ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਫੌਜ ਦੇ 11 ਉੱਚ ਅਧਿਕਾਰੀਆਂ ਦੀ ਹੈਲੀਕਾਪਟਰ ਹਾਦਸੇ ’ਚ ਦਰਦਨਾਕ ਮੌਤ

12/09/2021 3:33:30 AM

ਪਹਿਲੇ ਚੀਫ ਆਫ ਡਿਫੈਂਸ ਸਟਾਫ

8 ਦਸੰਬਰ ਦਾ ਦਿਨ ਭਾਰਤੀ ਫੌਜ ਦੇ ਇਤਿਹਾਸ ’ਚ ਇਕ ਦਰਦਨਾਕ ਖਬਰ ਲੈ ਕੇ ਆਇਆ, ਜਦੋਂ ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਨੇੜੇ ਕੁਨੂੰਰ ’ਚ ਫੌਜ ਦੇ ਅਤੀ -ਆਧੁਨਿਕ ਐੱਮ.ਆਈ.-17 ਵੀ 5 ਹੈਲੀਕਾਪਟਰ ਦੇ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਲਗਭਗ 12.40 ਵਜੇ ਰੁੱਖਾਂ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਜਾਣ ਨਾਲ ਉਨ੍ਹਾਂ ’ਚ ਸਵਾਰ 14 ’ਚੋਂ 13 ਲੋਕਾਂ ਦੀ ਮੌਤ ਹੋ ਗਈ।

ਇਨ੍ਹਾਂ ’ਚ ਭਾਰਤੀ ਫੌਜ ਦੇ ਸਭ ਤੋਂ ਸੀਨੀਅਰ ਅਧਿਕਾਰੀ ਅਤੇ ਦੇਸ਼ ਦੇ ਪਹਿਲੇ ‘ਚੀਫ ਆਫ ਡਿਫੈਂਸ ਸਟਾਫ’ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਉਨ੍ਹਾਂ ਦੇ ਡਿਫੈਂਸ ਸਟਾਫ ਦੇ ਮੈਂਬਰ ਸ਼ਾਮਲ ਹਨ।

ਇਸ ਤੋਂ ਪਹਿਲਾਂ 3 ਫਰਵਰੀ, 2015 ਨੂੰ ਬਿਪਿਨ ਰਾਵਤ ਵਾਲ-ਵਾਲ ਬਚ ਗਏ ਸਨ ਜਦੋਂ ਉਨ੍ਹਾਂ ਦਾ ‘ਚੀਤਾ ਹੈਲੀਕਾਪਟਰ’ ਇੰਜਣ ਫੇਲ ਹੋ ਜਾਣ ਕਾਰਨ ਕਰੈਸ਼ ਹੋ ਗਿਆ ਸੀ।

ਭਾਰਤੀ ਫੌਜ ’ਚ ਵਰਨਣਯੋਗ ਯੋਗਦਾਨ ਦੇ ਲਈ ਪਰਮ ਵਿਸ਼ਿਸ਼ਟ ਸੇਵਾ ਤਮਗਾ, ਅਤੀਵਿਸ਼ਿਸ਼ਟ ਸੇਵਾ ਤਮਗਾ, ਵਿਸ਼ਿਸ਼ਟ ਸੇਵਾ ਤਮਗਾ, ਉਤਮ ਜੰਗ ਸੇਵਾ ਤਮਗਾ, ਸੈਨਾ ਤਮਗਾ ਪੁਰਸਕਾਰਾਂ ਨਾਲ ਸਨਮਾਨਿਤ ਅਤੇ ਵੱਡੀਆਂ ਤੋੋਂ ਵੱਡੀਆਂ ਜੰਗਾਂ ਅਤੇ ਕਾਊਂਟਰ ਇੰਸਰਜੈਂਸੀ ਮੁਹਿੰਮਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਬਿਪਿਨ ਰਾਵਤ ਨੇ ਕਸ਼ਮੀਰ ਘਾਟੀ ’ਚ ਵੀ 19ਵੀਂ ਇਨਫੈਂਟਰੀ ਡਵੀਜ਼ਨ ਦੇ ਨਾਲ ਕੰਮ ਕੀਤਾ ਸੀ।

18 ਸਤੰਬਰ, 2016 ਨੂੰ ਉੜੀ ਫੌਜੀ ਕੈਂਪ ’ਤੇ ਅੱਤਵਾਦੀ ਹਮਲੇ ’ਚ 19 ਜਵਾਨਾਂ ਦੀ ਮੌਤ ਦੇ ਬਾਅਦ ਇਨ੍ਹਾਂ ਦੀ ਅਗਵਾਈ ’ਚ 29 ਸਤੰਬਰ, 2016 ਨੂੰ ਪਾਕਿ ਸਥਿਤ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਦੇ ਲਈ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ।

8 ਦਸੰਬਰ ਨੂੰ ਜਨਰਲ ਬਿਪਿਨ ਰਾਵਤ ਵੈਲਿੰਗਟਨ ਸਥਿਤ ਡਿਫੈਂਸ ਸਰਵਿਸਿਜ਼ ਕਾਲਜ ’ਚ ਇਕ ਸਮਾਗਮ ’ਚ ਹਿੱਸਾ ਲੈਣ ਜਾ ਰਹੇ ਸਨ। ‘ਨੰਜੱਪਨਚਥਿਰਾਮ’ ਇਲਾਕ ’ਚ ਸੰਘਣੀ ਧੁੰਦ ਦੇ ਕਾਰਨ ਘੱਟ ਉਚਾਈ ’ਤੇ ਉਡਾਣ ਭਰ ਰਿਹਾ ਹੈਲੀਕਾਪਟਰ ਤੇਜ਼ ਆਵਾਜ਼ ਦੇ ਨਾਲ ਇਕ ਰੁੱਖ ਦੇ ਨਾਲ ਟਕਰਾਉਂਦੇ ਹੀ ਅੱਗ ਦਾ ਗੋਲਾ ਬਣ ਗਿਆ ਅਤੇ ਫਿਰ ਦੂਸਰੇ ਰੁੱਖ ਨਾਲ ਟਕਰਾਅ ਗਿਆ ਅਤੇ ਚਾਰੇ ਪਾਸੇ ਅੱਗ ਦੀਆਂ ਲਾਟਾਂ ਦਿਖਾਈ ਦੇ ਰਹੀਆਂ ਸਨ।

ਇਕ ਚਸ਼ਮਦੀਦ ਦੇ ਅਨੁਸਾਰ ਅੱਗ ਲੱਗਣ ਤੋਂ ਪਹਿਲਾਂ 3 ਵਿਅਕਤੀ ਹੈਲੀਕਾਪਟਰ ’ਚੋਂ ਕੁੱਦੇ ਸਨ, ਜੋ ਝੁਲਸ ਗਏ ਸਨ। 80 ਫੀਸਦੀ ਸੜ ਜਾਣ ਦੇ ਕਾਰਨ ਲਾਸ਼ਾਂ ਦੀ ਪਛਾਣ ਕਰ ਸਕਣੀ ਮੁਸ਼ਕਲ ਹੈ, ਜਿਸ ਦੇ ਲਈ ਡੀ.ਐੱਨ.ਏ. ਟੈਸਟ ਦੀ ਸਹਾਇਤਾ ਲਈ ਜਾ ਰਹੀ ਹੈ।

ਹਵਾਈ ਹਾਦਸਿਆਂ ’ਚ ਹੋਰਨਾਂ ਦੇਸ਼ਾਂ ਦੀ ਤੁਲਨਾ ’ਚ ਭਾਰਤ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਸੀ ਪਰ ਇਸ ਦੇ ਬਾਵਜੂਦ ਇਸ ਤਰ੍ਹਾਂ ਦੇ ਹਾਦਸੇ ਸਮੇਂ-ਸਮੇਂ ’ਤੇ ਹੁੰਦੇ ਰਹੇ ਹਨ, ਜਿਨ੍ਹਾਂ ’ਚ ਕਈ ਮਹੱਤਵਪੂਰਨ ਵਿਅਕਤੀਆਂ ਨੇ ਜਾਨ ਗਵਾਈ :

* 23 ਜੂਨ, 1980 ਨੂੰ ਸੰਜੇ ਗਾਂਧੀ ਦੀ ਇਕ ਹਵਾਈ ਹਾਦਸੇ ’ਚ ਮੌਤ ਹੋਈ।

* 9 ਜੁਲਾਈ, 1994 ਨੂੰ ਪੰਜਾਬ ਦੇ ਗਵਰਨਰ ਸੁਰਿੰਦਰ ਨਾਥ ਹੈਲੀਕਾਪਟਰ ਹਾਦਸੇ ’ਚ ਮਾਰੇ ਗਏ।

* 30 ਸਤੰਬਰ, 2001 ਨੂੰ ਮੈਨਪੁਰੀ ’ਚ ਇਕ ਜਹਾਜ਼ ਹਾਦਸੇ ’ਚ ਕਾਂਗਰਸੀ ਨੇਤਾ ਅਤੇ ਸਾਬਕਾ ਰੇਲ ਮੰਤਰੀ ਮਾਧਵ ਰਾਓ ਸਿੰਧੀਆ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ।

* 3 ਮਾਰਚ, 2002 ਨੂੰ ਲੋਕ ਸਭਾ ਦੇ ਸਪੀਕਰ ਗਤੀਮੋਹਨ ਚੰਦਰ ਬਾਲਯੋਗੀ ਹੈਲੀਕਾਪਟਰ ਹਾਦਸੇ ’ਚ ਮਾਰੇ ਗਏ।

* 2 ਸਤੰਬਰ, 2009 ਨੂੰ ਕੁਰਨੂਲ ’ਚ ‘ਬੈਲ-430’ ਹੈਲੀਕਾਪਟਰ ਹਾਦਸੇ ’ਚ ਆਂਧਰਾ ਪ੍ਰਦੇਸ਼ ਦੇ ਤੱਤਕਾਲੀਨ ਮੁੱਖ ਮੰਤਰੀ ਵਾਈ.ਐੱਸ. ਚੰਦਰਸ਼ੇਖਰ ਦੀ ਮੌਤ ਹੋ ਗਈ।

* 30 ਅਗਸਤ, 2012 ਨੂੰ ਗੁਜਰਾਤ ਦੇ ਜਾਮਨਗਰ ’ਚ ਭਾਰਤੀ ਹਵਾਈ ਫੌਜ ਦੇ 2 ਹੈਲੀਕਾਪਟਰਾਂ ਦੀ ਟੱਕਰ ’ਚ ਹਵਾਈ ਫੌਜ ਦੇ 9 ਜਵਾਨਾਂ ਦੀ ਜਾਨ ਚਲੀ ਗਈ।

* 6 ਅਕਤੂਬਰ, 2017 ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ’ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋਣ ਨਾਲ 7 ਵਿਅਕਤੀਆਂ ਦੀ ਜਾਨ ਚਲੀ ਗਈ।

* 27 ਸਤੰਬਰ, 2019 ਨੂੰ ਭੂਟਾਨ ’ਚ ਭਾਰਤੀ ਹਵਾਈ ਫੌਜ ਦਾ ਚੀਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਨਾਲ 2 ਪਾਇਲਟਾਂ ਦੀ ਮੌਤ ਹੋ ਗਈ।

* 21 ਸਤੰਬਰ, 2021 ਨੂੰ ਊਧਮਪੁਰ ਜ਼ਿਲੇ ਦੇ ਸ਼ਿਵਗੜ੍ਹ ਧਾਰ ’ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਦੋਵਾਂ ਪਾਇਲਟਾਂ ਦੀ ਜਾਨ ਚਲੀ ਗਈ।

* ਅਤੇ ਹੁਣ 8 ਦਸੰਬਰ ਨੂੰ ਹਾਦਸਾਗ੍ਰਸਤ ਹੋਣ ਵਾਲਾ ਇਹ ਐੱਮ.ਆਈ-17 ਵੀ 5 ਹੈਲੀਕਾਪਟਰ ਬਹੁਤ ਪੁਰਾਣਾ ਨਹੀਂ ਸੀ। ਦੋਹਰੇ ਇੰਜਣ ਅਤੇ ਵੀ.ਵੀ.ਆਈ.ਪੀ. ਆਪ੍ਰੇਸ਼ਨਜ਼ ਦੇ ਲਈ ਵਿਸ਼ੇਸ਼ ਤੌਰ ’ਤੇ ਵਰਤੇ ਜਾਣ ਵਾਲੇ ਰੂਸ ’ਚ ਬਣੇ ਇਸ ਹੈਲੀਕਾਪਟਰ ਨੇ 1999 ’ਚ ਕਾਰਗਿਲ ’ਚ ਪਾਕਿਸਤਾਨੀ ਫੌਜੀਆਂ ਦੇ ਛੱਕੇ ਛੁਡਾਏ ਸਨ।

ਕਈ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਤੇ 6000 ਮੀਟਰ ਦੀ ਵੱਧ ਤੋਂ ਵੱਧ ਉਚਾਈ ਤੱਕ ਉਡਾਣ ਭਰਨ, ਸੁਰੱਖਿਅਤ ਲੈਂਡਿੰਗ ਅਤੇ ਰਾਤ ਨੂੰ ਵੀ ਆਸਾਨੀ ਨਾਲ ਆਪਣਾ ਕਮਾਲ ਦਿਖਾ ਸਕਣ ’ਚ ਸਮਰੱਥ ਇਹ ਅਤਿਆਧੁਨਿਕ ਹੈਲੀਕਾਪਟਰ ਮੰਨਿਆ ਜਾਂਦਾ ਹੈ।

ਇਸੇ ਹੈਲੀਕਾਪਟਰ ਨੂੰ ਮੁੰਬਈ ’ਚ 26/11 ਹਮਲੇ ਦੇ ਦੌਰਾਨ ਕਮਾਂਡੋ ਕਾਰਵਾਈ ਦੇ ਇਲਾਵਾ ਪਾਕਿਸਤਾਨੀ ਲਾਂਚ ਪੈਡ ਤਬਾਹ ਕਰਨ ਅਤੇ ਸਰਜੀਕਲ ਸਟ੍ਰਾਈਕ ਵਰਗੀਆਂ ਕਈ ਮੁਹਿੰਮਾਂ ਨੂੰ ਅੰਜਾਮ ਦੇਣ ਦੇ ਲਈ ਵਰਤਿਆ ਜਾ ਚੁੱਕਾ ਹੈ।

ਸ਼ਾਮ ਨੂੰ ਹੋਈ ‘ਕੈਬਨਿਟ ਕਮੇਟੀ ਆਨ ਸਕਿਓਰਿਟੀ’ ਦੀ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘਟਨਾ ਬਾਰੇ ਜਾਣਕਾਰੀ ਦੇਣ ਦੇ ਬਾਅਦ ਜਨਰਲ ਰਾਵਤ ਅਤੇ ਹੋਰਨਾਂ ਵਿਛੜਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਭਾਰਤੀ ਹਵਾਈ ਫੌਜ ਨੇ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਦੇ ਲਈ ‘ਕੋਰਟ ਆਫ ਇਨਕੁਆਰੀ’ ਦੇ ਹੁਕਮ ਦੇ ਦਿੱਤੇ ਹਨ ਅਤੇ ਸਾਬਕਾ ਬ੍ਰਿਗੇਡੀਅਰ ਸੁਧੀਰ ਸਾਵੰਤ ਨੇ ਇਸ ਨੂੰ ਹਾਦਸਾ ਨਹੀਂ ਸਾਜ਼ਿਸ਼ ਕਰਾਰ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਉਸ ਇਲਾਕੇ ’ਚ ਕੁਝ ਅੱਤਵਾਦੀ ਮੌਜੂਦ ਸਨ, ਜਿਨ੍ਹਾਂ ’ਚੋਂ ਕੁਝ ਅਜੇ ਵੀ ਉਥੇ ਹੋ ਸਕਦੇ ਹਨ।

ਇਸ ਮੰਦਭਾਗੀ ਘਟਨਾ ਨਾਲ ਸਮੁੱਚਾ ਦੇਸ਼ ਸੋਗਗ੍ਰਸਤ ਹੈ। ਇਕੱਠਿਆਂ ਇੰਨੀ ਵੱਡੀ ਗਿਣਤੀ ’ਚ ਫੌਜ ਦੀਆਂ ਚੋਟੀ ਦੀਆਂ ਸ਼ਖਸੀਅਤਾਂ ਦਾ ਚਲੇ ਜਾਣਾ ਬੜਾ ਵੱਡਾ ਸਦਮਾ ਹੈ। ਜਨਰਲ ਬਿਪਿਨ ਰਾਵਤ ਸਮੇਤ ਫੌਜ ਦੇ ਕਈ ਅਨਮੋਲ ਹੀਰਿਆਂ ਨੂੰ ਉਕਤ ਹਾਦਸੇ ਨੇ ਸਾਡੇ ਕੋਲੋਂ ਖੋਹ ਲਿਆ, ਜਿਨ੍ਹਾਂ ਦਾ ਘਾਟਾ ਪੂਰਾ ਹੋ ਸਕਣਾ ਔਖਾ ਹੈ।

ਵਿਜੇ ਕੁਮਾਰ


Bharat Thapa

Content Editor

Related News