ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਪੰਚਾਇਤਾਂ ਵਲੋਂ ਮੌਤ ''ਤੇ ਫਜ਼ੂਲ ਖਰਚ ਅਤੇ ਚੀਨੀ ਸਾਮਾਨ ''ਤੇ ਰੋਕ ਲਾਉਣ ਦੇ ਸ਼ਲਾਘਾਯੋਗ ਯਤਨ

07/13/2017 6:43:16 AM

'ਖਾਪ' ਜਾਂ 'ਸਰਵਖਾਪ' ਇਕ ਜਨਤੰਤਰਿਕ, ਸਮਾਜਿਕ ਪ੍ਰਸ਼ਾਸਨ ਪ੍ਰਣਾਲੀ ਅਤੇ ਸੰਗਠਨ ਹੈ, ਜੋ ਪ੍ਰਾਚੀਨ ਕਾਲ ਤੋਂ ਦੇਸ਼ ਦੇ ਕਈ ਸੂਬਿਆਂ ਵਿਚ ਪ੍ਰਚੱਲਿਤ ਹੈ। ਇਸੇ ਦੇ ਆਧਾਰ 'ਤੇ ਮਹਾਰਾਜਾ ਹਰਸ਼ਵਰਧਨ ਨੇ 643 ਈਸਵੀ 'ਚ 'ਸਰਵਖਾਪ ਪੰਚਾਇਤ' ਬਣਾਈ ਸੀ। ਹਾਲਾਂਕਿ ਅਤੀਤ ਵਿਚ ਖਾਪ ਪੰਚਾਇਤਾਂ ਵਲੋਂ ਲਏ ਗਏ ਕੁਝ 'ਤਾਲਿਬਾਨੀ' ਫੈਸਲਿਆਂ ਕਾਰਨ ਇਨ੍ਹਾਂ ਨੂੰ 'ਕੰਗਾਰੂ ਅਦਾਲਤਾਂ' ਵੀ ਕਿਹਾ ਜਾਣ ਲੱਗਾ ਅਤੇ ਇਨ੍ਹਾਂ ਦੀ ਬਦਨਾਮੀ ਵੀ ਹੋਈ ਪਰ ਇਹ 'ਪੰਚਾਇਤਾਂ' ਅਦਾਲਤਾਂ ਤੋਂ ਬਾਹਰ ਆਪਸ ਵਿਚ ਮਿਲ-ਬੈਠ ਕੇ ਝਗੜੇ ਨਿਬੇੜਨ ਤੋਂ ਇਲਾਵਾ ਕਈ ਸ਼ਲਾਘਾਯੋਗ ਸੁਧਾਰਾਤਮਕ ਫੈਸਲੇ ਵੀ ਲੈ ਰਹੀਆਂ ਹਨ। ਹੁਣੇ-ਹੁਣੇ ਦੋ ਪਿੰਡਾਂ ਦੀਆਂ ਖਾਪ ਪੰਚਾਇਤਾਂ ਨੇ ਅਜਿਹੇ ਹੀ ਫੈਸਲੇ ਲਏ ਹਨ, ਜਿਨ੍ਹਾਂ ਤੋਂ ਸਮਾਜ ਪ੍ਰਤੀ ਉਨ੍ਹਾਂ ਦਾ ਸਰੋਕਾਰ ਅਤੇ ਦੇਸ਼ਭਗਤੀ ਦੀ ਭਾਵਨਾ ਸਪੱਸ਼ਟ ਝਲਕਦੀ ਹੈ।
ਪਹਿਲਾ ਫੈਸਲਾ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੇ ਪਿੰਡ ਬਿਜਰੌਲ ਦੀ ਖਾਪ ਪੰਚਾਇਤ ਨਾਲ ਸੰਬੰਧਤ ਹੈ। ਇਥੇ ਕਿਸੇ ਵਿਅਕਤੀ ਦੀ ਮੌਤ 'ਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਕੱਫਨ ਦੇ ਰੂਪ ਵਿਚ ਮਰਦ ਮ੍ਰਿਤਕ ਦੀ ਲਾਸ਼ 'ਤੇ ਵੱਡੀ ਗਿਣਤੀ ਵਿਚ ਚਾਦਰਾਂ ਅਤੇ ਮਹਿਲਾ ਮ੍ਰਿਤਕ ਦੀ ਲਾਸ਼ 'ਤੇ ਸਾੜ੍ਹੀਆਂ ਆਦਿ ਪਾਉਣ ਦੀ ਰਵਾਇਤ ਹੈ। ਪੰਚਾਇਤ ਨੇ ਇਸ ਰਵਾਇਤ ਨੂੰ ਸਰਬਸੰਮਤੀ ਨਾਲ ਬਦਲਣ ਦਾ ਫੈਸਲਾ ਲਿਆ ਹੈ। ਆਰੀਆ ਸਮਾਜ ਮੰਦਿਰ ਵਿਚ ਸੰਪੰਨ ਹੋਈ ਮੀਟਿੰਗ ਵਿਚ ਮ੍ਰਿਤਕ ਦੀ ਲਾਸ਼ 'ਤੇ ਕੱਫਨ ਤੋਂ ਇਲਾਵਾ ਵੱਖਰੇ ਤੌਰ 'ਤੇ ਕੋਈ ਕੱਪੜਾ ਨਾ ਪਾਉਣ ਅਤੇ ਇਸ ਦੀ ਥਾਂ ਘਿਓ ਤੇ ਸਮੱਗਰੀ ਲੈ ਕੇ ਸ਼ਮਸ਼ਾਨਘਾਟ ਪਹੁੰਚਣ ਦਾ ਫੈਸਲਾ ਲਿਆ ਗਿਆ ਹੈ।
ਪੰਚਾਇਤ ਵਿਚ ਦੇਸ਼ ਖਾਪ ਥਾਂਬਾ ਚੌਧਰੀ ਯਸ਼ਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਲਾਸ਼ 'ਤੇ ਜੋ ਕੱਪੜੇ ਪਾਏ ਜਾਂਦੇ ਸਨ, ਉਨ੍ਹਾਂ ਨੂੰ ਲੋੜਵੰਦ ਲੋਕ ਚੁੱਕ ਕੇ ਲੈ ਜਾਂਦੇ ਸਨ ਪਰ ਹੁਣ ਇਨ੍ਹਾਂ ਕੱਪੜਿਆਂ ਨੂੰ ਚੁੱਕਣ ਕੋਈ ਨਹੀਂ ਆਉਂਦਾ ਅਤੇ ਇਹ ਸ਼ਮਸ਼ਾਨਘਾਟ 'ਚ ਇਧਰ-ਉਧਰ ਹੀ ਖਿੱਲਰੇ ਰਹਿੰਦੇ ਹਨ।
ਇਸ ਲਈ ਲਾਸ਼ 'ਤੇ ਕੱਪੜੇ ਪਾਉਣ ਦੀ ਬਜਾਏ ਸੋਗ ਪ੍ਰਗਟਾਉਣ ਆਉਣ ਵਾਲਾ ਵਿਅਕਤੀ ਦੇਸੀ ਘਿਓ ਤੇ ਸਮੱਗਰੀ ਲੈ ਕੇ ਸ਼ਮਸ਼ਾਨਘਾਟ ਪਹੁੰਚੇਗਾ, ਜਿਸ ਨਾਲ ਚੌਗਿਰਦਾ ਵੀ ਨਹੀਂ ਵਿਗੜੇਗਾ ਤੇ ਪ੍ਰਦੂਸ਼ਣ ਘੱਟ ਕਰਨ ਵਿਚ ਵੀ ਸਹਾਇਤਾ ਮਿਲੇਗੀ।
ਇਸੇ ਤਰ੍ਹਾਂ ਇਹ ਫੈਸਲਾ ਵੀ ਲਿਆ ਗਿਆ ਕਿ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਸੋਗ ਪ੍ਰਗਟਾਉਣ ਆਉਣ ਵਾਲੇ ਸੋਗੀ ਪਰਿਵਾਰ ਦੇ ਘਰ ਕਿਸੇ ਵੀ ਤਰ੍ਹਾਂ ਦਾ ਭੋਜਨ ਜਾਂ ਚਾਹ ਨਹੀਂ ਲੈਣਗੇ, ਸਿਰਫ ਅਫਸੋਸ ਹੀ ਪ੍ਰਗਟਾਉਣਗੇ। ਇਸੇ ਤਰ੍ਹਾਂ ਹਰਿਆਣਾ 'ਚ ਸੋਨੀਪਤ ਜ਼ਿਲੇ ਦੇ ਧਨਾਨਾ ਪਿੰਡ ਦੀ ਪੰਚਾਇਤ ਨੇ ਦੇਸ਼ ਵਿਚ ਬਣੇ ਚੀਨ ਵਿਰੋਧੀ ਮਾਹੌਲ ਨੂੰ ਦੇਖਦਿਆਂ ਚੀਨੀ ਸਾਮਾਨ ਦੇ ਬਾਈਕਾਟ ਦਾ ਅਹਿਮ ਫੈਸਲਾ ਲਿਆ ਹੈ।
ਪੰਚਾਇਤ ਨੇ ਹੁਕਮ ਜਾਰੀ ਕੀਤਾ ਹੈ ਕਿ ਪਿੰਡ ਦੇ ਸ਼ਿਵ ਮੰਦਿਰ ਵਿਚ 21 ਜੁਲਾਈ ਨੂੰ ਲੱਗਣ ਵਾਲੇ ਵਿਸ਼ਾਲ ਮੇਲੇ ਵਿਚ ਕਿਸੇ ਵੀ ਤਰ੍ਹਾਂ ਦਾ ਚੀਨੀ ਸਾਮਾਨ ਨਹੀਂ ਵੇਚਿਆ ਜਾਣਾ ਚਾਹੀਦਾ। ਪੰਚਾਇਤ ਨੇ ਚੇਤਾਵਨੀ ਦਿੱਤੀ ਕਿ ਜਿਹੜਾ ਵੀ ਵਿਅਕਤੀ ਚੀਨੀ ਸਾਮਾਨ ਵੇਚਦਾ ਫੜਿਆ ਗਿਆ, ਉਸ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ।
ਇਸ ਫੈਸਲੇ ਨੂੰ ਪ੍ਰਭਾਵਸ਼ਾਲੀ ਰੂਪ ਦੇਣ ਲਈ 11 ਜੁਲਾਈ ਨੂੰ ਪਿੰਡ ਵਿਚ ਹੋਈ ਪੰਚਾਇਤ ਦੀ ਮੀਟਿੰਗ ਵਿਚ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚੀਨੀ ਚੀਜ਼ ਨਾ ਖਰੀਦਣ ਦੀ ਸਹੁੰ ਚੁਕਾਈ ਗਈ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਭਾਰਤ ਦੁਨੀਆ ਵਿਚ ਚੀਨੀ ਸਾਮਾਨ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਤੇ ਜੇ ਅਸੀਂ ਚੀਨੀ ਵਸਤਾਂ ਦਾ ਬਾਈਕਾਟ ਕਰ ਦੇਈਏ ਤਾਂ ਚੀਨ ਦੀ ਅਰਥ ਵਿਵਸਥਾ ਦਾ ਲੱਕ ਤੋੜਿਆ ਜਾ ਸਕਦਾ ਹੈ। ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਜਿਥੇ ਖੁਸ਼ੀ ਜਾਂ ਗ਼ਮੀ ਵੇਲੇ ਬਰਾਬਰ ਤੌਰ 'ਤੇ ਪਰਿਵਾਰ 'ਤੇ ਭਾਰੀ ਆਰਥਿਕ ਬੋਝ ਪੈ ਜਾਂਦਾ ਹੈ, ਇਸ ਨੂੰ ਦੇਖਦਿਆਂ ਮ੍ਰਿਤਕ ਦੀ ਲਾਸ਼ 'ਤੇ ਕੱਫਨ ਤੋਂ ਇਲਾਵਾ ਕੋਈ ਹੋਰ ਕੱਪੜਾ ਨਾ ਪਾਉਣ ਅਤੇ ਮ੍ਰਿਤ ਭੋਜ ਦੀ ਰਵਾਇਤ ਖਤਮ ਕਰਨ ਦੇ ਫੈਸਲੇ ਸ਼ਲਾਘਾਯੋਗ ਹਨ।
ਧਨਾਨਾ ਪਿੰਡ ਦੀ ਪੰਚਾਇਤ ਵਲੋਂ ਆਪਣੇ ਮੇਲੇ ਵਿਚ ਪਿੰਡ ਵਾਸੀਆਂ ਨੂੰ ਚੀਨ ਦਾ ਬਣਿਆ ਕਿਸੇ ਵੀ ਤਰ੍ਹਾਂ ਦਾ ਸਾਮਾਨ ਨਾ ਖਰੀਦਣ ਦੀ ਸਹੁੰ ਚੁਕਵਾਉਣਾ ਵੀ ਓਨਾ ਹੀ ਸ਼ਲਾਘਾਯੋਗ ਹੈ ਕਿਉੁਂਕਿ ਚੀਨ ਭਾਰਤ ਦੇ ਬਾਜ਼ਾਰਾਂ ਵਿਚ ਸਸਤਾ ਤੇ ਘਟੀਆ ਸਾਮਾਨ ਧੱਕ ਕੇ ਭਾਰਤ ਦੇ ਲਘੂ ਉਦਯੋਗਾਂ ਨੂੰ ਤਬਾਹ ਕਰ ਰਿਹਾ ਹੈ। ਇਸ ਲਈ ਜੇ ਉਕਤ ਫੈਸਲਿਆਂ ਦਾ ਸਮੁੱਚੇ ਦੇਸ਼ ਦੇ ਲੋਕ ਸਮਰਥਨ ਕਰਨ ਲੱਗ ਪੈਣ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸ਼ਾਇਦ ਸਮਾਜ ਨੂੰ ਇਨ੍ਹਾਂ ਬੁਰਾਈਆਂ ਤੋਂ ਮੁਕਤੀ ਮਿਲ ਸਕੇਗੀ।    
- ਵਿਜੇ ਕੁਮਾਰ


Vijay Kumar Chopra

Chief Editor

Related News