ਟੈਕਸ ਚੋਰੀ ਵਿਰੁੱਧ ਸਖਤ ਕਾਰਵਾਈ, 385 ਕਰੋੜ ਰੁਪਏ ਦਾ ਫਰਜ਼ੀ ਬਿਲਿੰਗ ਘਪਲਾ ਬੇਨਕਾਬ

Tuesday, Sep 16, 2025 - 12:47 AM (IST)

ਟੈਕਸ ਚੋਰੀ ਵਿਰੁੱਧ ਸਖਤ ਕਾਰਵਾਈ, 385 ਕਰੋੜ ਰੁਪਏ ਦਾ ਫਰਜ਼ੀ ਬਿਲਿੰਗ ਘਪਲਾ ਬੇਨਕਾਬ

ਚੰਡੀਗੜ੍ਹ/ਜਲੰਧਰ (ਅੰਕੁਰ/ਧਵਨ) - ਕਰ ਵਿਭਾਗ ਨੇ 385 ਕਰੋੜ ਰੁਪਏ ਦੇ ਧੋਖਾਦੇਹੀ ਵਾਲੇ ਲੈਣ-ਦੇਣ ਸਮੇਤ 69.57 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਵੱਡੇ ਜਾਅਲੀ ਬਿਲਿੰਗ ਘਪਲੇ ’ਚ ਸ਼ਾਮਲ 7 ਵਿਅਕਤੀਆਂ ਵਿਰੁੱਧ ਦੋ ਐੱਫ. ਆਈ. ਆਰਜ਼. ਦਰਜ ਕੀਤੀਆਂ ਹਨ।

ਪਹਿਲੀ ਐੱਫ. ਆਈ. ਆਰ. ਮੈਸਰਜ਼ ਰਾਜਧਾਨੀ ਆਇਰਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਤੇ ਇਸ ਦੇ ਡਾਇਰੈਕਟਰਾਂ, ਮਨੀਸ਼ ਗਰਗ ਤੇ ਰਿਦਮ ਗਰਗ ਵਿਰੁੱਧ ਦਰਜ ਕੀਤੀ ਗਈ। ਇਸ ਸਬੰਧੀ ਜਾਂਚ ਦੌਰਾਨ ਮੈਸਰਜ਼ ਮਹਾਲਕਸ਼ਮੀ ਟ੍ਰੇਡਰਜ਼ ਅਤੇ ਮੈਸਰਜ਼ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼ ਸਮੇਤ ਜਾਅਲੀ ਫਰਮਾਂ ਦੇ ਇਕ ਗੁੰਝਲਦਾਰ ਨੈੱਟਵਰਕ ਦਾ ਪਰਦਾਫ਼ਾਸ਼ ਹੋਇਆ, ਜੋ ਸਾਰੇ ਵੱਡੇ ਪੱਧਰ ’ਤੇ ਧੋਖਾਦੇਹੀ ਵਾਲੀਆਂ ਗਤੀਵਿਧੀਆਂ ਅਤੇ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੀ ਗ਼ਲਤ ਵਰਤੋਂ ’ਚ ਰੁੱਝੇ ਹੋਏ ਸਨ। ਇਨ੍ਹਾਂ ਘੋਸ਼ਿਤ ਵਪਾਰਕ ਸਥਾਨਾਂ ਦੀ ਭੌਤਿਕ ਤਸਦੀਕ ਤੋਂ ਪਤਾ ਲੱਗਾ ਹੈ ਕਿ ਉਹ ਜਾਂ ਤਾਂ ਬੰਦ ਸਨ ਜਾਂ ਮੌਜੂਦ ਨਹੀਂ ਸਨ, ਜਿਸ ਤੋਂ ਇਨ੍ਹਾਂ ਦੀਆਂ ਕਾਰਵਾਈਆਂ ’ਚ ਧੋਖਾਦੇਹੀ ਦੀ ਪੁਸ਼ਟੀ ਹੋਈ। ਇਸ ਫਰਮ ’ਤੇ 310 ਕਰੋੜ ਰੁਪਏ ਦੇ ਧੋਖਾਦੇਹੀ ਵਾਲੇ ਲੈਣ-ਦੇਣ ਦਾ ਮਾਮਲਾ ਹੈ, ਜਿਸ ਦੇ ਨਤੀਜੇ ਵਜੋਂ 55.93 ਕਰੋੜ ਰੁਪਏ ਦੀ ਟੈਕਸ ਚੋਰੀ ਹੋਈ। ਇਸ ਮਾਮਲੇ ’ਚ ਐੱਸ. ਐੱਸ. ਪੀ. ਫ਼ਤਿਹਗੜ੍ਹ ਸਾਹਿਬ ਕੋਲ ਐੱਫ. ਆਈ. ਆਰ. ਦਰਜ ਕੀਤੀ ਗਈ।

ਹੋਰ ਕਾਰਵਾਈ ’ਚ 9 ਸਤੰਬਰ, 2025 ਨੂੰ ਮੈਸਰਜ਼ ਕੇ. ਕੇ. ਇੰਡਸਟਰੀਜ਼ ਤੇ ਇਸ ਦੇ ਸਹਿਯੋਗੀਆਂ ਚੰਦਨ ਸਿੰਘ, ਅਮਨਦੀਪ ਸਿੰਘ ਅਤੇ ਮੁਕੇਸ਼ ਵਿਰੁੱਧ ਇਕ ਹੋਰ ਵੱਡੇ ਜਾਅਲੀ ਬਿਲਿੰਗ ਘਪਲੇ ’ਚ ਭੂਮਿਕਾ ਸਬੰਧੀ ਐੱਫ. ਆਈ. ਆਰ. ਦਰਜ ਕੀਤੀ ਗਈ। ਮੈਸਰਜ਼ ਕੇ. ਕੇ. ਇੰਡਸਟਰੀਜ਼ ਮਾਲ ਦੀ ਅਸਲ ਆਵਾਜਾਈ ਤੋਂ ਬਿਨਾਂ ਹੀ ਜਾਅਲੀ ਇਨਵੋਇਸ ਜਾਰੀ ਕਰ ਰਹੀ ਸੀ, ਜਿਸ ਨਾਲ ਲਾਭਪਾਤਰੀ ਫਰਮਾਂ ਨੂੰ ਗ਼ਲਤ ਤਰੀਕੇ ਨਾਲ ਆਈ. ਟੀ. ਸੀ. ਪਾਸ ਕਰਨ ਅਤੇ ਪ੍ਰਾਪਤ ਕਰਨ ’ਚ ਮਦਦ ਮਿਲ ਰਹੀ ਸੀ। ਜਾਂਚਕਰਤਾਵਾਂ ਨੇ ਜੀਐਸਟੀ ਰਿਟਰਨਾਂ, ਈ-ਵੇਅ ਬਿੱਲ ਡੇਟਾ ਦੀ ਕਰਾਸ-ਵੈਰੀਫਾਈ ਕੀਤੀ ਤੇ ਅਹਾਤੇ ਦੀ ਭੌਤਿਕ ਤਸਦੀਕ ਕੀਤੀ, ਜਿਸ ਨਾਲ ਲੈਣ-ਦੇਣ ਦੀ ਧੋਖਾਦੇਹੀ ਵਾਲੀ ਪ੍ਰਕਿਰਤੀ ਦਾ ਪਰਦਾਫ਼ਾਸ਼ ਹੋਇਆ। ਇਹ ਫਰਮ 75 ਕਰੋੜ ਰੁਪਏ ਦੇ ਧੋਖਾਦੇਹੀ ਵਾਲੇ ਲੈਣ-ਦੇਣ ਨਾਲ ਜੁੜੀ ਹੋਈ ਹੈ, ਜਿਸ ਸਦਕਾ 13.64 ਕਰੋੜ ਰੁਪਏ ਦੀ ਟੈਕਸ ਚੋਰੀ ਹੋਈ।

ਇਸ ਤੋਂ ਇਲਾਵਾ 14 ਸਤੰਬਰ ਨੂੰ ਬਠਿੰਡਾ ਵਿਖੇ ਦੀਪਕ ਸਿੰਗਲਾ ਅਤੇ ਵਿਵੇਕ ਸਿੰਗਲਾ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ। ਦੋਵਾਂ ਦੀ ਪਛਾਣ ਬਠਿੰਡਾ ਖੇਤਰ ’ਚ ਲੋਹੇ ਅਤੇ ਸਟੀਲ ਦੇ ਸਾਮਾਨ ਦੇ ਪਾਸਰ ਵਜੋਂ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਬਿਨਾਂ ਹਿਸਾਬ-ਕਿਤਾਬ ਵਾਲੇ ਸਾਮਾਨ ਨੂੰ ਲੋੜੀਂਦੀ ਬਿਲਿੰਗ ਤੋਂ ਬਿਨਾਂ ਹੀ ਢੋਆ-ਢੁਆਈ ’ਚ ਸ਼ਾਮਲ ਸਨ, ਜਿਸ ਨਾਲ ਵੱਡੇ ਪੱਧਰ ’ਤੇ ਟੈਕਸ ਚੋਰੀ ਕੀਤੀ ਗਈ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ।

ਇਨ੍ਹਾਂ ਐੱਫ. ਆਈ. ਆਰਜ਼ ਤੋਂ ਇਲਾਵਾ ਕਰ ਵਿਭਾਗ ਨੇ ਆਪਣੀ ਫੀਲਡ ਪੱਧਰੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਮੰਡੀ ਗੋਬਿੰਦਗੜ੍ਹ ਵਿਖੇ ਇਕ ਵਿਸ਼ੇਸ਼ ਤਿੰਨ ਦਿਨਾਂ ਚੈਕਿੰਗ ਮੁਹਿੰਮ ਦੌਰਾਨ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟਸ (ਐੱਸ. ਆਈ. ਪੀ. ਯੂ.) ਨੇ ਤਸਦੀਕ ਲਈ 108 ਵਾਹਨਾਂ ਨੂੰ ਰੋਕਿਆ। ਇਨ੍ਹਾਂ ’ਚੋਂ 26 ਵਾਹਨਾਂ ਨੂੰ 50 ਲੱਖ ਰੁਪਏ ਦੇ ਜੁਰਮਾਨੇ ਲਾਏ ਜਾ ਚੁੱਕੇ ਹਨ ਤੇ ਬਾਕੀ ਵਾਹਨਾਂ ਬਾਰੇ ਕਾਰਵਾਈ ਅਜੇ ਵੀ ਜਾਰੀ ਹੈ।
 


author

Inder Prajapati

Content Editor

Related News