ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
Monday, Jun 17, 2024 - 03:32 PM (IST)
ਮਾਨਸਾ (ਸੰਦੀਪ ਮਿੱਤਲ) : ਮੋਦੀ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਪਹਿਲੀ ਮੁਲਾਕਾਤ ਦਿੱਲੀ ਰਾਸ਼ਟਰਪਤੀ ਭਵਨ ਵਿਖੇ ਕੀਤੀ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਇਸ ਮੁਲਾਕਾਤ ਨੂੰ ਪੰਜਾਬ ਦੇ ਸੰਦਰਭ ਵਿਚ ਨਵੀਂ ਚਰਚਾ ਵਜੋਂ ਦੇਖਿਆ ਜਾ ਰਿਹਾ ਹੈ। ਇਸ ਨਾਲ ਪੰਜਾਬ ਦੇ ਜੁੜੇ ਮਸਲੇ ਵੀ ਮੁੜ ਉਜਾਗਰ ਹੋਏ ਹਨ। ਹਾਲਾਂਕਿ ਇਸ ਪ੍ਰਤੀ ਰਵਨੀਤ ਬਿੱਟੂ ਦਾ ਕੋਈ ਵੀ ਬਿਆਨ, ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ ਪਰ ਨੇੜਲੇ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਰਾਸ਼ਟਰਪਤੀ ਨਾਲ ਬਿੱਟੂ ਦੀ ਮੁਲਾਕਾਤ ਪੰਜਾਬ ਦੇ ਹਿੱਤ ਵਿਚ ਹੈ।
ਇਸ ਲਈ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਦਿਆਂ 'ਤੇ ਰਾਸ਼ਟਰਪਤੀ ਨਾਲ ਚਰਚਾਵਾਂ ਵੀ ਹੋਈਆਂ ਹੋਣਗੀਆਂ। ਇਸ ਦੇ ਨਾਲ ਪੰਜਾਬ ਦੀ ਸਿਆਸਤ ਵਿਚ ਰਾਸ਼ਟਰਪਤੀ ਅਤੇ ਬਿੱਟੂ ਦੀ ਮੁਲਾਕਾਤ ਇਕ ਗੰਭੀਰ ਤੌਰ 'ਤੇ ਦੇਖੀ ਜਾ ਰਹੀ ਹੈ। ਬਿੱਟੂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਦਿਆਂ ਪ੍ਰਤੀ ਅੰਦਰੂਨੀ ਚਰਚਾਵਾਂ ਕੀਤੀਆਂ ਹਨ ਜੋ ਆਉਣ ਵਾਲੇ ਸਮੇਂ ਵਿਚ ਸਾਹਮਣੇ ਆ ਸਕਦੀਆਂ ਹਨ। ਉੱਧਰ ਪੰਜਾਬ ਵਿਚ ਖਾਸ ਕਰਕੇ ਲੁਧਿਆਣਾ ਅੰਦਰ ਬਿੱਟੂ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਨੂੰ ਵਿਕਾਸ ਦੇ ਨਵੇਂ ਰਾਹ ਖੁੱਲ੍ਹਣ ਦੀ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ।