ਦਿੱਲੀ ’ਚ ‘ਹੈਲਥ ਐਮਰਜੈਂਸੀ’ - ਉੱਤਰੀ ਭਾਰਤ ’ਚ ਹਵਾ ਪ੍ਰਦੂਸ਼ਣ ਦੀ ਸਥਿਤੀ ਗੰਭੀਰ

11/04/2023 5:01:57 AM

ਇਨ੍ਹੀਂ ਦਿਨੀਂ ਉੱਤਰੀ ਭਾਰਤ ਦੇ ਕਈ ਸੂਬਿਆਂ ’ਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜੇ ਜਾਣ ਕਾਰਨ ਆਬੋ-ਹਵਾ ਖਰਾਬ ਹੋਣ ਲੱਗੀ ਹੈ, ਜਿਸ ਨਾਲ ਇਹ ਧੁੰਦ ਅਤੇ ਸਮੋਗ ਦੀ ਲਪੇਟ ’ਚ ਆਏ ਹੋਏ ਹਨ। ਦਿੱਲੀ ਸਮੇਤ ਐੱਨ. ਸੀ. ਆਰ. ਹਵਾ ਗੁਣਵੱਤਾ ਬੇਹੱਦ ਵਿਗੜ ਜਾਣ ਕਾਰਨ ਇਕ ਤਰ੍ਹਾਂ ਨਾਲ ਗੈਸ ਚੈਂਬਰ ’ਚ ਤਬਦੀਲ ਹੋ ਗਿਆ ਹੈ।

31 ਅਕਤੂਬਰ ਨੂੰ ਮੈਨੂੰ ਕਿਸੇ ਕਾਰਨ ਦਿੱਲੀ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਅਗਲੇ ਦਿਨ ਹਰ ਪਾਸੇ ਧੁੰਦ ਦੀ ਚਾਦਰ ਵਿਛੀ ਹੋਈ ਦਿਖਾਈ ਦੇ ਰਹੀ ਸੀ।

1 ਨਵੰਬਰ ਨੂੰ ਕਰਵਾਚੌਥ ’ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ’ਚ ਧੁੰਦ ਦੀ ਓਟ ’ਚ ਲੁਕੇ ਚੰਦ ਦਾ ਦੀਦਾਰ ਕਰਨ ਲਈ ਔਰਤਾਂ ਨੂੰ ਕੁਝ ਉਡੀਕ ਵੀ ਕਰਨੀ ਪਈ ਅਤੇ ਕਈ ਸਾਧਨ-ਸੰਪੰਨ ਜੋੜੇ ਤਾਂ ਚੰਦ ਦੇਖਣ ਲਈ ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਵੀ ਨਿਕਲ ਗਏ।

2 ਨਵੰਬਰ ਨੂੰ ਮੱਧ ਦਿੱਲੀ ’ਚ ਤਾਂ ਸਮੋਗ ਕੁਝ ਘੱਟ ਸੀ ਪਰ ਯਮੁਨਾ ਪਾਰ ਅਤੇ ਐੱਨ. ਸੀ. ਆਰ. ਦੇ ਬਾਹਰੀ ਇਲਾਕਿਆਂ, ਨੋਇਡਾ, ਗਾਜ਼ੀਆਬਾਦ ਆਦਿ ’ਚ ਇਹ ਲਗਾਤਾਰ ਵਧਦੀ ਚਲੀ ਗਈ।

3 ਨਵੰਬਰ ਨੂੰ ਸਵੇਰੇ 9 ਵਜੇ ਦਿੱਲੀ ਦੀ ਹਵਾ ਗੁਣਵੱਤਾ ਬੇਹੱਦ ਗੰਭੀਰ ਸ਼੍ਰੇਣੀ ’ਚ ਚਲੀ ਗਈ ਅਤੇ 471 ’ਤੇ ਪੁੱਜ ਗਈ। ਇਸੇ ਦਿਨ ਗੁਆਂਢੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ’ਚ ਵੀ ਹਵਾ ਗੁਣਵੱਤਾ ਹਾਨੀਕਾਰਕ ਪੱਧਰ ’ਤੇ ਦਰਜ ਕੀਤੀ ਗਈ।

ਡਾਕਟਰਾਂ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਹਵਾ ਗੁਣਵੱਤਾ ’ਚ ਗਿਰਾਵਟ ਕਾਰਨ ਅਨੀਮੀਆ ਅਤੇ ਸਾਹ ਦੀ ਤਕਲੀਫ ਵਧ ਸਕਦੀ ਹੈ।

1 ਨਵੰਬਰ ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਜਸਮੀਤ ਸਿੰਘ ਨੇ ਵਧਦੇ ਪ੍ਰਦੂਸ਼ਣ ’ਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ, ‘‘ਅਸੀਂ ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਦਿੱਲੀ ਛੱਡਣ ਲਈ ਮਜਬੂਰ ਨਹੀਂ ਕਰ ਸਕਦੇ। ਇੱਥੇ ਹਰ ਤੀਜਾ ਬੱਚਾ ਅਸਥਮਾ ਅਤੇ ਏਅਰਫਲੋਅ ਦੀ ਸ਼ਿਕਾਇਤ ਤੋਂ ਪੀੜਤ ਹੈ। ਇਸ ਲਈ ਸ਼ਹਿਰ ’ਚ ਹਵਾ ਗੁਣਵੱਤਾ ਦਾ ਪੱਧਰ ਸੁਧਾਰਨਾ ਅਤੇ ਇਸ ਨੂੰ ਯਕੀਨੀ ਬਣਾਉਣਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ।’’

ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਰੁੱਖਾਂ ਨੂੰ ਕੰਕਰੀਟ ਰਹਿਤ ਕਰਨ ਅਤੇ ਵਣ-ਵਿਭਾਗ ਦੀ ਲਗਭਗ 300 ਹੈਕਟੇਅਰ ਜ਼ਮੀਨ ਦੇ ਕਬਜ਼ੇ ਬਾਰੇ ਤੁਰੰਤ ਕਾਰਵਾਈ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਅਜਿਹਾ ਨਾ ਕਰਨ ’ਤੇ ਕੋਰਟ ਦੀ ਅਵੱਗਿਆ ਦੇ ਦੋਸ਼ ’ਚ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਸੇ ਤਰ੍ਹਾਂ 3 ਨਵੰਬਰ ਨੂੰ ਦਿੱਲੀ ਹਾਈ ਕੋਰਟ ਨੇ ਵਧਦੇ ਪ੍ਰਦੂਸ਼ਣ ਲਈ ਦਿੱਲੀ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਇਸ ਮਾਮਲੇ ’ਚ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਇਆ ਅਤੇ ਪੁੱਛਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਗੈਸ ਚੈਂਬਰ ’ਚ ਰਹਿਣ?

ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਕੇਂਦਰ ਸਰਕਾਰ ਦੇ ‘ਪ੍ਰਦੂਸ਼ਣ ਕੰਟ੍ਰੋਲ ਕਮਿਸ਼ਨ’ ਨੇ 2 ਦਿਨਾਂ ਲਈ ਪ੍ਰਾਇਮਰੀ ਸਕੂਲ ਬੰਦ ਰੱਖਣ ਦੀ ਹਦਾਇਤ ਦੇ ਨਾਲ ਹੀ 14 ਗੈਰ-ਜ਼ਰੂਰੀ ਨਿਰਮਾਣ ਸਰਗਰਮੀਆਂ ਤੋਂ ਇਲਾਵਾ ਬੀ. ਐੱਸ.-3 ਪੈਟ੍ਰੋਲ ਅਤੇ ਬੀ. ਐੱਸ-4 ਡੀਜ਼ਲ ਨਾਲ ਚੱਲਣ ਵਾਲੇ 4 ਪਹੀਆ ਵਾਹਨਾਂ ’ਤੇ ਵੀ ਰੋਕ ਲਾ ਦਿੱਤੀ ਹੈ।

ਪ੍ਰਦੂਸ਼ਣ ਕੰਟ੍ਰੋਲ ਕਮਿਸ਼ਨ ਨੇ ਉਲਟ ਮੌਸਮ ਅਤੇ ਪੌਣ-ਪਾਣੀ ਹਾਲਾਤ ਕਾਰਨ ਪ੍ਰਦੂਸ਼ਣ ਦਾ ਪੱਧਰ ਅਜੇ ਹੋਰ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਹੈ।

ਦਿੱਲੀ ਸਰਕਾਰ ਨੇ ਨਗਰ ਨਿਗਮ ਦੀ ਹਰ ਇਕ ਜ਼ੋਨ ਨੂੰ ਬਿਹਤਰ ਹਵਾ ਗੁਣਵੱਤਾ ਪ੍ਰਬੰਧਨ ਲਈ 20 ਲੱਖ ਰੁਪਏ ਦੇਣ ਅਤੇ ਧੂੜ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਰੋਕਣ ਲਈ ਟੁੱਟੀਆਂ-ਫੁੱਟੀਆਂ ਸੜਕਾਂ ਦੀ ਮੁਰੰਮਤ ਕਰਨ ਦਾ ਵੀ ਫੈਸਲਾ ਕੀਤਾ ਹੈ।

ਵਧਦੇ ਪ੍ਰਦੂਸ਼ਣ ਤੋਂ ਬਚਾਅ ਲਈ ਦਿੱਲੀ ’ਚ ਭਾਜਪਾ ਸੂਬਾ ਪ੍ਰਧਾਨ ਵੀਰੇਂਦਰ ਸਚਦੇਵਾ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਮਾਸਕ ਵੰਡੇ। ਉਨ੍ਹਾਂ ਨੇ ਦਿੱਲੀ ’ਚ ਪ੍ਰਦੂਸ਼ਣ ਦਾ ਪੱਧਰ ਭਿਆਨਕ ਦੱਸਿਆ ਅਤੇ ਕਿਹਾ ਕਿ ਪ੍ਰਦੂਸ਼ਣ ਦਿੱਲੀ ਵਾਲਿਆਂ ਦੀ ਉਮਰ ਘੱਟ ਕਰ ਰਿਹਾ ਹੈ।

ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਖੇਤਾਂ ’ਚ ਪਰਾਲੀ ਸਾੜ ਕੇ ਨਾ ਸਿਰਫ ਧਰਤੀ ਨੂੰ ਕਮਜ਼ੋਰ ਕਰ ਰਹੇ ਹਨ, ਸਗੋਂ ਪਰਾਲੀ ਦੇ ਧੂੰਏਂ ਨਾਲ ਪ੍ਰਦੂਸ਼ਣ ਫੈਲਾ ਕੇ ਵਾਤਾਵਰਣ ਨੂੰ ਵੀ ਜ਼ਹਿਰੀਲਾ ਬਣਾ ਰਹੇ ਹਨ।

ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜ਼ਿਆਦਾ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਰ ਕੇ ਅਤੇ ਖੇਤਾਂ ’ਚ ਪਰਾਲੀ ਸਾੜ ਕੇ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਇਲਾਵਾ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵਿਰਾਸਤ ’ਚ ਬੰਜਰ ਜ਼ਮੀਨ ਦੇਣ ਜਾ ਰਹੇ ਹਨ।

ਇਸ ਲਈ ਜਿੱਥੇ ਖੇਤਾਂ ’ਚ ਪਰਾਲੀ ਸਾੜਨ ਦੀ ਥਾਂ ਇਸ ਨੂੰ ਦੂਜੇ ਹਾਨੀ ਰਹਿਤ ਤਰੀਕਿਆਂ ਨਾਲ ਟਿਕਾਣੇ ਲਾਉਣਾ ਚਾਹੀਦਾ ਹੈ, ਉੱਥੇ ਹੀ ਹੋਰ ਆਮ ਲੋਕਾਂ ਨੂੰ ਵੀ ਅੱਗੇ ਆ ਕੇ ਅਜਿਹੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਘੱਟ ਤੋਂ ਘੱਟ ਧੂੰਆਂ ਪੈਦਾ ਹੋਵੇ। ਇਸੇ ਮਕਸਦ ਨਾਲ ‘ਦਿੱਲੀ ਮੈਟਰੋ’ ਨੇ ਆਪਣੇ ਫੇਰੇ ਵੀ ਵਧਾ ਦਿੱਤੇ ਹਨ ਅਤੇ ਸਰਕਾਰ ਨੇ ਲੋਕਾਂ ਨੂੰ ਨਿੱਜੀ ਵਾਹਨਾਂ ਦੀ ਥਾਂ ਜਨਤਕ ਵਾਹਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

-ਵਿਜੇ ਕੁਮਾਰ


Anmol Tagra

Content Editor

Related News