‘ਦਿਲ ਬਹਿਲਾਉਣ ਵਾਲੇ ਸਿਤਾਰੇ’ ਜੋ ‘ਦਿਲ ਦੁਖਾ’ ਕੇ ਚਲੇ ਗਏ

02/28/2024 5:28:33 AM

ਉਹ ਵੀ ਜ਼ਮਾਨਾ ਸੀ ਜਦ ਰੇਡੀਓ ’ਤੇ ਫਿਲਮੀ ਗੀਤਾਂ ਦੇ ਪ੍ਰੋਗਰਾਮ ਸੁਣਨ ਲਈ ਰੇਡੀਓ ਵਾਲੇ ਘਰਾਂ ’ਚ ਗੁਆਂਢੀਆਂ ਦੀ ਭੀੜ ਜਮ੍ਹਾਂ ਹੋ ਜਾਇਆ ਕਰਦੀ ਸੀ ਅਤੇ ਇਸੇ ਤਰ੍ਹਾਂ ਕੋਈ ਨਵੀਂ ਫਿਲਮ ਰਿਲੀਜ਼ ਹੁੰਦਿਆਂ ਹੀ ਸਿਨੇਮਾਘਰਾਂ ਦੀਆਂ ਟਿਕਟ ਖਿੜਕੀਆਂ ’ਤੇ ਫਿਲਮਾਂ ਦੇ ਸ਼ੌਕੀਨ ਟੁੱਟ ਪੈਂਦੇ ਸਨ ਪਰ ਤਬਦੀਲੀ ਕੁਦਰਤ ਦਾ ਨਿਯਮ ਹੈ ਅਤੇ ਇੱਥੇ ਅਸੀਂ ਸਿਨੇ ਜਗਤ ਨਾਲ ਜੁੜੀਆਂ ਚੰਦ ਅਜਿਹੀਆਂ ਹੀ ਹਸਤੀਆਂ ਨੂੰ ਯਾਦ ਕਰ ਰਹੇ ਹਾਂ ਜੋ ਪਿਛਲੇ ਕੁਝ ਸਮੇਂ ਦੌਰਾਨ ਸਾਡੇ ਕੋਲੋਂ ਵਿੱਛੜ ਗਈਆਂ :

* 14 ਫਰਵਰੀ, 2023 ਨੂੰ ‘ਲਗਾਨ’, ‘ਅੰਦਾਜ਼ ਅਪਨਾ-ਅਪਨਾ’, ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’, ‘ਕਭੀ ਖੁਸ਼ੀ ਕਭੀ ਗਮ’, ‘ਚੱਕ ਦੇ ਇੰਡੀਆ’ ਆਦਿ ਫਿਲਮਾਂ ਦੇ ਅਦਾਕਾਰ ਜਾਵੇਦ ਖਾਨ (72) ਦੀ ਮੌਤ ਹੋ ਗਈ।

* 20 ਅਪ੍ਰੈਲ, 2023 ਨੂੰ ਪ੍ਰਸਿੱਧ ਫਿਲਮ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਦੀ ਗਾਇਕਾ ਅਤੇ ਲੇਖਿਕਾ ਪਤਨੀ ਪਾਮੇਲਾ ਚੋਪੜਾ (74) ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣੀ ਹੋਮ ਪ੍ਰੋਡਕਸ਼ਨ ਦੀਆਂ ਕਈ ਫਿਲਮਾਂ ਲਈ ਗੀਤ ਗਾਉਣ ਤੋਂ ਇਲਾਵਾ ਫਿਲਮ ਨਿਰਮਾਣ ਦੇ ਹੋਰ ਖੇਤਰਾਂ ’ਚ ਵੀ ਯੋਗਦਾਨ ਦਿੱਤਾ। ਯਸ਼ ਚੋਪੜਾ ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ’ਚੋਂ ਇਕ ‘ਕਭੀ-ਕਭੀ’ ਦੀ ਕਹਾਣੀ ਉਨ੍ਹਾਂ ਨੇ ਹੀ ਲਿਖੀ ਸੀ।

* 5 ਜੂਨ, 2023 ਨੂੰ ਫਿਲਮਾਂ ਅਤੇ ਟੀ. ਵੀ. ਦੇ ਪ੍ਰਸਿੱਧ ਅਦਾਕਾਰ ਅਤੇ ਕਾਸਟਿੰਗ ਡਾਇਰੈਕਟਰ ਗੂਫੀ ਪੇਂਟਲ (79) ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਲੜੀਵਾਰ ‘ਮਹਾਭਾਰਤ’ ’ਚ ‘ਸ਼ਕੁਨੀ’ ਦੀ ਭੂਮਿਕਾ ਨਿਭਾਅ ਕੇ ਸਭ ਤੋਂ ਵੱਧ ਪ੍ਰਸਿੱਧੀ ਖੱਟੀ ਸੀ।

* 25 ਜੂਨ, 2023 ਨੂੰ ਕਈ ਫਿਲਮਾਂ ਦੇ ਨਿਰਮਾਤਾ ਕੁਲਜੀਤ ਪਾਲ (90) ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪ੍ਰਸਿੱਧ ਅਦਾਕਾਰਾ ਰੇਖਾ ਨੂੰ ਆਪਣੀ ਫਿਲਮ ’ਚ ਬ੍ਰੇਕ ਦਿੱਤੀ ਸੀ ਪਰ ਉਹ ਫਿਲਮ ਰਿਲੀਜ਼ ਨਾ ਹੋ ਸਕੀ ਅਤੇ ‘ਸਾਵਨ ਭਾਦੋਂ’ ਰੇਖਾ ਦੀ ਪਹਿਲੀ ਰਿਲੀਜ਼ ਫਿਲਮ ਬਣੀ।

* 12 ਅਗਸਤ, 2023 ਨੂੰ ਟੀ. ਵੀ. ਲੜੀਵਾਰਾਂ ਅਤੇ ਫਿਲਮਾਂ ਦੇ ਪ੍ਰਸਿੱਧ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਸਤੀਸ਼ ਕੌਸ਼ਿਕ (72) ਦਾ ਦਿਹਾਂਤ ਹੋ ਗਿਆ।

* 8 ਦਸੰਬਰ, 2023 ਨੂੰ ਪ੍ਰਸਿੱਧ ਕਾਮੇਡੀਅਨ ਜੂਨੀਅਰ ਮਹਿਮੂਦ (67) ਦਾ ਦਿਹਾਂਤ ਹੋ ਗਿਆ। ਉਹ ਕੈਂਸਰ ਤੋਂ ਪੀੜਤ ਸਨ।

* 2 ਫਰਵਰੀ, 2024 ਨੂੰ ‘ਭੁਵਨ ਸ਼ੋਮ’, ‘ਅੰਕੁਰ’, ‘ਮ੍ਰਿਗਿਆ’ ਅਤੇ ‘ਮੰਥਨ’ ਵਰਗੀਆਂ ਫਿਲਮਾਂ ਲਈ ਪ੍ਰਸਿੱਧੀ ਪ੍ਰਾਪਤ ਉੜੀਆ ਅਤੇ ਹਿੰਦੀ ਫਿਲਮਾਂ ਦੇ ਅਦਾਕਾਰ, ਡਾਇਰੈਕਟਰ ਅਤੇ ਨਿਰਮਾਤਾ ਸਾਧੂ ਮੇਹਰ (84) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

* 20 ਫਰਵਰੀ, 2024 ਨੂੰ ਹਿੰਦੀ ’ਚ ਰੇਡੀਓ ਅਨਾਊਂਸਮੈਂਟ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਆਵਾਜ਼ ਦੇ ਜਾਦੂਗਰ ਅਮੀਨ ਸਿਆਨੀ (91) ਦਾ ਦਿਲ ਦਾ ਦੌਰਾ ਪੈਣ ਨਾਲ ਮੁੰਬਈ ’ਚ ਦਿਹਾਂਤ ਹੋ ਗਿਆ।

ਉਨ੍ਹਾਂ ਦੇ ਨਾਂ ’ਤੇ ‘ਰੇਡੀਓ ਸੀਲੋਨ’ ’ਤੇ ਦੁਨੀਆ ਦੇ ਸਭ ਤੋਂ ਲੰਬੀ ਮਿਆਦ ਤੱਕ ਚੱਲਣ ਵਾਲੇ ਰੇਡੀਓ ਪ੍ਰੋਗਰਾਮ ‘ਬਿਨਾਕਾ ਗੀਤ ਮਾਲਾ’ ਨੂੰ 42 ਸਾਲਾਂ ਤੱਕ ਬਿਨਾਂ ਨਾਗਾ ਪੇਸ਼ ਕਰਨ ਦਾ ਰਿਕਾਰਡ ਹੈ। ਇਸ ਲਈ ਉਨ੍ਹਾਂ ਨੂੰ 1952 ’ਚ, ਜਦ ਉਹ ਇਕ ਸਿਖਾਂਦਰੂ ਹੀ ਸਨ, 25 ਰੁਪਏ ਮਹੀਨਾ ‘ਤਨਖਾਹ’ ’ਤੇ ਰੱਖਿਆ ਗਿਆ ਸੀ।

‘ਬਿਨਾਕਾ ਗੀਤ ਮਾਲਾ’ ਤੋਂ ਇਲਾਵਾ ਹਜ਼ਾਰਾਂ ਰੇਡੀਓ ਪ੍ਰੋਗਰਾਮਾਂ ਅਤੇ ਮਸ਼ਹੂਰੀਆਂ ’ਚ ਆਵਾਜ਼ ਦੇਣ ਵਾਲੇ ਅਮੀਨ ਸਿਆਨੀ ਨੇ ‘ਭੂਤ ਬੰਗਲਾ’, ‘ਤੀਨ ਦੇਵੀਆਂ’, ‘ਬਾਕਸਰ’ ਅਤੇ ‘ਕਤਲ’ ਆਦਿ ’ਚ ਅਨਾਊਂਸਰ ਦੀ ਭੂਮਿਕਾ ਵੀ ਨਿਭਾਈ ਸੀ।

ਨਾਰੀ ਸਸ਼ਕਤੀਕਰਨ ਦੇ ਤਾਕਤਵਰ ਝੰਡਾਬਰਦਾਰ ਅਮੀਨ ਸਿਆਨੀ ਆਪਣੇ ਭਾਸ਼ਣ ਹਮੇਸ਼ਾ ‘ਭਾਈਓ ਔਰ ਬਹਿਨੋਂ’ ਦੀ ਥਾਂ ‘ਬਹਿਨੋਂ ਔਰ ਭਾਈਓ’ ਨਾਲ ਸ਼ੁਰੂ ਕਰਦੇ ਸਨ।

* 25 ਫਰਵਰੀ, 2024 ਨੂੰ ‘ਮਾਇਆ ਦਰਪਣ’, ‘ਚਾਰ ਅਧਿਆਏ’ ਅਤੇ ‘ਕਸਬਾ’ ਵਰਗੀਆਂ ਫਿਲਮਾਂ ਦੇ ਡਾਇਰੈਕਟਰ ਤੇ ਭਾਰਤੀ ਸਮਾਨਾਂਤਰ ਸਿਨੇਮਾ ਦੀ ਅਹਿਮ ਹਸਤੀ ‘ਕੁਮਾਰ ਸ਼ਾਹਾਨੀ’ (83) ਦਾ ਕੋਲਕਾਤਾ ’ਚ ਦਿਹਾਂਤ ਹੋ ਗਿਆ।

* ਅਤੇ ਹੁਣ 26 ਫਰਵਰੀ, 2024 ਨੂੰ ਆਪਣੀ ਮਖਮਲੀ ਆਵਾਜ਼ ਦੇ ਜਾਦੂ ਨਾਲ ਸਰੋਤਿਆਂ ਦੇ ਦਿਲ ’ਚ ਉਤਰ ਜਾਣ ਵਾਲੇ ਪ੍ਰਸਿੱਧ ਗਾਇਕ ਪੰਕਜ ਉਧਾਸ (73) ਦਾ ਲੰਬੀ ਬੀਮਾਰੀ ਪਿੱਛੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਿਹਾਂਤ ਹੋ ਗਿਆ।

ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ ‘ਨਾਮ’ ਦੇ ਗੀਤ ‘ਚਿੱਠੀ ਆਈ ਹੈ’ ਨਾਲ ਮਿਲੀ। ਇਸ ਨੂੰ ਸੁਣ ਕੇ ਰਾਜ ਕਪੂਰ ਦੀਆਂ ਅੱਖਾਂ ’ਚ ਹੰਝੂ ਆ ਗਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ‘ਇਹ ਗੀਤ ਹਿੱਟ ਹੋਣ ਵਾਲਾ ਹੈ’। ਹਾਲਾਂਕਿ ਪੰਕਜ ਉਧਾਸ ਨੂੰ ਅਮਰ ਕਰਨ ਲਈ ਇਹੀ ਇਕ ਗੀਤ ਕਾਫੀ ਹੈ ਪਰ ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਅਣਗਿਣਤ ਫਿਲਮੀ ਗੀਤਾਂ ਅਤੇ ਗ਼ਜ਼ਲਾਂ ਰਾਹੀਂ ਆਪਣੀ ਵਿਸ਼ੇਸ਼ ਪਛਾਣ ਬਣਾਈ।

ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਹੋਣਗੇ ਜੋ ਹੁਣ ਨਹੀਂ ਰਹੇ, ਪਰ ਆਪਣੀ ਪ੍ਰਤਿਭਾ, ਫਿਲਮਾਂ ਅਤੇ ਗੀਤਾਂ ਰਾਹੀਂ ਉਹ ਸਿਨੇ ਪ੍ਰੇਮੀਆਂ ਦੀਆਂ ਯਾਦਾਂ ’ਚ ਸਦਾ ਜਿਊਂਦੇ ਰਹਿਣਗੇ। ਕਿਉਂਕਿ ਇਹ ਦੁਨੀਆ ਸਿਰਫ ਆਉਣ-ਜਾਣ ਦੀ ਖੇਡ ਹੈ ਇਸ ਲਈ ਸਿਰਫ ਇਹ ਕਹਿ ਕੇ ਦਿਲ ਨੂੰ ਤਸੱਲੀ ਦਿੱਤੀ ਜਾ ਸਕਦੀ ਹੈ ਕਿ :

‘ਆਏ ਬਹਾਰ ਬਨ ਕੇ, ਲੁਭਾ ਕਰ ਚਲੇ ਗਏ’

- ਵਿਜੇ ਕੁਮਾਰ


Anmol Tagra

Content Editor

Related News