ਘਰ ਨਾ ਜਾ ਕੇ ‘ਜਾਨ ਜੋਖਿਮ ਵਿਚ ਪਾ’ ਸਿਹਤ ਕਾਮੇ ‘ਕਰ ਰਹੇ ਕੋਰੋਨਾ ਪੀੜਤਾਂ ਦਾ ਇਲਾਜ’

04/07/2020 2:07:56 AM

‘ਕੋਰੋਨਾ’ ਦੀ ਵਿਸ਼ਵਵਿਆਪੀ ਮਹਾ ਇਨਫੈਕਸ਼ਨ ਕਾਰਣ ਜਿਥੇ ਕੁਝ ਲੋਕ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕਰ ਕੇ ਇਸ ਮਹਾਮਾਰੀ ਨੂੰ ਵਧਾਉਣ ਦਾ ਘਿਨੌਣਾ ਜੁਰਮ ਕਰ ਰਹੇ ਹਨ, ਉਥੇ ਹੀ ਆਪਣੀ ਜਾਨ ਜੋਖਿਮ ’ਚ ਪਾ ਕੇ ਡਾਕਟਰੀ ਜਗਤ ਨਾਲ ਜੁੜੇ ਲੋਕ, ਕੁਝ ਸਫਾਈ ਸੇਵਕ, ਪੁਲਸ ਕਰਮਚਾਰੀ ਆਦਿ ਪੀੜਤਾਂ ਦੇ ਇਲਾਜ, ਸ਼ਹਿਰਾਂ ਦੀ ਸਫਾਈ, ਲੋਕਾਂ ਨੂੰ ਘਰਾਂ ’ਚੋਂ ਨਿਕਲਣ ਤੋਂ ਰੋਕਣ ਅਤੇ ਉਨ੍ਹਾਂ ਦੀ ਸਹਾਇਤਾ ’ਚ ਜੁਟੇ ਹੋਏ ਹਨ। ਹਾਲਾਂਕਿ ਇਕੱਲੇ ਦਿੱਲੀ ’ਚ ਹੀ ਸਿਹਤ ਸੇਵਾਵਾਂ ਨਾਲ ਜੁੜੇ 3 ਦਰਜਨ ਸਿਹਤ ਕਾਮੇ ਅਤੇ ਮੁੰਬਈ ’ਚ ਇਕ ਹਸਪਤਾਲ ਦੀਆਂ 26 ਨਰਸਾਂ ਤੇ ਤਿੰਨ ਡਾਕਟਰ ਇਨਫੈਕਟਿਡ ਹੋ ਚੁੱਕੇ ਹਨ ਪਰ ਇਨ੍ਹਾਂ ਦੀ ਸੇਵਾ ਭਾਵਨਾ ’ਚ ਕੋਈ ਕਮੀ ਨਹੀਂ ਆਈ ਤੇ ਇਹ ਪ੍ਰਤੀ ਦਿਨ 15 ਤੋਂ 16 ਘੰਟਿਆਂ ਤਕ ਡਿਊਟੀ ਦੇ ਰਹੇ ਹਨ।

* ਰਾਏਪੁਰ ’ਚ ਛੱਤੀਸਗੜ੍ਹ ਦੀ ਸਿਹਤ ਸਕੱਤਰ ‘ਨਿਹਾਰਿਕਾ ਬਾਰਿਕ’ ਨੇ ਆਪਣੇ ਸਟਾਫ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਿਵਾਏ ਇਕ ਕਰਮਚਾਰੀ ਦੇ ਸਾਰੇ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਹੈ ਅਤੇ ਖੁਦ ਇਕ ਮਹੀਨੇ ਤੋਂ ਆਪਣੇ ਘਰ ਦੇ ਅੰਦਰ ਨਾ ਜਾ ਕੇ ‘ਆਊਟ ਹਾਊਸ’ ਵਿਚ ਰਹਿ ਕੇ ਕੰਮ ਕਰ ਰਹੀ ਹੈ।

* ਰਾਏਗੜ੍ਹ ’ਚ ਪੁਲਸ ਸੁਪਰਡੈਂਟ ਸੰਤੋਖ ਸਿੰਘ ਕਾਫੀ ਦਿਨਾਂ ਤੋਂ ਆਪਣੇ ਘਰ ਦੇ ਫਰੰਟ ਰੂਮ ’ਚ ਇਕੱਲੇ ਹੀ ਰਹਿ ਰਹੇ ਹਨ।

* ਕੇਰਲ ’ਚ ਅਰਨਾਕੁਲਮ ਦੇ ‘ਕਲਾਮੇਸਰੀ ਮੈਡੀਕਲ ਕਾਲੇਜ ਹਾਸਪਿਟਲ’ ਦੇ ‘ਹਾਈ ਪ੍ਰੈਸ਼ਰ ਕੋਰੋਨਾ’ ਵਾਰਡ ’ਚ ਤਾਇਨਾਤ ਨਰਸ ‘ਰੀਜਾ ਵਿਸ਼ਨੂੰ’ ਦੀ 2 ਸਾਲ ਦੀ ਛੋਟੀ ਬੇਟੀ ਹੋਣ ਕਾਰਣ ਹਸਪਤਾਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਛੁੱਟੀ ’ਤੇ ਚਲੇ ਜਾਣ ਪਰ ‘ਰੀਜਾ ਵਿਸ਼ਨੂੰ’ ਨੇ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ ਕਿ ਹਸਪਤਾਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਜ਼ਿਆਦਾ ਲੋੜ ਹੈ।

* ਪੰਜਾਬ ਦੇ ਮੋਗਾ ਸਥਿਤ ਸਰਕਾਰੀ ਹਸਪਤਾਲ ਵਿਚ ‘ਕੋਰੋਨਾ’ ਇਨਫੈਕਟਿਡਾਂ ਦੀ ਦੇਖਭਾਲ ’ਚ ਤਾਇਨਾਤ ‘ਡਾ. ਰਾਜ ਬਹਾਦੁਰ ਸਿੰਘ ਗਿੱਲ’ 22 ਮਾਰਚ ਤੋਂ ਆਪਣੇ ਘਰ ਨਹੀਂ ਗਏ।

* ਗੁਜਰਾਤ ’ਚ ਗਾਂਧੀਨਗਰ ਦੇ ਸਰਕਾਰੀ ਹਸਪਤਾਲ ਦੇ ਸਪੈਸ਼ਲ ‘ਕੋਰੋਨਾ’ ਵਾਰਡ ’ਚ ਤਾਇਨਾਤ ਡਾਕਟਰ ‘ਅਰੁਣ ਮਕਵਾਨਾ’ ਵੀ 10 ਦਿਨਾਂ ਤੋਂ ਹਸਪਤਾਲ ’ਚ ਹੀ ਸੌਂ ਰਹੇ ਹਨ।

* ਚੇਨਈ ਦੇ ਹਸਪਤਾਲ ਵਿਚ ਤਾਇਨਾਤ ‘ਡਾ. ਜਾਰਜੀ ਇਬਰਾਹਿਮ’ ਨੇ ਇਲਾਜ ਅਧੀਨ ਇਕ 75 ਸਾਲਾ ‘ਕੋਰੋਨਾ’ ਪੀੜਤ ਨੂੰ ਆਪਣੇ ਹੱਥੀਂ ਖਾਣਾ ਖੁਆਇਆ ਕਿਉਂਕਿ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਕੋਰੋਨਾ ਪੀੜਤਾਂ ਦੇ ਵਾਰਡ ’ਚ ਦਾਖਲ ਹੋਣ ਦੀ ਮਨਾਹੀ ਹੈ।

ਇਨ੍ਹਾਂ ਤੋਂ ਇਲਾਵਾ ਹੋਰ ਵੀ ਅਜਿਹੇ ਕਈ ਹੋਰ ਲੋਕ ਹੋਣਗੇ, ਜੋ ਨਿਰਸਵਾਰਥ ਭਾਵ ਨਾਲ ਸੰਕਟ ਦੀ ਇਸ ਘੜੀ ’ਚ ਆਪਣੀ ਜਾਨ ਜੋਖਿਮ ’ਚ ਪਾ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਦੇਸ਼ਵਾਸੀਆਂ ਦਾ ਕੋਟਿਨ-ਕੋਟਿ ਪ੍ਰਣਾਮ ਹੈ। ਦੂਸਰੇ ਪਾਸੇ ਅਜਿਹੇ ਲੋਕ ਵੀ ਹਨ, ਜੋ ਇਨ੍ਹਾਂ ਦੇ ਕੰਮ ’ਚ ਅੜਿੱਕਾ ਡਾਹ ਕੇ ‘ਇਨ੍ਹਾਂ ਦੇ ਉਪਰ ਥੁੱਕ ਕੇ ਜਾਂ ਹਮਲੇ ਕਰ ਕੇ ਕੋਰੋਨਾ ਦੇ ਵਿਰੁੱਧ ਜੰਗ ਨੂੰ ਠੇਸ ਪਹੁੰਚਾ ਕੇ ਦੇਸ਼ਵਾਸੀਆਂ ਦਾ ਨੁਕਸਾਨ ਕਰ ਰਹੇ ਹਨ। ਆਖਿਰ ਆਪਣੇ ਕਾਰਿਆਂ ਨਾਲ ਅਜਿਹੇ ਲੋਕ ਆਪਣਾ ਵੀ ਨੁਕਸਾਨ ਹੀ ਕਰਨਗੇ। ਇਸ ਤਰ੍ਹਾਂ ਦੇ ਕਾਰੇ ਸਰਾਸਰ ਅਣਉਚਿਤ ਹਨ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

–ਵਿਜੇ ਕੁਮਾਰ\\\


Bharat Thapa

Content Editor

Related News