ਅਮਰਨਾਥ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਦਾ ਮੁਫਤ ਬੀਮਾ ਕਰਨ ਦਾ ਸਹੀ ਫ਼ੈਸਲਾ
06/11/2023 4:15:27 AM

ਜੰਮੂ-ਕਸ਼ਮੀਰ ’ਚ ਸਥਿਤ ਬਾਬਾ ਅਮਰਨਾਥ ਜੀ ਦੀ ਯਾਤਰਾ ਲੱਖਾਂ ਸ਼ਿਵ ਭਗਤਾਂ ਦੀ ਆਸਥਾ ਦਾ ਕੇਂਦਰ ਹੈ। ਇਸ ਯਾਤਰਾ ’ਚ ਆਉਣ ਵਾਲੀਆਂ ਕਠਿਨਾਈਆਂ ਦੇ ਬਾਵਜੂਦ ਸ਼ਰਧਾਲੂ ਇਥੇ ਪਹੁੰਚਦੇ ਹਨ, ਜਿਨ੍ਹਾਂ ਦੇ ਖਾਣ-ਪੀਣ, ਠਹਿਰਣ ਅਤੇ ਦਵਾਈਆਂ ਆਦਿ ਦੀ ਸੇਵਾ ਲਈ ਯਾਤਰਾ ਮਾਰਗ ’ਚ ਲਖਨਪੁਰ ਤੋਂ ਗੁਫਾ ਤੱਕ 116 ਤੋਂ ਵੱਧ ਸਵੈ-ਸੇਵੀ ਸੰਗਠਨਾਂ ਵੱਲੋਂ ਲੰਗਰ ਲਾਏ ਜਾਂਦੇ ਹਨ।
ਅਤੀਤ ’ਚ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋ ਰਹੀ ਇਸ ਯਾਤਰਾ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਹੋਈ ਉੱਚ-ਪੱਧਰੀ ਮੀਟਿੰਗ ’ਚ ਸ਼ਾਹ ਨੇ ਯਾਤਰਾ ਮਾਰਗ ’ਚ ਸੁਰੱਖਿਆ ਦੇ ਤਸੱਲੀਬਖਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੀਟਿੰਗ ’ਚ ਯਾਤਰਾ ’ਚ ਸ਼ਾਮਲ ਹਰ ਇਕ ਰਜਿਸਟਰਡ ਸ਼ਰਧਾਲੂ ਦਾ 5 ਲੱਖ ਰੁਪਏ ਅਤੇ ਹਰ ਇਕ ਪਸ਼ੂ ਦਾ 50 ਹਜ਼ਾਰ ਰੁਪਏ ਦਾ ਮੁਫਤ ਬੀਮਾ ਕਰਵਾਉਣ ਅਤੇ ਸ਼ਰਧਾਲੂਆਂ ਨੂੰ ਆਰ. ਐੱਫ. ਆਈ. ਡੀ. ਟੈਗ ਵਾਲੇ ਕਾਰਡ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ, ਤਾਂ ਕਿ ਉਨ੍ਹਾਂ ਦੀ ‘ਰੀਅਲ ਟਾਈਮ ਲੋਕੇਸ਼ਨ’ ਦਾ ਪਤਾ ਲਾਇਆ ਜਾ ਸਕੇ।
ਇਸ ਦੇ ਨਾਲ ਹੀ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਤੋਂ ਯਾਤਰਾ ਦੇ ਬੇਸ ਕੈਂਪ ਦੇ ਮਾਰਗ ’ਤੇ ਹਰ ਤਰ੍ਹਾਂ ਦੀ ਸੁਚਾਰੂ ਵਿਵਸਥਾ ਕਰਨ, ਸ਼ਰਧਾਲੂਆਂ ਲਈ ਰਾਤ ਨੂੰ ਵੀ ਸ਼੍ਰੀਨਗਰ ਅਤੇ ਜੰਮੂ ਤੋਂ ਹਵਾਈ ਸੇਵਾ ਉਪਲੱਬਧ ਕਰਵਾਉਣ ਆਦਿ ਦੇ ਹੁਕਮ ਵੀ ਦਿੱਤੇ ਗਏ ਹਨ ਤਾਂ ਕਿ ਸ਼ਰਧਾਲੂ ਆਸਾਨੀ ਨਾਲ ਦਰਸ਼ਨ ਕਰ ਸਕਣ।
ਯਾਤਰਾ ਲਈ ਟੈਂਟ, ਯਾਤਰਾ ਮਾਰਗ ’ਤੇ ਵਾਈ-ਫਾਈ ਹਾਟਸਪਾਟ ਅਤੇ ਢੁੱਕਵੀਂ ਰੋਸ਼ਨੀ ਦੀ ਵਿਵਸਥਾ ਕੀਤੀ ਜਾਵੇਗੀ। ਸ਼ਾਹ ਨੇ ਯਾਤਰਾ ਮਾਰਗ ’ਚ ਜ਼ਮੀਨ ਖਿਸਕਣ ਦੀ ਸਥਿਤੀ ’ਚ ਮਾਰਗ ਤੁਰੰਤ ਖੋਲ੍ਹਣ ਲਈ ਮਸ਼ੀਨਾਂ ਤਾਇਨਾਤ ਕਰਨ ਤੋਂ ਇਲਾਵਾ ਹੋਰ ਜ਼ਰੂਰੀ ਨਿਰਦੇਸ਼ ਵੀ ਦਿੱਤੇ ਹਨ।
ਇਨ੍ਹਾਂ ਪ੍ਰਬੰਧਾਂ ਨਾਲ ਯਕੀਨਨ ਹੀ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਦਰਸ਼ਨਾਂ ’ਚ ਆਸਾਨੀ ਹੋਵੇਗੀ ਅਤੇ ਆਉਣ ਵਾਲੇ ਸਾਲਾਂ ’ਚ ਉਨ੍ਹਾਂ ਦੀ ਗਿਣਤੀ ਹੋਰ ਵਧੇਗੀ।
- ਵਿਜੇ ਕੁਮਾਰ