‘ਜਹਾਜ਼ਾਂ ’ਚ ਛੇੜਛਾੜ’ ਅਤੇ ‘ਸਿਗਰਟ-ਬੀੜੀ’ ਪੀਣਾ ਜਾਰੀ

05/19/2023 3:35:48 AM

ਕੁਝ ਸਮਾਂ ਪਹਿਲਾਂ ਤੱਕ ਸਹੂਲਤ ਅਤੇ ਸਨਮਾਨ ਦੇ ਨਜ਼ਰੀਏ ਨਾਲ ਬੱਸਾਂ-ਰੇਲਗੱਡੀਆਂ ਦੀ ਤੁਲਨਾ ’ਚ ਜਹਾਜ਼ ਯਾਤਰਾ ਨੂੰ ਵੱਧ ਸੁਰੱਖਿਅਤ ਮੰਨਿਆ ਜਾਂਦਾ ਸੀ। ਇਨ੍ਹਾਂ ’ਚ ਯਾਤਰੀਆਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੁੰਦਾ ਸੀ ਪਰ ਹੁਣ ਹਾਲਾਤ ਬਦਲ ਰਹੇ ਹਨ ਅਤੇ ਜਹਾਜ਼ਾਂ ’ਚ ਵੀ ਝਗੜਾ, ਏਅਰਹੋਸਟੈੱਸਾਂ ਨਾਲ ਛੇੜਛਾੜ, ਚੋਰੀ-ਛਿਪੇ ਸਿਗਰਟਨੋਸ਼ੀ ਆਦਿ ਬੁਰਾਈਆਂ ਸ਼ੁਰੂ ਹੋ ਗਈਆਂ ਹਨ। ਬੀਤੇ ਇਕ ਹਫਤੇ ਅੰਦਰ ਅਜਿਹੀਆਂ 2 ਘਟਨਾਵਾਂ ਸਾਹਮਣੇ ਆਈਆਂ ਹਨ।

13 ਮਈ ਨੂੰ ਦੁਬਈ ਤੋਂ ਅੰਮ੍ਰਿਤਸਰ ਪੁੱਜੀ ‘ਇੰਡੀਗੋ’ ਦੀ ਫਲਾਈਟ ’ਚ ਸਵਾਰ ਯਾਤਰੀ ਨੂੰ ਸ਼ਰਾਬ ਦੇ ਨਸ਼ੇ ’ਚ ਜਹਾਜ਼ ’ਚ ਹੁੱਲੜਬਾਜ਼ੀ ਕਰਨ, ਚਾਲਕ ਦਲ ਮੈਂਬਰਾਂ ’ਤੇ ਚੀਕਣ ਅਤੇ ਏਅਰਹੋਸਟੈੱਸ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਫੜਿਆ ਗਿਆ।

ਅਤੇ ਹੁਣ 16 ਮਈ ਨੂੰ ਬੇਂਗਲੁਰੂ ਪੁਲਸ ਨੇ ‘ਅਕਾਸਾ ਏਅਰਲਾਈਨਜ਼’ ਦੇ ਜਹਾਜ਼ ’ਚ ਅਹਿਮਦਾਬਾਦ ਤੋਂ ਬੇਂਗਲੁਰੂ ਜਾ ਰਹੇ ਇਕ ਯਾਤਰੀ ਨੂੰ ਜਹਾਜ਼ ਦੇ ਟਾਇਲਟ ’ਚ ਬੀੜੀ ਪੀਣ ਦੇ ਦੋਸ਼ ਹੇਠ ਫੜ ਕੇ ਬੇਂਗਲੁਰੂ ਹਵਾਈ ਅੱਡੇ ਦੀ ਪੁਲਸ ਨੂੰ ਸੌਂਪਿਆ ਗਿਆ ਹੈ।

ਇਸ ਤੋਂ ਪਹਿਲਾਂ ਇਸੇ ਸਾਲ 10 ਮਾਰਚ ਨੂੰ ‘ਏਅਰ ਇੰਡੀਆ’ ਦੀ ਲੰਡਨ-ਮੁੰਬਈ ਉਡਾਣ ’ਚ ਇਕ ਯਾਤਰੀ ਟਾਇਲਟ ’ਚ ਸਿਗਰਟ ਪੀਂਦਾ ਫੜਿਆ ਗਿਆ ਸੀ।

ਆਮ ਤੌਰ ’ਤੇ ਜਹਾਜ਼ਾਂ ’ਚ ਯਾਤਰਾ ਕਰਨ ਵਾਲਿਆਂ ਨੂੰ ਸਮਾਜ ਦੇ ਸਿੱਖਿਅਤ ਅਤੇ ਕੁਲੀਨ ਵਰਗ ਨਾਲ ਸਬੰਧਤ ਸਮਝਿਆ ਜਾਂਦਾ ਹੈ, ਅਜਿਹੇ ’ਚ ਉਨ੍ਹਾਂ ਵੱਲੋਂ ਅਜਿਹਾ ਵਤੀਰਾ ਕਰਨਾ ਕਦੀ ਸਹੀ ਨਹੀਂ ਕਿਹਾ ਜਾ ਸਕਦਾ।

ਇਕ ਅਧਿਕਾਰੀ ਅਨੁਸਾਰ ਜਹਾਜ਼ ’ਚ ਬੈਠਣ ਤੋਂ ਪਹਿਲਾਂ ਹਰ ਯਾਤਰੀ ਦੀ ਸੁਰੱਖਿਆ ਜਾਂਚ ਹੁੰਦੀ ਹੈ। ਉਸ ਦੌਰਾਨ ਸਿਗਰਟ ਜਾਂ ਬੀੜੀ ਪੀਣ ਦਾ ਖਤਰਾ ਨਾ ਲਗਾ ਸਕਣਾ ਵੱਡੀ ਸੁਰੱਖਿਆ ਭੁੱਲ ਹੈ। ਇਸ ਲਈ ਇਸ ਗੰਭੀਰ ਲਾਪ੍ਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਜੇਕਰ ਇਸ ਤਰ੍ਹਾਂ ਦੀਆਂ ਭੁੱਲਾਂ ਨੂੰ ਰੋਕਣ ਲਈ ਤੁਰੰਤ ਸਖਤ ਕਦਮ ਨਾ ਚੁੱਕੇ ਗਏ ਤਾਂ ਇਹ ਕਿਸੇ ਸਮੇਂ ਭਾਰੀ ਨੁਕਸਾਨ ਦਾ ਕਾਰਨ ਵੀ ਬਣ ਸਕਦੀਆਂ ਹਨ।

- ਵਿਜੇ ਕੁਮਾਰ


Anmol Tagra

Content Editor

Related News