ਕੀ ਗੁਲ ਖਿੜਾਏਗੀ ਰਾਸ਼ਟਰਪਤੀ ਅਹੁਦੇ ਲਈ ਟ੍ਰੰਪ ਅਤੇ ਹਿਲੇਰੀ ਦੀ ਪਹਿਲੀ ਬਹਿਸ

09/26/2016 3:16:54 AM

ਸਾਲ 2016 ਦੀ ਅਮਰੀਕੀ ਰਾਸ਼ਟਰਪਤੀ ਚੋਣ ਦੇ ਸੰਬੰਧ ''ਚ ਪਹਿਲੀ ਆਮ ਬਹਿਸ ਸੋਮਵਾਰ 26 ਸਤੰਬਰ (ਭਾਰਤੀ ਸਮੇਂ ਅਨੁਸਾਰ ਮੰਗਲਵਾਰ ਨੂੰ ਸਵੇਰੇ 6 ਵਜੇ) ਨਿਊਯਾਰਕ ''ਚ ਹੈਂਪਸਟੀਡ ਸਥਿਤ ਹੋਫਸਟ੍ਰਾ ਯੂਨੀਵਰਸਿਟੀ ''ਚ ਹੋਵੇਗੀ। 
90 ਮਿੰਟ ਤਕ ਚੱਲਣ ਵਾਲੀ ਇਸ ਬਹਿਸ ਦਾ ਸਜੀਵ ਪ੍ਰਸਾਰਣ ਕੀਤਾ ਜਾਵੇਗਾ ਅਤੇ ਉਸ ''ਤੇ ਸਾਰੇ ਵਿਸ਼ਵ ਦੇ ਲੋਕਾਂ, ਟੀ. ਵੀ. ਚੈਨਲਾਂ, ਟਵਿਟਰ ਅਤੇ ਸੋਸ਼ਲ ਮੀਡੀਆ ਦੀ ਨਜ਼ਰ ਹੋਵੇਗੀ। ਚੋਣ ਪ੍ਰਚਾਰ ਮੁਹਿੰਮ  ਦੌਰਾਨ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਕਨਵੈਨਸ਼ਨਾਂ ਵਿਚ ਇਕ-ਦੂਜੇ ''ਤੇ ਕੀਤੇ ਗਏ ਹਾਈ ਵੋਲਟੇਜ ''ਹਮਲਿਆਂ''  ਕਾਰਨ ਇਹ ਬਹਿਸ ਲੋਕਾਂ ਦੇ ਬਹੁਤ ਜ਼ਿਆਦਾ ਆਕਰਸ਼ਣ ਦਾ ਕੇਂਦਰ ਬਣ ਗਈ ਹੈ। 
ਐੱਨ. ਬੀ. ਸੀ. ਦੀ ਮੇਜ਼ਬਾਨੀ ਵਿਚ ਹੋਣ ਵਾਲੀ ਇਸ ਪਹਿਲੀ ਬਹਿਸ ''ਚ ਮੋਟੇ ਤੌਰ ''ਤੇ ਅਮਰੀਕਾ ਦੀ ਭਵਿੱਖੀ ਦਿਸ਼ਾ, ਖੁਸ਼ਹਾਲੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਰਗੇ ਵਿਸ਼ੇ ਲਏ ਜਾਣਗੇ ਪਰ ਲੋਕਾਂ ਨੂੰ ਡੋਨਾਲਡ ਟ੍ਰੰਪ ਤੋਂ ਸਿਰਫ ਇੰਨੀ ਵੀ ਆਸ ਨਹੀਂ ਹੈ। ਉਹ ਆਪਣੀ ਮੁਹਿੰਮ ਆਪਣੀਆਂ ਵਾਦ-ਵਿਵਾਦ ਵਾਲੀਆਂ ''ਵਨ ਲਾਈਨਰਜ਼'' (ਲਘੂ ਟਿੱਪਣੀਆਂ) ਦੇ ਦਮ ''ਤੇ ਚਲਾਉਂਦੇ ਆਏ ਹਨ। ਲਿਹਾਜ਼ਾ ਇਸ ਬਹਿਸ ਨੂੰ ਉਨ੍ਹਾਂ ਦੀ ਬਕਵਾਸ, ਗਲਤੀਆਂ ਅਤੇ ਵਨ ਲਾਈਨਰਜ਼ ਦੇ ਆਧਾਰ ''ਤੇ ਆਂਕਿਆ ਜਾਵੇਗਾ। 
ਆਮ ਲੋਕ ਅਤੇ ਵੋਟਰ ਇਹ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰਨਗੇ ਕਿ ਕੀ ਡੋਨਾਲਡ ਟ੍ਰੰਪ ਨੇ ਆਪਣਾ ਸੁਧਾਰ ਕਰਕੇ ''ਰਾਸ਼ਟਰਪਤੀ ਦੇ ਅਨੁਸਾਰ'' ਵਿਵਹਾਰ ਕਰਨਾ ਸ਼ੁਰੂ ਕੀਤਾ ਹੈ ਜਾਂ ਨਹੀਂ, ਜਿਵੇਂ ਕਿ ਉਨ੍ਹਾਂ ਨੇ ਹਾਲ ਹੀ ''ਚ ਕਿਹਾ ਸੀ। 
ਦੂਜੇ ਪਾਸੇ ਰਾਸ਼ਟਰਪਤੀ ਦੀ ਚੋਣ ਦੇ ਸਿਲਸਿਲੇ ਵਿਚ ਹੋਣ ਵਾਲੀਆਂ ਬਹਿਸਾਂ ''ਚ ਨਿਪੁੰਨਤਾ ਲਈ ਪ੍ਰਸਿੱਧ ਹਿਲੇਰੀ ਕਲਿੰਟਨ ਸ਼ਾਇਦ ਸੁਰੱਖਿਆ ਤੇ ਟੈਕਸਾਂ ਵਰਗੀਆਂ ਗੰਭੀਰ ਨੀਤੀਆਂ ਸੰਬੰਧੀ ਮੁੱਦੇ ਉਠਾਏਗੀ, ਜਿਨ੍ਹਾਂ ''ਤੇ ਡੋਨਾਲਡ ਟ੍ਰੰਪ ਦੀ ਬਹੁਤ ਜ਼ਿਆਦਾ ਪਕੜ ਨਹੀਂ ਹੈ ਪਰ ਹਿਲੇਰੀ ਕਲਿੰਟਨ ਨੂੰ ਵੀ ਸਿਹਤ ਤੇ ਉਨ੍ਹਾਂ ਦੀ ਈ-ਮੇਲ ਲੀਕ ਸੰਬੰਧੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਇਕ ਮਜ਼ਬੂਤ ਨੇਤਾ ਦੇ ਰੂਪ ਵਿਚ ਉਨ੍ਹਾਂ ਦੀ ਦਿੱਖ ਨੂੰ ਕੁਝ ਧੱਕਾ ਲੱਗਾ ਹੈ। 
ਕਲਿੰਟਨ ਕੈਂਪ ਦੋ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਆਪਣੀ ਤਿਆਰੀ ਕਰ ਰਿਹਾ ਹੈ। ਪਹਿਲਾ ਇਹ ਕਿ ਡੋਨਾਲਡ ਟ੍ਰੰਪ ਦੇ ਇਕ ਗੰਭੀਰ ਵਿਰੋਧੀ ਦੇ ਰੂਪ ਵਿਚ, ਜੋ ਆਪਣੀ ਨੀਤੀ ਨਿਪੁੰਨਤਾ ਦਿਖਾਉਣ ਲਈ ਬੇਚੈਨ ਹੈ ਅਤੇ ਦੂਜਾ ਇਕ ਐਂਟਰਟੇਨਰ ਦੇ ਰੂਪ ਵਿਚ। ਜੇਕਰ ਟ੍ਰੰਪ ਦੀ ਸ਼ਖ਼ਸੀਅਤ ਦਾ ਐਂਟਰਟੇਨਰ ਪਹਿਲੂ ਹਾਵੀ ਹੋ ਗਿਆ ਤਾਂ ਹਿਲੇਰੀ ਮੁਸ਼ਕਿਲ ਵਿਚ ਪੈ ਸਕਦੀ ਹੈ ਕਿਉਂਕਿ ਉਹ ਤਾਂ ਰਵਾਇਤੀ ਸਿਆਸਤਦਾਨਾਂ ਨਾਲ ਨਜਿੱਠਣ ਦੀ ਹੀ ਆਦੀ ਹੈ। 
ਲੋਕਾਂ ਦਾ ਕਹਿਣਾ ਹੈ ਕਿ ਹਿਲੇਰੀ ਕਲਿੰਟਨ ਦੀ ਪਿਛਲੀ ਬਹਿਸ ਦੀ ਕਾਰਗੁਜ਼ਾਰੀ ਦੇ ਵੀਡੀਓ ਦਾ ਡੋਨਾਲਡ ਟ੍ਰੰਪ ਅਧਿਐਨ ਕਰਦੇ ਆ ਰਹੇ ਹਨ, ਜਿਸ ''ਚ ਹਿਲੇਰੀ ਕਲਿੰਟਨ ਦੀਆਂ ਵਿਸ਼ੇਸ਼ਤਾਵਾਂ ਤੇ ਕਮਜ਼ੋਰੀਆਂ ਦੋਵੇਂ ਹੀ ਸ਼ਾਮਿਲ ਹਨ। 
ਫਿਲਹਾਲ ਪ੍ਰਚਾਰ ਮੁਹਿੰਮ ਤੋਂ ਛੁੱਟੀ ''ਤੇ ਚੱਲ ਰਹੇ ਡੋਨਾਲਡ ਟ੍ਰੰਪ ਦੀ ਟੀਮ ਉਨ੍ਹਾਂ ਦੀ ਤਿਆਰੀ ਨੂੰ ਹਿਲੇਰੀ ਕਲਿੰਟਨ ਦੀ ਤਿਆਰੀ ਦੀ ਤੁਲਨਾ ਵਿਚ ਘੱਟ ਦੱਸ ਰਹੀ ਹੈ, ਜੋ ਇਸ ਸਮੇਂ ਸਾਰੇ ਵਿਭਾਗਾਂ ਦੇ ਅਤਿਅੰਤ ਯੋਗ ਲੋਕਾਂ ਦੀ ਟੀਮ ਨਾਲ ਆਪਣੀ ਪ੍ਰੈਕਟਿਸ ''ਚ ਜੁਟੀ ਹੋਈ ਹੈ। ਹਿਲੇਰੀ ਵੀ ਪ੍ਰਾਇਮਰੀ ਵਾਦ-ਵਿਵਾਦ ਸੰਬੰਧੀ ਟ੍ਰੰਪ ਦੀਆਂ ਟੇਪਾਂ ਦਾ ਅਧਿਐਨ ਕਰ ਰਹੀ ਹੈ ਤੇ ਉਨ੍ਹਾਂ ਗੱਲਾਂ ਦੇ ਨੋਟਸ ਵੀ ਤਿਆਰ ਕਰ ਰਹੀ ਹੈ, ਜੋ ਡੋਨਾਲਡ ਟ੍ਰੰਪ ਨੂੰ ਗੁੱਸਾ ਦੁਆ ਦਿੰਦੀਆਂ ਹਨ। 
ਇਹੋ ਨਹੀਂ, ਹਿਲੇਰੀ ਕਲਿੰਟਨ ਟ੍ਰੰਪ ਦੇ ਸਟਾਈਲ ਅਤੇ ਉਨ੍ਹਾਂ ਦੀਆਂ ''ਇਕ ਪੰਕਤੀ ਟਿੱਪਣੀਆਂ'' ਦਾ ਅਧਿਐਨ ਵੀ ਕਰ ਰਹੀ ਹੈ, ਜਿਨ੍ਹਾਂ ਨੇ ਟ੍ਰੰਪ ਨੂੰ ਪਿਛਲੇ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਸੰਭਾਵੀ ਰਾਸ਼ਟਰਪਤੀ ਦੇ ਉਮੀਦਵਾਰਾਂ ''ਤੇ ਲੀਡ ਦਿਵਾਈ। ਉਹ ਦੂਜੇ ਉਮੀਦਵਾਰਾਂ ਦੀਆਂ ਵੀ ''ਇਕ ਪੰਕਤੀ ਟਿੱਪਣੀਆਂ'' ਦਾ ਅਧਿਐਨ ਕਰ ਰਹੀ ਹੈ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ। 
ਹਾਲਾਂਕਿ ਡੈਮੋਕ੍ਰੇਟਾਂ ਨੂੰ ਇਹ ਡਰ ਹੈ ਕਿ ਇਹ ਪਹਿਲੀ ਬਹਿਸ ਟ੍ਰੰਪ ਨੂੰ ਆਪਣੀ ਜ਼ਿਆਦਾ ਉਦਾਰ ਤੇ ਸੰਜਮੀ  ਸ਼ਖ਼ਸੀਅਤ ਦਰਸਾਉਣ ਦਾ ਮੌਕਾ ਦੇ ਦੇਵੇਗੀ ਪਰ ਇਸ ਹਫਤੇ ਦੇ ਪਹਿਲੇ ਅੱਧ ਤਕ ਟ੍ਰੰਪ ''ਹਿਮਾਕਤ ਭਰੇ ਗੈਰ-ਰਾਜਨੀਤਕ ਢੰਗ ਨਾਲ ਸਹੀ'' ਹੋਣ ਦਾ ਦਿਖਾਵਾ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਹਿਲੇਰੀ ਕਲਿੰਟਨ ਵਲੋਂ ਕੀਤੀ ਜਾਣ ਵਾਲੀ ਪਹਿਲੀ ਬਹਿਸ ਦੀ ਭਾਰੀ ਭਰਕਮ ਤਿਆਰੀ ਦਾ ਇਹ ਕਹਿੰਦਿਆਂ ਮਜ਼ਾਕ ਉਡਾਇਆ ਕਿ ''''ਇਹ ਉਸ ਕਰੀਅਰ ਪਾਲੀਟੀਸ਼ੀਅਨ ਦੀ ਵਿਸ਼ੇਸ਼ ਪਛਾਣ ਹੈ, ਜੋ ਸੱਤਾ ਹਾਸਿਲ ਕਰਨ ਅਤੇ ਉਸ ਨਾਲ ਚਿਪਕੀ ਰਹਿਣ ਲਈ ਬਹੁਤ ਜ਼ਿਆਦਾ ਸਮਾਂ ਲਗਾ ਰਹੀ ਹੈ।'''' ਟ੍ਰੰਪ ਇਕ  ਗੈਰ-ਰਾਜਨੀਤਕ ਬਾਹਰੀ ਵਿਅਕਤੀ ਵਾਂਗ ਆਚਰਣ ਕਰ ਰਹੇ ਹਨ, ਜੋ ਕਿ ਬਨਾਉਟੀ ਸਿਆਸੀ ਜਗਤ ਨੂੰ ਖੇਰੂੰ-ਖੇਰੂੰ ਕਰ ਦੇਣਗੇ। 
1960 ''ਚ ਜਦੋਂ ਜੌਨ ਕੈਨੇਡੀ ਅਤੇ ਰਿਚਰਡ ਨਿਕਸਨ ਵਿਚਾਲੇ ਟੀ. ਵੀ. ''ਤੇ ਪਹਿਲੀ ਵਾਰ ਰਾਸ਼ਟਰਪਤੀ ਅਹੁਦੇ ਲਈ ਬਹਿਸ ਦਾ ਪ੍ਰਸਾਰਣ ਹੋਇਆ ਸੀ, ਉਸ ਸਮੇਂ ਮਾਹਿਰਾਂ ਨੇ ਕਿਹਾ ਸੀ ਕਿ ਇਸ ਨਾਲ ਲੋਕ ਭੁਲੇਖੇ ''ਚ ਪੈਣਗੇ। ਇਸ ਸੰਬੰਧ ਵਿਚ ਰੇਡੀਓ ਸੁਣਨ ਵਾਲਿਆਂ ਨੂੰ ਲੱਗਾ ਕਿ ਨਿਕਸਨ ਦਾ ਪ੍ਰਦਰਸ਼ਨ ਬਿਹਤਰ ਸੀ ਪਰ ਟੀ. ਵੀ. ਦੇਖ ਰਹੇ ਲੋਕਾਂ ਦਾ ਵਿਸ਼ਵਾਸ ਸੀ ਕਿ ਕੈਨੇਡੀ ਹੀ ਜਿੱਤਣਗੇ। 
ਬਾਅਦ ਦੇ ਸਾਲਾਂ ਵਿਚ ਟੈਲੀਵਿਜ਼ਨ ''ਤੇ ਰਾਸ਼ਟਰਪਤੀ ਅਹੁਦੇ ਲਈ ਬਹਿਸਾਂ ਦਾ ਟੈਲੀਵਿਜ਼ਨ ਪ੍ਰਸਾਰਣ ਇਕ ਜ਼ਰੂਰੀ ਹਿੱਸਾ ਬਣ ਗਿਆ ਅਤੇ ਇਨ੍ਹਾਂ ਨੂੰ ''ਡਾਇਮੰਡਸ ਆਫ ਡੈਮੋਕ੍ਰੇਸੀ'' ਵੀ ਕਿਹਾ ਜਾਣ ਲੱਗਾ ਪਰ ਇਸ ਸੋਮਵਾਰ/ਮੰਗਲਵਾਰ ਨੂੰ ਹੋਣ ਵਾਲੀ ਬਹਿਸ ਤੋਂ ਕੋਈ ''ਹੀਰਾ'' ਨਿਕਲਣ ਦੀ ਲੋਕਾਂ ਨੂੰ ਉਮੀਦ ਨਹੀਂ ਹੈ। 


Vijay Kumar Chopra

Chief Editor

Related News