ਹਰਿਆਣਾ ‘ਦੁਲਹੇੜਾ ਖਾਪ’ ਵਲੋਂ ਹੁਣ ਕੁਝ ਜਨ-ਹਿਤੈਸ਼ੀ ਫੈਸਲੇ

Wednesday, Oct 24, 2018 - 06:10 AM (IST)

ਹਰਿਆਣਾ ‘ਦੁਲਹੇੜਾ ਖਾਪ’ ਵਲੋਂ ਹੁਣ ਕੁਝ ਜਨ-ਹਿਤੈਸ਼ੀ ਫੈਸਲੇ

ਹੁਣੇ ਜਿਹੇ ਹਰਿਆਣਾ ਦੇ ਚਰਖੀ ਦਾਦਰੀ ਜ਼ਿਲੇ ਦੀ ‘ਸਾਂਗਵਾਨ ਖਾਪ’ ਪੰਚਾਇਤ ਨੇ ਆਪਣੀ ਮੀਟਿੰਗ ’ਚ ਕਈ ਜਨ-ਹਿਤੈਸ਼ੀ ਫੈਸਲੇ ਲਏ ਸਨ ਤੇ ਹੁਣ ਹਰਿਆਣਾ ਦੇ ਹੀ ਝੱਜਰ ਜ਼ਿਲੇ ਦੀ ਦੁਲਹੇੜਾ ਖਾਪ ਨੇ 21 ਅਕਤੂਬਰ ਨੂੰ ਆਪਣੀ ਸਭਾ ’ਚ ਕੁਝ ਜਨ-ਹਿਤੈਸ਼ੀ ਫੈਸਲੇ ਲਏ ਹਨ। 
ਇਹ ਫੈਸਲੇ ਇਸ ਦੇ ਪ੍ਰਭਾਵ ਵਾਲੀਆਂ 12 ਪੰਚਾਇਤਾਂ ਦੁਲਹੇੜਾ, ਖੇੜਕਾ, ਗੋਲਾ, ਅਸਥਲ, ਗੁਭਾਨਾ, ਮਾਜਰੀ, ਗੰਗਡਵਾ, ਜਲਗੜ੍ਹਪੁਰ, ਛੁੜਾਨੀ, ਬਧਨੀ, ਬਧਾਨਾ ਅਤੇ ਕਾਬਲਾਨਾ ਦੇ ਮੈਂਬਰਾਂ ’ਤੇ ਲਾਗੂ ਹੋਣਗੇ।
ਦੁਲਹੇੜਾ ਖਾਪ ਦੇ ਪ੍ਰਧਾਨ ਸ਼੍ਰੀ ਉਮੇਦ ਸਿੰਘ ਦੇਸਵਾਲ ਦਾ ਕਹਿਣਾ ਹੈ ਕਿ ‘‘ਰਾਤ ਨੂੰ ਹੋਣ ਵਾਲੇ ਵਿਆਹਾਂ ’ਚ ਬਰਾਤੀ ਸ਼ਰਾਬ ਪੀ ਕੇ ਆਪਸ ’ਚ ਲੜ ਪੈਂਦੇ ਹਨ। ਨਸ਼ੇ ਦੀ ਹਾਲਤ ’ਚ ਘਰ ਪਰਤਦੇ ਸਮੇਂ ਉਨ੍ਹਾਂ ਦੀਆਂ ਗੱਡੀਆਂ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਖਾਪ ਨੇ ਦਿਨ ਵੇਲੇ ਵਿਆਹ ਸੰਪੰਨ ਕਰਨ ਦਾ ਫੈਸਲਾ  ਲਿਆ ਹੈ ਕਿਉਂਕਿ ਬਰਾਤੀ ਆਮ ਤੌਰ ’ਤੇ ਦਿਨ ਵੇਲੇ ਸ਼ਰਾਬ ਪੀਣ ਤੋਂ ਝਿਜਕਦੇ ਹਨ।’’
ਉਨ੍ਹਾਂ ਇਹ ਵੀ ਕਿਹਾ ਕਿ ‘‘ਵਿਆਹ ਸਮਾਗਮ ’ਚ ਘੱਟ ਬਰਾਤੀ ਹੋਣ ਨਾਲ ਲਾੜੀ ਪੱਖ ’ਤੇ ਘੱਟ ਆਰਥਿਕ ਬੋਝ ਪਵੇ, ਇਸ ਦੇ ਲਈ ਸਿਰਫ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਹੀ ਬਰਾਤ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜ਼ਿਆਦਾਤਰ ਪਿੰਡ ਵਾਸੀਆਂ ਨੇ ਬਰਾਤੀਆਂ ਦੀ ਗਿਣਤੀ ਸੀਮਤ ਕਰਨ ’ਤੇ ਹਾਮੀ ਭਰੀ ਹੈ ਤੇ ਵਿਆਹ ਸਮਾਗਮਾਂ ’ਚ ਸੈਲੀਬ੍ਰੇਟਰੀ ਫਾਇਰਿੰਗ ਨਾ ਕਰਨਾ ਵੀ ਇਕ ਚੰਗਾ ਫੈਸਲਾ ਹੈ।’’
ਇਨ੍ਹਾਂ ਫੈਸਲਿਆਂ ’ਤੇ ਅਮਲ ਯਕੀਨੀ ਬਣਾਉਣ ਲਈ ਸਾਰੇ 12 ਪਿੰਡਾਂ ’ਚ ਇਕ-ਇਕ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੀ ਅਗਵਾਈ ਉਕਤ ਪਿੰਡਾਂ ਦੇ ਸਰਪੰਚ ਕਰਨਗੇ।
ਉਕਤ ਕ੍ਰਾਂਤੀਕਾਰੀ ਫੈਸਲਿਆਂ ਲਈ ‘ਦੁਲਹੇੜਾ ਖਾਪ’ ਸ਼ਲਾਘਾ ਦੀ ਪਾਤਰ ਹੈ, ਜਿਸ ’ਤੇ ਸਮਾਜ ਦੇ ਵਿਆਪਕ ਹਿੱਤ ’ਚ ਹੋਰਨਾਂ ਖਾਪਾਂ ਨੂੰ ਵੀ ਅਮਲ ਕਰਨਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਲਾੜੀ ਪੱਖ ਨੂੰ ਰਾਹਤ ਮਿਲੇਗੀ  ਸਗੋਂ ਲਾੜਾ ਪੱਖ ਨੂੰ ਵੀ ਫਾਇਦਾ ਹੋਵੇਗਾ।                                                              

–ਵਿਜੇ ਕੁਮਾਰ
 


Related News