦਰ ਤਿਆਰ ਕਰ ਲਿਆ ਜਾਂਦਾ ਹੈ, ਜਿਸ 'ਤੇ ਕੋਈ ਬਹੁਤਾ ਖ਼ਰਚ ਨਹੀਂ ਆਉਂਦਾ ਅਤੇ ਇਹ ਥੋੜ੍ਹੇ ਹੀ ਬਾਲਣ ਨਾਲ ਬਲ ਪੈਂਦਾ ਹੈ, ਜਿਸ ਉੱਪਰ ਘਰ ਦਾ ਸਾਰਾ ਭੋਜਨ ਬਣਾਉਣ ਤੋਂ ਬਾਅਦ ਇਸ ਵਿਚ ਬੱਚੀ ਅੱਗ ਨਾਲ ਪਾਣੀ ਗਰਮ ਕਰਨ ਤੋਂ ਇਲਾਵਾ ਅੱਗ ਨੂੰ ਬੱਚਿਆਂ ਤੇ ਬਜ਼ੁਰਗਾ ਦੇ ਸੇਕਣ ਲਈ ਵੀ ਵਰਤਿਆ ਜਾਂਦਾ ਹੈ।