ਇਕ ਪਾਸੇ ‘ਭੋਜਨ ਬਰਬਾਦ ਹੋ ਰਿਹਾ ਹੈ’ ਦੂਸਰੇ ਪਾਸੇ ‘ਗਰੀਬ ਭੁੱਖ ਨਾਲ ਤੜਪ ਰਹੇ ਹਨ’

03/09/2021 3:00:12 AM

ਅੱਜ ਭੋਜਨ ਦੀ ਬਰਬਾਦੀ ਇਕ ਵਿਸ਼ਵਵਿਆਪੀ ਸਮੱਸਿਆ ਬਣ ਗਈ ਹੈ। ਇਕ ਪਾਸੇ ਕਰੋੜਾਂ ਲੋਕ ਭੁੱਖ ਨਾਲ ਤੜਪ ਰਹੇ ਹਨ ਤਾਂ ਦੂਜੇ ਪਾਸੇ ਕਈ ਦੇਸ਼ਾਂ ’ਚ ਲੋਕ ਵੱਡੀ ਮਾਤਰਾ ’ਚ ਅਨਾਜ ਨਸ਼ਟ ਕਰ ਰਹੇ ਹਨ। ਇਸੇ ਕਾਰਨ ਵਿਸ਼ਵ ’ਚ 70 ਕਰੋੜ ਲੋਕਾਂ ਨੂੰ ਦੋ ਸਮੇਂ ਦਾ ਭੋਜਨ ਵੀ ਨਸੀਬ ਨਹੀਂ ਅਤੇ ਉਹ ਭੁੱਖੇ ਪੇਟ ਸੌਣ ਨੂੰ ਮਜਬੂਰ ਹਨ।

ਭੋਜਨ ਦੀ ਵਿਸ਼ਵ ਵਿਆਪੀ ਸਮੱਸਿਆ ਕਾਰਨ ਰੋਜ਼ਾਨਾ 5 ਸਾਲ ਦੀ ਉਮਰ ਤੋਂ ਘੱਟ ਲਗਭਗ 24,000 ਬੱਚੇ ਭੁੱਖ ਨਾਲ ਦਮ ਤੋੜ ਰਹੇ ਹਨ ਅਤੇ 87 ਕਰੋੜ ਤੋਂ ਵੱਧ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ।

ਹਾਲ ਹੀ ’ਚ ਜਾਰੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਸਾਲ 2019 ’ਚ ਵਿਸ਼ਵ ਭਰ ’ਚ 93 ਕਰੋੜ 10 ਲੱਖ ਟਨ ਭੋਜਨ ਦੁਕਾਨਾਂ, ਰੈਸਟੋਰੈਂਟਾਂ ਅਤੇ ਖਾਣ ਪੀਣ ਦੇ ਹੋਰ ਸਥਾਨਾਂ ’ਤੇ ਬਰਬਾਦ ਹੋਇਆ।

ਨਸ਼ਟ ਹੋਏ ਅਨਾਜ ਦੀ ਇਹ ਮਾਤਰਾ ਵਿਸ਼ਵ ਭਰ ’ਚ ਪੈਦਾ ਹੋਣ ਵਾਲੇ ਅਨਾਜ ਦਾ 17 ਫੀਸਦੀ ਹੈ। ਭੋਜਨ ਦਾ 61 ਫੀਸਦੀ ਹਿੱਸਾ ਘਰਾਂ, 26 ਫੀਸਦੀ ਹਿੱਸਾ ਹੋਟਲਾਂ ਅਤੇ ਹਾਸਪਿਟੈਲਿਟੀ ਉਦਯੋਗ ਅਤੇ 13 ਫੀਸਦੀ ਹੋਰ ਖੇਤਰਾਂ ’ਚ ਬਰਬਾਦ ਹੋਇਆ।

ਭਾਰਤੀ ਘਰਾਂ ’ਚ ਬਰਬਾਦ ਹੋਏ ਭੋਜਨ ਦੀ ਮਾਤਰਾ 6 ਕਰੋੜ 87 ਲੱਖ ਟਨ ਸੀ ਭਾਵ ਭਾਰਤੀ ਘਰਾਂ ’ਚ ਹਰੇਕ ਵਿਅਕਤੀ ਨੇ ਸਾਲ ’ਚ ਔਸਤਨ ਘੱਟ ਤੋਂ ਘੱਟ 50 ਕਿਲੋ ਭੋਜਨ ਨਸ਼ਟ ਕੀਤਾ।

‘ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ’ ਦੇ ਕਾਰਜਕਾਰੀ ਨਿਰਦੇਸ਼ਕ ਇੰਗਰ ਐਂਡਰਸਨ ਨੇ ਚਿਤਾਵਨੀ ਦਿੱਤੀ ਹੈ ਕਿ ‘‘ਦੁਨੀਆ ਦੇ ਹਰ ਦੇਸ਼ ਅਤੇ ਹਰ ਵਿਅਕਤੀ ਨੂੰ ਸਮਝਣਾ ਹੋਵੇਗਾ ਕਿ ਅੰਨ ਦਾ ਇਕ ਦਾਣਾ ਵੀ ਬਰਬਾਦ ਨਾ ਹੋ ਸਕੇ।’’

‘‘ਜੇਕਰ ਅਸੀਂ ਜਲਵਾਯੂ ਪਰਿਵਰਤਨ ਅਤੇ ਕੁਦਰਤੀ ਸੋਮਿਆਂ ਨੂੰ ਪਹੁੰਚਣ ਵਾਲਾ ਨੁਕਸਾਨ ਰੋਕਣ ਦੇ ਸਬੰਧ ’ਚ ਆਪਣੀ ਜ਼ਿੰਮੇਵਾਰੀ ਨਾ ਸਮਝੀ ਤਾਂ ਇਕ ਦਿਨ ਸਾਨੂੰ ਹੀ ਇਸ ਦੀ ਕੀਮਤ ਅਦਾ ਕਰਨੀ ਪਵੇਗੀ।’’

ਮਹਿੰਗੇ ਵਿਆਹ ਅਤੇ ਹੋਰ ਸ਼ਾਨਦਾਰ ਸਮਾਰੋਹ ਵੀ ਇਸ ਦਾ ਵੱਡਾ ਕਾਰਨ ਹਨ, ਜਿਥੇ ਲੋਕ ਖਾਂਦੇ ਘੱਟ ਅਤੇ ਜੂਠ ਜ਼ਿਆਦਾ ਛੱਡਦੇ ਹਨ। ਮਾਹਿਰਾਂ ਦੇ ਅਨੁਸਾਰ ਵਿਆਹਾਂ ਅਤੇ ਹੋਰ ਸਮਾਰੋਹਾਂ ’ਚ ਅੰਦਾਜ਼ਨ ਲੋੜ ਤੋਂ 20 ਤੋਂ 25 ਫੀਸਦੀ ਤਕ ਵਧ ਭੋਜਨ ਪਕਾਇਆ ਜਾਂਦਾ ਹੈ, ਇਸ ਲਈ ਉਸ ਦਾ ਕਾਫੀ ਹਿੱਸਾ ਬਚ ਜਾਂਦਾ ਹੈ, ਜਿਸ ਨੂੰ ਕੈਟਰਿੰਗ ਵਾਲੇ ਲੋੜਵੰਦਾਂ ਤਕ ਪਹੁੰਚਾਉਣ ਦੀ ਬਜਾਏ ਨਾਲੀਆਂ ਆਦਿ ’ਚ ਰੋੜ੍ਹ ਕੇ ਜਾਂ ਕੂੜੇ ਦੇ ਰੂਪ ’ਚ ਸੁੱਟ ਕੇ ਨਸ਼ਟ ਕਰ ਦਿੰਦੇ ਹਨ।

ਰਿਪੋਰਟ ਦੇ ਅਨੁਸਾਰ ਅੰਨ ਬਰਬਾਦ ਕਰਨ ਨਾਲ ਸਬੰਧਤ ਦੇਸ਼ਾਂ ਦੀ ਆਰਥਿਕ ਸਥਿਤੀ ਅਤੇ ਵਾਤਾਵਰਣ ’ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਅੰਨ ਦੀ ਇਹ ਬਰਬਾਦੀ ਕੁਦਰਤੀ ਸੋਮਿਅਾਂ ਨੂੰ ਵੀ ਹਾਨੀ ਪਹੁੰਚਾਉਂਦੀ ਹੈ।

ਫਾਲਤੂ ਸਮਝ ਕੇ ਟੋਇਆਂ ’ਚ ਸੁੱਟੇ ਗਏ ਭੋਜਨ ਤੋਂ ਨਿਕਲਣ ਵਾਲੀ ਹਾਨੀਕਾਰਕ ਮਿਥੇਨ ਗੈਸ ਗਲੋਬਲ ਵਾਰਮਿੰਗ ਨੂੰ ਵਧਾਉਂਦੀ ਹੈ। ਵਿਸ਼ਵ ਭਰ ’ਚ ਹੋਣ ਵਾਲੇ ਕੁਲ ਗ੍ਰੀਨ ਹਾਊਸ ਗੈਸ ਦੀ ਨਿਕਾਸੀ ਦਾ 8-10 ਫੀਸਦੀ ਹਿੱਸਾ ਟੋਇਆਂ ’ਚ ਸੁੱਟ ਕੇ ਭੋਜਨ ਬਰਬਾਦ ਕਰਨ ਦਾ ਹੀ ਨਤੀਜਾ ਹੈ।

ਨੈਤਿਕਤਾ ਦਾ ਤਕਾਜ਼ਾ ਇਹ ਹੈ ਕਿ ਸਾਨੂੰ ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਰੋਹਾਂ ’ਚ ਹੀ ਨਹੀਂ ਸਗੋਂ ਆਪਣੇ ਘਰਾਂ ’ਚ ਵੀ ਖਾਣਾ ਖਾਂਦੇ ਸਮੇਂ ਜੂਠ ਨਹੀਂ ਛੱਡਣੀ ਚਾਹੀਦੀ ਅਤੇ ਜਿੰਨੀ ਲੋੜ ਹੋਵੇ ਓਨਾ ਹੀ ਲੈਣਾ ਚਾਹੀਦਾ ਹੈ ਅਤੇ ਭੁੱਖ ਤੋਂ ਕੁਝ ਘੱਟ ਹੀ ਖਾਣਾ ਚਾਹੀਦਾ ਹੈ ਜੋ ਸਿਹਤ ਲਈ ਵੀ ਚੰਗਾ ਹੈ।

ਭੋਜਨ ਪਰੋਸਨ ਵਾਲਿਆਂ ਦੇ ਲਈ ਵੀ ਉਚਿੱਤ ਹੋਵੇਗਾ ਕਿ ਉਹ ਇਕ ਵਾਰ ’ਚ ਹੀ ਵੱਧ ਤੋਂ ਵੱਧ ਨਾ ਪਰੋਸਣ ਅਤੇ ਲੋੜ ਦੇ ਅਨੁਸਾਰ ਹੀ ਦੇਣ ਕਿਉਂਕਿ ਨਾ ਸਿਰਫ ਜੂਠ ਲੱਗੇ ਬਰਤਨ ਸਾਫ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ ਸਗੋਂ ਨਾਲੀਆਂ ’ਚ ਜੂਠ ਸੁੱਟਣ ਨਾਲ ਗੰਦਗੀ ਵੀ ਫੈਲਦੀ ਹੈ।

ਵਿਸ਼ਵ ਦੀ ਲਗਾਤਾਰ ਵਧ ਰਹੀ ਆਬਾਦੀ ਵੀ ਭੋਜਨ ਦੀ ਕਮੀ ਦਾ ਵੱਡਾ ਕਾਰਨ ਹੈ। ਇਕ ਅਧਿਐਨ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਮਾਂ ਰਹਿੰਦਿਆਂ ਆਬਾਦੀ ਵਾਧੇ ’ਤੇ ਰੋਕ ਨਹੀਂ ਲਗਾਈ ਗਈ ਤਾਂ 2050 ’ਚ ਧਰਤੀ ’ਤੇ ਮੌਜੂਦ ਲਗਭਗ 9 ਅਰਬ ਆਬਾਦੀ ਨੂੰ ਭੋਜਨ ਅਤੇ ਪੋਸ਼ਣ ਉਪਲਬਧ ਕਰਵਾਉਣਾ ਮੁਸ਼ਕਲ ਹੋ ਜਾਵੇਗਾ।

ਭਾਰਤ ’ਚ ਅੰਨ ਨੂੰ ਵੀ ਦੇਵਤਾ ਦਾ ਦਰਜਾ ਪ੍ਰਾਪਤ ਹੈ ਅਤੇ ਭਾਰਤੀ ਧਰਮ ਦਰਸ਼ਨ ’ਚ ਭੋਜਨ ਦਾ ਨਰਾਦਰ ਕਰਨਾ ਜਾਂ ਜੂਠ ਛੱਡਣੀ ਅਨੁਚਿਤ ਮੰਨਿਆ ਗਿਆ ਹੈ। ਇਸ ਲਈ ਜੂਠ ਨਾ ਛੱਡਣ ਨਾਲ ਜਿਥੇ ਅਨਾਜ ਦੀ ਸਹੀ ਵਰਤੋਂ ਅਤੇ ਇਸ ਦੇ ਵਿਅਰਥ ’ਚ ਨਸ਼ਟ ਹੋਣ ਨਾਲ ਬਚਾਅ ਹੋਵੇਗਾ, ਉਥੇ ਹੀ ਧਨ ਦੀ ਬੱਚਤ ਹੋਣ ਦੇ ਨਾਲ-ਨਾਲ ਇਹ ਸਿਹਤ ਦੇ ਲਈ ਵੀ ਚੰਗਾ ਹੋਵੇਗਾ।

ਇਹੀ ਨਹੀਂ, ਬਚਿਆ ਹੋਇਆ ਭੋਜਨ ਲੋੜਵੰਦਾਂ ਤਕ ਪਹੁੰਚਾ ਦੇਣ ਨਾਲ ਨਾ ਸਿਰਫ ਉਨ੍ਹਾਂ ਦਾ ਪੇਟ ਭਰੇਗਾ ਸਗੋਂ ਗੰਦਗੀ ਅਤੇ ਪ੍ਰਦੂਸ਼ਣ ਤੋਂ ਵੀ ਬਚਾਅ ਹੋਵੇਗਾ ਅਤੇ ਕਿਸੇ ਭੁੱਖੇ ਦਾ ਪੇਟ ਭਰਨ ਨਾਲ ਜੋ ਪੁੰਨ ਮਿਲੇਗਾ ਸੋ ਵੱਖਰਾ!

–ਵਿਜੇ ਕੁਮਾਰ


Bharat Thapa

Content Editor

Related News