ਸਖਤ ਕੋਵਿਡ ਲਾਕਡਾਊਨ ਦੇ ਕਾਰਨ ਚੀਨ ਛੱਡਣ ਨੂੰ ਮਜਬੂਰ ਵਿਦੇਸ਼ੀ ਲੋਕ

11/13/2022 3:29:36 PM

ਚੀਨ ’ਚ ਸਖਤ ਲਾਕਡਾਊਨ ਤੋਂ ਤੰਗ ਆ ਕੇ ਵਿਦੇਸ਼ੀ ਚੀਨ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ ਹਨ। 2 ਦਹਾਕੇ ਪਹਿਲਾਂ ਜਦੋਂ ਚੀਨ ਆਪਣੀ ਆਰਥਿਕ ਤਰੱਕੀ ਦੇ ਰਾਹ ’ਤੇ ਵਧ ਰਿਹਾ ਸੀ ਤਾਂ ਵਿਦੇਸ਼ੀ ਕੰਪਨੀਆਂ ਚੀਨ ਦੇ ਵੱਖ-ਵੱਖ ਸ਼ਹਿਰਾਂ ’ਚ ਆਪਣੇ ਦਫਤਰ ਖੋਲ੍ਹ ਰਹੀਆਂ ਸਨ, ਆਪਣੇ ਵਿਨਿਰਮਾਣ ਕੇਂਦਰਾਂ ਨੂੰ ਚੀਨ ’ਚ ਸਥਾਪਿਤ ਕਰ ਰਹੀਆਂ ਸਨ ਅਤੇ ਇਸ ਦੇ ਨਾਲ ਵੱਡੀ ਗਿਣਤੀ ’ਚ ਵਿਦੇਸ਼ੀਆਂ ਨੇ ਚੀਨ ਨੂੰ ਆਪਣਾ ਪੜਾਅ ਬਣਾ ਲਿਆ ਸੀ। ਚੀਨ ਆਉਣ ਵਾਲਿਆਂ ’ਚ ਨਾ ਸਿਰਫ ਉਦਯੋਗਪਤੀ ਸ਼ਾਮਲ ਸਨ ਸਗੋਂ ਵਪਾਰੀ, ਵਿਦਿਆਰਥੀ ਅਤੇ ਖੋਜੀ ਵੀ ਸ਼ਾਮਲ ਸਨ। ਇਨ੍ਹਾਂ ’ਚੋਂ ਕਈ ਵਿਦੇਸ਼ੀਆਂ ਨੇ ਚੀਨੀ ਲੜਕੀਆਂ ਨਾਲ ਵਿਆਹ ਕਰਵਾ ਕੇ ਇੱਥੇ ਹੀ ਆਪਣਾ ਘਰ ਵਸਾ ਲਿਆ ਸੀ ਪਰ ਹਾਲ ਦੇ ਦਿਨਾਂ ’ਚ ਚੀਨ ਤੋਂ ਸ਼ੁਰੂ ਹੋਈ ਕੋਵਿਡ ਮਹਾਮਾਰੀ ਅਤੇ ਉਸ ਦੇ ਬਾਅਦ ਸਰਕਾਰ ਵੱਲੋਂ ਲਗਾਏ ਗਏ ਸਖਤ ਲਾਕਡਾਊਨ ਕਾਰਨ ਚੀਨ ’ਚ ਰਹਿਣ ਵਾਲਿਆਂ ਦਾ ਜਿਊਣਾ ਔਖਾ ਹੋ ਗਿਆ ਹੈ। ਦੇਸੀ-ਵਿਦੇਸ਼ੀ ਕੰਪਨੀਆਂ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਫੈਕਟਰੀਆਂ ’ਚ ਮੁਲਾਜ਼ਮ ਲਾਕਡਾਊਨ ਕਾਰਨ ਕੰਮ ਨਹੀਂ ਕਰ ਸਕਦੇ। ਬੰਦਰਗਾਹਾਂ ਅਤੇ ਗੋਦਾਮਾਂ ’ਚ ਤਿਆਰ ਉਤਪਾਦ ਰੱਖਿਆ ਹੋਇਆ ਹੈ ਪਰ ਉਸ ਨੂੰ ਵਿਦੇਸ਼ਾਂ ’ਚ ਪਹੁੰਚਾਉਣ ਲਈ ਨਾ ਤਾਂ ਮਾਲ ਢੋਣ ਵਾਲੇ ਜਹਾਜ਼ ਚੀਨ ਆ ਰਹੇ ਹਨ ਅਤੇ ਨਾ ਹੀ ਇੱਥੋਂ ਕੋਈ ਸਾਮਾਨ ਵਿਦੇਸ਼ਾਂ ’ਚ ਜਾ ਰਿਹਾ ਹੈ। ਅਜਿਹੇ ’ਚ ਕਈ ਵਿਦੇਸ਼ੀ ਕੰਪਨੀਆਂ ਨੇ ਚੀਨ ਤੋਂ ਉਡਾਣ ਭਰ ਕੇ ਵੀਅਤਨਾਮ, ਇੰਡੋਨੇਸ਼ੀਆ, ਥਾਈਲੈਂਡ ਅਤੇ ਭਾਰਤ ਵਰਗੇ ਦੇਸ਼ਾਂ ਦਾ ਰੁਖ ਕਰ ਲਿਆ ਹੈ ਜਿੱਥੋਂ ਸਪਲਾਈ ਲੜੀ ਦੇ ਰੁਕਣ ਦਾ ਕੋਈ ਖਦਸ਼ਾ ਨਹੀਂ ਹੈ।

ਸਾਲ 2004 ਤੋਂ ਹੀ ਚੀਨ ਨੇ ਹੋਣਹਾਰ ਵਿਦੇਸ਼ੀਆਂ ਨੂੰ ਪੱਛਮੀ ਦੁਨੀਆ ਦੀ ਤਰਜ਼ ’ਤੇ ਆਪਣੇ ਦੇਸ਼ ’ਚ ਸੱਦਾ ਦੇਣਾ ਸ਼ੁਰੂ ਕੀਤਾ ਸੀ ਜਿਸ ਨਾਲ ਹੋਣਹਾਰ ਅਤੇ ਟ੍ਰੇਂਡ ਵਿਦੇਸ਼ੀਆਂ ਦੇ ਆਗਮਨ ਨਾਲ ਚੀਨ ’ਚ ਤਰੱਕੀ ਦੀ ਰਫਤਾਰ ਹੋਰ ਤੇਜ਼ ਹੋ ਗਈ। ਇਸ ਦੇ 4 ਸਾਲ ਬਾਅਦ ਹੀ ਸਾਲ 2008 ’ਚ ਚੀਨ ਨੇ ਇਕ ਪ੍ਰੋਗਰਾਮ ਚਲਾਇਆ ਸੀ ਜਿਸ ਦਾ ਨਾਂ ਸੀ ਥਾਊਜ਼ੈਂਡ ਟੇਲੈਂਟਸ ਪ੍ਰੋਗਰਾਮ ਭਾਵ ਇਕ ਹਜ਼ਾਰ ਹੋਣਹਾਰ ਪ੍ਰੋਗਰਾਮ। ਇਸ ਨੂੰ ਬੜੀ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਸੀ ਜਿਸ ਨਾਲ ਬਹੁਤ ਸਾਰੇ ਟ੍ਰੇਂਡ ਵਿਦੇਸ਼ੀ ਚੀਨ ਆਉਣ ਲੱਗੇ, ਜਿਸ ਦੇ ਬਾਅਦ ਉੱਚ ਤਕਨੀਕ ਖੇਤਰ ’ਚ ਖੋਜ ਅਤੇ ਨਵਾਚਾਰ ਦੇ ਖੇਤਰ ’ਚ ਨਵੇਂ ਸਟਾਰਟਅਪ ਖੋਲ੍ਹੇ ਜਾ ਸਕਣ। ਸਾਲ 2015 ’ਚ ਚੀਨ ਸਰਕਾਰ ਨੇ ਟ੍ਰੇਂਡ ਵਿਦੇਸ਼ੀਆਂ ਨੂੰ ਚੀਨ ’ਚ ਆਉਣ ਦੀ ਪ੍ਰਕਿਰਿਆ ਨੂੰ ਹੋਰ ਸੌਖਾ ਬਣਾਇਆ, ਜਿਸ ਨਾਲ ਉਨ੍ਹਾਂ ਨੂੰ ਅਾਸਾਨੀ ਨਾਲ ਚੀਨੀ ਵੀਜ਼ਾ, ਰੈਜ਼ੀਡੈਂਟ ਪਰਮਿਟ ਅਤੇ ਇਮੀਗ੍ਰੇਸ਼ਨ ’ਚ ਬੜੀ ਸਹੂਲਤ ਮਿਲੀ ਅਤੇ ਢੇਰ ਸਾਰੇ ਟ੍ਰੇਂਡ ਵਿਦੇਸ਼ੀ ਲੋਕ ਚੀਨ ਆ ਕੇ ਆਪਣਾ ਕਾਰੋਬਾਰ ਕਰਨ ਲੱਗੇ।

ਇਸ ਦਾ ਲਾਭ ਚੀਨ ਨੂੰ ਵੀ ਮਿਲਿਆ ਜਿਸ ਨਾਲ ਉਸ ਦੀ ਅਰਥਵਿਵਸਥਾ ਤੇਜ਼ੀ ਨਾਲ ਉਡਾਣ ਭਰਨ ਲੱਗੀ ਪਰ ਹੁਣ ਹਾਲਤ ਇਕਦਮ ਬਦਲ ਗਈ ਹੈ। ਚੀਨ ’ਚ ਸਾਲ 2020 ਦੀ ਰਾਸ਼ਟਰੀ ਮਰਦਮਸ਼ੁਮਾਰੀ ਅਨੁਸਾਰ ਚੀਨ ’ਚ 845000 ਵਿਦੇਸ਼ੀ ਅਤੇ ਹਾਂਗਕਾਂਗ, ਮਕਾਊ ਅਤੇ ਤਾਈਵਾਨ ਦੇ ਲੋਕ ਰਹਿੰਦੇ ਸਨ ਜਿਨ੍ਹਾਂ ਨੂੰ ਮਿਲਾ ਕੇ ਕੁਲ ਗਿਣਤੀ 14 ਲੱਖ ਪ੍ਰਵਾਸੀਆਂ ਦੀ ਸੀ। ਅੰਤਰ-ਆਰਥਿਕ ਅੰਕੜਿਆਂ ਦੇ ਅਨੁਸਾਰ ਇਹ ਗਿਣਤੀ ਪੱਛਮੀ ਦੁਨੀਆ ’ਚ ਰਹਿਣ ਵਾਲੇ ਵਿਦੇਸ਼ੀ ਪ੍ਰਵਾਸੀਅਾਂ ਦੀ ਤੁਲਨਾ ’ਚ ਬੜੀ ਘੱਟ ਹੈ। ਮਾਰਚ 2020 ਦੇ ਬਾਅਦ ਤੋਂ ਚੀਨ ਦੇ ਅੰਦਰ ਅਤੇ ਚੀਨ ਤੋਂ ਬਾਹਰ ਆਉਣ-ਜਾਣ ਦੇ ਨਾਲ ਕੁਆਰੰਟਾਈਨ ਅਤੇ ਚੀਨ ਵੱਲੋਂ ਵੀਜ਼ਾ ਨਿਯਮਾਂ ਨੂੰ ਸਖਤ ਕਰਨ, ਪ੍ਰਵਾਸੀ ਲੋਕਾਂ ਦੇ ਚੀਨ ਆਉਣ ’ਤੇ ਰੋਕ ਲਗਾਉਣ ਦੇ ਕਾਰਨ ਲੋਕਾਂ ਨੂੰ ਬੜੀ ਵੱਧ ਪ੍ਰੇਸ਼ਾਨੀ ਹੋਣ ਲੱਗੀ। ਸਾਲ 2021 ’ਚ ਚੀਨ ਦੇ ਅੰਦਰ ਅਤੇ ਚੀਨ ਤੋਂ ਬਾਹਰ ਯਾਤਰਾ ਕਰਨ ਵਾਲੇ ਲੋਕਾਂ ਦੀ ਿਗਣਤੀ ’ਚ ਪਿਛਲੇ ਸਾਲ ਦੀ ਤੁਲਨਾ ’ਚ 79 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਵਿਦੇਸ਼ੀਆਂ ਦੇ ਚੀਨ ਛੱਡਣ ਦੀ ਰਫਤਾਰ ਇੰਨੀ ਤੇਜ਼ੀ ਨਾਲ ਵਧੀ ਕਿ ਸਾਲ 2019 ਦੀ ਤੁਲਨਾ ’ਚ ਇਹ ਘੱਟ ਕੇ ਮਹਿਜ਼ 4.9 ਫੀਸਦੀ ਹੀ ਰਹਿ ਗਈ ਸੀ। ਓਧਰ ਇਸ ਸਾਲ ਅਗਸਤ ’ਚ ਜਰਮਨ ਚੈਂਬਰ ਆਫ ਕਾਮਰਸ ਦੇ ਸਰਵੇ ਦੇ ਅਨੁਸਾਰ 25.4 ਫੀਸਦੀ ਵਿਦੇਸ਼ੀ ਪ੍ਰੋਫੈਸ਼ਨਲ ਚੀਨ ਛੱਡ ਕੇ ਜਾ ਚੁੱਕੇ ਸਨ।

ਚੀਨ ’ਚ ਲੱਗੇ ਸਖਤ ਲਾਕਡਾਊਨ ਕਾਰਨ 22.4 ਫੀਸਦੀ ਜਰਮਨ ਉਦਯੋਗਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਟ੍ਰੇਂਡ ਕਾਮੇ ਨਹੀਂ ਮਿਲਣਗੇ। 2022 ਅਪ੍ਰੈਲ ’ਚ ਚੀਨ ’ਚ ਲਾਕਡਾਊਨ ’ਚ ਫਸੇ ਵਿਦੇਸ਼ੀਆਂ ’ਤੇ ਹੋਏ ਇਕ ਸਰਵੇ ’ਚ ਪਤਾ ਲੱਗਾ ਕਿ 950 ਵਿਦੇਸ਼ੀਆਂ ’ਚੋਂ 85 ਫੀਸਦੀ ਵਿਦੇਸ਼ੀ ਇਕ ਵਾਰ ਆਮ ਵਰਗੀ ਹਾਲਤ ਬਹਾਲ ਹੋਣ ਦੇ ਬਾਅਦ ਗੰਭੀਰਤਾ ਨਾਲ ਚੀਨ ਨੂੰ ਲੈ ਕੇ ਆਪਣੇ ਭਵਿੱਖ ਬਾਰੇ ਵਿਚਾਰ ਕਰਨਗੇ। ਇਨ੍ਹਾਂ ’ਚੋਂ 26 ਫੀਸਦੀ ਵਿਦੇਸ਼ੀਆਂ ਨੇ ਕਿਹਾ ਕਿ ਉਹ ਹਮੇਸ਼ਾ ਦੇ ਲਈ ਚੀਨ ਛੱਡ ਕੇ ਚਲੇ ਜਾਣਗੇ। ਕੌਮਾਂਤਰੀ ਪੱਧਰ ਦਾ ਦਰਜਾ ਹਾਸਲ ਕਰ ਚੁੱਕੇ ਸ਼ੰਘਾਈ ’ਚ ਲਾਕਡਾਊਨ ਕਾਰਨ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲ ਰਹੀ, ਡਾਕਟਰਾਂ ਕੋਲੋਂ ਲੋਕ ਇਲਾਜ ਨਹੀਂ ਕਰਵਾ ਸਕਦੇ। ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਜਬਰੀ ਅਲੱਗ ਕਰ ਦਿੱਤਾ ਗਿਆ। ਬਜ਼ੁਰਗਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਿਗਆ ਹੈ ਜਿਸ ਨਾਲ ਕਈ ਲਾਚਾਰ ਹੋ ਕੇ ਮਰ ਚੁੱਕੇ ਹਨ।

ਇਸ ਸਾਲ ਦੇ ਅੱਧ ’ਚ ਜਦੋਂ ਸ਼ੰਘਾਈ ’ਚ ਲਾਕਡਾਊਨ ਲੱਗਾ ਤਾਂ ਵਿਦੇਸ਼ੀਆਂ ਦੇ ਚੀਨ ਛੱਡਣ ਦਾ ਹੜ੍ਹ ਜਿਹਾ ਆ ਗਿਆ ਸੀ। ਵਿਦੇਸ਼ੀਆਂ ਦੇ ਚੀਨ ਛੱਡਣ ਦੇ ਨਾਲ-ਨਾਲ ਚੀਨ ’ਚ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਜੋ ਆਸ ਬੱਝੀ ਸੀ ਉਹ ਵੀ ਚਲੀ ਗਈ। ਚੀਨ ’ਚ ਇਸ ਸਮੇਂ ਬੜੇ ਘੱਟ ਵਿਦੇਸ਼ੀ ਬਚੇ ਹਨ, ਉਹ ਵੀ ਜਲਦੀ ਹੀ ਚੀਨ ਛੱਡਣਾ ਚਾਹੁੰਦੇ ਹਨ, ਫਿਰ ਕਦੀ ਚੀਨ ਨਾ ਆਉਣ ਦੇ ਲਈ। ਜਾਪਾਨ ਦੀ ਤੋਸ਼ੀਬਾ, ਬ੍ਰਿਟੇਨ ਦੀ ਸੁਪਰਡ੍ਰਾਈ ਅਤੇ ਐੱਚ. ਐਂਡ ਐੱਮ., ਦੱਖਣੀ ਕੋਰੀਆ ਦੀ ਲਾਤੇ ਪਹਿਲਾਂ ਹੀ ਚੀਨ ’ਚ ਆਪਣਾ ਸਾਰਾ ਕੰਮ ਬੰਦ ਕਰ ਕੇ ਨਵੀਂ ਉਡਾਣ ਭਰ ਚੁੱਕੀਆਂ ਹਨ। ਇਹ ਸਾਰੀਆਂ ਕੰਪਨੀਆਂ ਇੰਡੋਨੇਸ਼ੀਆ ਅਤੇ ਵੀਅਤਨਾਮ ਦੇ ਨਾਲ ਦੂਜੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦਾ ਰੁਖ ਕਰ ਚੁੱਕੀਆਂ ਹਨ। ਯੂਰਪੀਅਨ ਯੂਨੀਅਨ ਆਫ ਚਾਈਨਾ ਨੇ 372 ਯੂਰਪੀ ਕੰਪਨੀਆਂ ਦਾ ਇਕ ਸਰਵੇ ਕੀਤਾ ਜਿਸ ’ਚ ਉਨ੍ਹਾਂ ਨੇ ਪਾਇਆ ਕਿ ਇਨ੍ਹਾਂ ’ਚੋਂ 23 ਫੀਸਦੀ ਕੰਪਨੀਆਂ ਚੀਨ ਤੋਂ ਹਮੇਸ਼ਾ ਦੇ ਲਈ ਬਾਹਰ ਚਲੀਆਂ ਜਾਣਾ ਚਾਹੁੰਦੀਆਂ ਹਨ। 78 ਫੀਸਦੀ ਕੰਪਨੀਆਂ ਚੀਨ ’ਚ ਹੋਰ ਨਿਵੇਸ਼ ਦੀਆਂ ਚਾਹਵਾਨ ਨਹੀਂ ਹਨ। ਇਸ ਦੇ ਨਾਲ ਹੀ ਚੀਨ ਦੀ ਤਾਈਵਾਨ ਮੁਹਿੰਮ ਵੀ ਵਿਦੇਸ਼ੀ ਕੰਪਨੀਆਂ ਅਤੇ ਪੇਸ਼ੇਵਰਾਂ ਨੂੰ ਡਰਾ ਰਹੀ ਹੈ। ਅਜਿਹੇ ਵਾਤਾਵਰਣ ’ਚ ਚੀਨ ਦਾ ਭਵਿੱਖ ’ਚ ਆਰਥਿਕ ਤਰੱਕੀ ਕਰਨਾ ਲਗਭਗ ਅਸੰਭਵ ਦਿਸ ਰਿਹਾ ਹੈ।


Aarti dhillon

Content Editor

Related News