ਦੱਖਣ ਭਾਰਤ ’ਚ ਭਾਜਪਾ ਦੇ ਗੱਠਜੋੜ ਯਤਨਾਂ ਨੂੰ ਪਹਿਲਾ ਧੱਕਾ

01/13/2019 8:00:48 AM

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2014 ਦੀਅਾਂ ਚੋਣਾਂ ’ਚ ਤਾਮਿਲਨਾਡੂ ’ਚ ਪੀ. ਐੱਮ. ਕੇ. ਅਤੇ ਐੱਮ. ਡੀ. ਐੱਮ. ਕੇ. ਸਮੇਤ 5 ਛੋਟੀਅਾਂ-ਛੋਟੀਅਾਂ ਖੇਤਰੀ ਪਾਰਟੀਅਾਂ ਨਾਲ ਗੱਠਜੋੜ ਕੀਤਾ ਸੀ ਅਤੇ 39 ’ਚੋਂ 1 ਸੀਟ ’ਤੇ ਪਾਰਟੀ ਨੇ ਤੇ ਦੂਜੀ ’ਤੇ ਪੀ. ਐੱਮ. ਕੇ. ਨੇ ਜਿੱਤ ਦਰਜ ਕੀਤੀ ਸੀ ਪਰ ਬਾਅਦ ’ਚ ਪੰਜਾਂ ਪਾਰਟੀਅਾਂ ਨੇ ਭਾਜਪਾ ਨਾਲੋਂ ਰਿਸ਼ਤੇ ਤੋੜ ਲਏ ਸਨ। 
ਇਸ ਸਮੇਂ ਜਿੱਥੇ ਇਕ ਪਾਸੇ ਲੋਕ ਸਭਾ ਤੋਂ ਇਲਾਵਾ 6 ਸੂਬਿਅਾਂ ਦੀਅਾਂ ਆਉਣ ਵਾਲੀਅਾਂ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਦੇ ਕਈ ਗੱਠਜੋੜ ਸਹਿਯੋਗੀ ਇਸ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਦੂਜੇ ਪਾਸੇ ਯੂ. ਪੀ. ’ਚ ਸਪਾ, ਬਸਪਾ ਤੇ ਹੋਰ ਸੂਬਿਅਾਂ ’ਚ ਕਾਂਗਰਸ ਅਤੇ ਦੂਜੀਅਾਂ ਵਿਰੋਧੀ ਪਾਰਟੀਅਾਂ  ’ਚ ਭਾਜਪਾ ਦਾ ਮੁਕਾਬਲਾ ਕਰਨ ਲਈ ਹੋਣ   ਵਾਲੇ ਗੱਠਜੋੜ ਕਾਰਨ  ਭਾਜਪਾ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 
ਦੂਜੇ ਪਾਸੇ ਜਿੱਥੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਹਾਰਾਸ਼ਟਰ ’ਚ ਆਪਣੇ ਨੇਤਾਵਾਂ ਨੂੰ ਨਾਰਾਜ਼ ਸ਼ਿਵ ਸੈਨਾ ਵਿਰੁੱਧ ਉਕਸਾਹਟ ਭਰੀਅਾਂ ਗੱਲਾਂ ਨਾ ਕਹਿਣ ਦੀ ਨਸੀਹਤ ਦਿੱਤੀ ਹੈ, ਉਥੇ ਹੀ ਉਨ੍ਹਾਂ ਨੇ ਦੱਖਣ ਭਾਰਤ ’ਚ ਗੱਠਜੋੜ ਸਹਿਯੋਗੀਅਾਂ ਦੀ ਭਾਲ ਸ਼ੁਰੂ ਕੀਤੀ ਹੋਈ ਹੈ। ਇਸ ਦੇ ਨਾਲ ਹੀ ਉਹ ਵੱਖ-ਵੱਖ ਵਰਗਾਂ ਦੀਅਾਂ ਵੋਟਾਂ ਹਾਸਿਲ ਕਰਨ ਲਈ ਦੂਜੀਅਾਂ ਪਾਰਟੀਅਾਂ ਦੇ ਨਾਰਾਜ਼ ਆਗੂਅਾਂ ਨੂੰ ਪਾਰਟੀ ’ਚ ਸ਼ਾਮਿਲ ਕਰਨ ਦੇ ਯਤਨ ਵੀ ਕਰ ਰਹੇ ਹਨ। 
ਚੋਣਾਂ ਨੂੰ ਦੇਖਦਿਅਾਂ ਹੀ ਅਮਿਤ ਸ਼ਾਹ ਨੇ ਪਾਰਟੀ ਦੇ ਵੱਡੇ ਆਗੂਅਾਂ ਅਰੁਣ ਜੇਤਲੀ, ਰਾਜਨਾਥ ਸਿੰਘ ਆਦਿ ਨੂੰ 5 ਦੱਖਣ ਭਾਰਤੀ ਸੂਬਿਅਾਂ ਤਾਮਿਲਨਾਡੂ, ਅਾਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲ ਅਤੇ ਕਰਨਾਟਕ ’ਤੇ ਫੋਕਸ ਕਰਨ ਲਈ ਕਿਹਾ ਹੈ। 
ਇਸੇ ਪਿਛੋਕੜ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਜਨਵਰੀ ਨੂੰ ਤਾਮਿਲਨਾਡੂ ’ਚ 5 ਜ਼ਿਲਿਅਾਂ ਦੇ ਬੂਥ ਪੱਧਰੀ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਦਿਅਾਂ 90 ਦੇ ਦਹਾਕੇ ’ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਵਲੋਂ ਸ਼ੁਰੂ ਕੀਤੀ ਗਈ ਸਫਲ ਗੱਠਜੋੜ ਸਿਆਸਤ ਦਾ ਜ਼ਿਕਰ ਕੀਤਾ ਹੈ। 
ਨਾਲ ਹੀ ਨਰਿੰਦਰ ਮੋਦੀ ਨੇ ਨਵੇਂ ਗੱਠਜੋੜ ਸਹਿਯੋਗੀ ਬਣਾਉਣ ਅਤੇ ਪੁਰਾਣੇ ਗੱਠਜੋੜ ਸਹਿਯੋਗੀਅਾਂ ਨਾਲ ਦੋਸਤੀ ਨਿਭਾਉਣ ਦਾ ਵੀ ਉਚਿਤ ਸੰਕੇਤ ਦਿੱਤਾ ਹੈ। ਇਕ ਵਰਕਰ ਦੇ ਇਹ ਪੁੱਛਣ ’ਤੇ ਕਿ ਕੀ ਭਾਜਪਾ ਦੱਖਣ ਭਾਰਤ ’ਚ ਅੰਨਾ ਡੀ. ਐੱਮ. ਕੇ. ਜਾਂ ਅਭਿਨੇਤਾ ਤੋਂ ਨੇਤਾ ਬਣੇ ਰਜਨੀਕਾਂਤ ਨਾਲ ਗੱਠਜੋੜ ਕਰੇਗੀ, ਉਨ੍ਹਾਂ ਕਿਹਾ :
‘‘ਭਾਜਪਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। 20 ਸਾਲ ਪਹਿਲਾਂ ਸਾਡੇ ਦੂਰਅੰਦੇਸ਼ ਨੇਤਾ ਸ਼੍ਰੀ ਅਟਲ ਬਿਹਾਰੀ ਵਾਜਪਾਈ ਭਾਰਤੀ ਸਿਆਸਤ ’ਚ ਨਵੀਂ ਸੱਭਿਅਤਾ ਲਿਆਏ ਸਨ, ਜੋ ਸਫਲ ਗੱਠਜੋੜ ਸਿਆਸਤ ਵਾਲੀ ਸੱਭਿਅਤਾ ਸੀ। ਉਨ੍ਹਾਂ ਨੇ ਖੇਤਰੀ ਇੱਛਾਵਾਂ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ। ਅਟਲ ਜੀ ਨੇ ਜੋ ਰਾਹ ਦਿਖਾਇਆ ਸੀ, ਭਾਜਪਾ ਉਸੇ ’ਤੇ ਚੱਲ ਰਹੀ ਹੈ।’’
5 ਦਹਾਕਿਅਾਂ ਤਕ ਕਾਂਗਰਸ ਦੇ ਨੇੜੇ ਰਹੀ ਡੀ. ਐੱਮ. ਕੇ. ਦੇ ਭਾਜਪਾ ਨਾਲ ਕਦੇ ਵੀ ਵਿਚਾਰਕ ਸਬੰਧ ਨਹੀਂ ਬਣ ਸਕੇ, ਹਾਲਾਂਕਿ 1999 ਦੀਅਾਂ ਚੋਣਾਂ ਤੋਂ ਪਹਿਲਾਂ ਦੋਵੇਂ ਇਕ-ਦੂਜੇ ਦੇ ਨੇੜੇ ਆਈਅਾਂ ਸਨ ਪਰ 2004 ਦੀਅਾਂ ਚੋਣਾਂ ਤੋਂ ਠੀਕ ਪਹਿਲਾਂ ਦੋਵੇਂ ਅੱਡ ਹੋ ਗਈਅਾਂ ਸਨ ਅਤੇ ਉਦੋਂ ਤੋਂ ਹੀ ਦੋਹਾਂ ਵਿਚਾਲੇ ਦੂਰੀ ਬਣੀ ਹੋਈ ਹੈ। 
ਜਿੱਥੇ ਭਾਜਪਾ ਨਾਲ ਗੱਠਜੋੜ ਦੇ ਮਾਮਲੇ ’ਚ ਅੰਨਾ ਡੀ. ਐੱਮ. ਕੇ. ਅਨਿਸ਼ਚਿਤਤਾ ਦੀ ਸਥਿਤੀ ’ਚ ਹੈ, ਉਥੇ ਹੀ ਨਰਿੰਦਰ ਮੋਦੀ ਦੇ ਉਕਤ ਬਿਆਨ ’ਤੇ ਤਾਮਿਲਨਾਡੂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
ਐੱਮ. ਕੇ. ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੇ ਜਵਾਬ ’ਚ ਕਿਹਾ ਹੈ ਕਿ ‘‘ਡੀ. ਐੱਮ. ਕੇ. ਹੁਣ ਕਦੇ ਵੀ ਭਾਜਪਾ ਨਾਲ ਗੱਠਜੋੜ ਨਹੀਂ ਕਰੇਗੀ ਤੇ ਨਰਿੰਦਰ ਮੋਦੀ ਵਾਜਪਾਈ ਨਹੀਂ ਹਨ। ਉਨ੍ਹਾਂ ਦੀ ਅਗਵਾਈ ਹੇਠ ਗੱਠਜੋੜ ਚੰਗਾ ਨਹੀਂ ਹੈ ਤੇ ਇਹ ਗੱਲ ਹਾਸੋਹੀਣੀ ਤੇ ਹੈਰਾਨੀਜਨਕ ਹੈ ਕਿ ਉਹ ਖ਼ੁਦ ਆਪਣੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਾਲ ਕਰ ਰਹੇ ਹਨ।’’
ਸਟਾਲਿਨ ਅਨੁਸਾਰ, ‘‘ਲੋਕ ਇਹ ਨਹੀਂ ਭੁੱਲਣਗੇ ਕਿ ਨਰਿੰਦਰ ਮੋਦੀ ਦੇ ਰਾਜ ’ਚ ਹੀ ਤਾਮਿਲਨਾਡੂ ਦੇ ਅਧਿਕਾਰ ਖੋਹੇ ਗਏ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ। ਮੋਦੀ ਨੇ ਭਾਰਤ ਦੀ ਏਕਤਾ ਮਜ਼ਬੂਤ ਕਰਨ ਲਈ  ਕੁਝ ਨਹੀਂ ਕੀਤਾ ਅਤੇ ਉਨ੍ਹਾਂ ਨੇ ਧਰਮ-ਨਿਰਪੱਖਤਾ, ਸਮਾਜਿਕ ਨਿਅਾਂ ਅਤੇ ਸੰਘਵਾਦ ਦੀਅਾਂ ਕਦਰਾਂ-ਕੀਮਤਾਂ ਦੀ ਅਣਦੇਖੀ ਕੀਤੀ।’’
ਸ਼੍ਰੀ ਵਾਜਪਾਈ ਨੂੰ ਸਿਹਤਮੰਦ ਗੱਠਜੋੜ ਬਣਾਉਣ ਦਾ ਸਿਹਰਾ ਦਿੰਦਿਅਾਂ ਉਨ੍ਹਾਂ ਕਿਹਾ ਕਿ ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨਕਾਲ ’ਚ ਅਜਿਹਾ ਨਹੀਂ ਹੈ।’’  ਉਨ੍ਹਾਂ ਨੇ ਦੇਸ਼ ’ਚ ਵੱਖ-ਵੱਖ ਵਿਚਾਰਧਾਰਾਵਾਂ (Pluralism) ਦੀ ਰੱਖਿਆ ਨਾ ਕਰਨ ਦਾ ਵੀ ਮੋਦੀ ’ਤੇ ਦੋਸ਼ ਲਾਇਆ।
ਗੱਠਜੋੜ ਸਹਿਯੋਗੀਅਾਂ ਦਾ ਦਾਇਰਾ ਵਧਾਉਣ  ਲਈ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੇ  ਯਤਨ  ਚੰਗੇ ਹਨ ਅਤੇ ਉਨ੍ਹਾਂ ਵੱਲੋਂ ਸ਼੍ਰੀ ਵਾਜਪਾਈ ਦੇ ਰਾਹ ’ਤੇ ਚਲਦੇ ਹੋਏ ਦੂਜੀਆਂ ਪਾਰਟੀਆਂ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਦੀ ਸੋਚ ਸ਼ਲਾਘਾਯੋਗ ਹੈ ਪਰ ਇਸ ’ਚ ਉਨ੍ਹਾਂ ਨੂੰ ਕਿੰਨੀ ਸਫਲਤਾ ਮਿਲਦੀ ਹੈ, ਇਹ ਸਮੇਂ ਦੇ ਗਰਭ ’ਚ ਹੈ।
–ਵਿਜੇ ਕੁਮਾਰ


Related News