‘ਖੁਸ਼ੀ ਨਾਲ ਫਾਇਰਿੰਗ ’ਚ ਉੱਜੜਦੇ ਪਰਿਵਾਰ’ ਦੋਸ਼ੀਆਂ ’ਤੇ ਸਖਤ ਤੋਂ ਸਖਤ ਕਾਰਵਾਈ ਦੀ ਲੋੜ

Tuesday, Feb 13, 2024 - 05:59 AM (IST)

‘ਖੁਸ਼ੀ ਨਾਲ ਫਾਇਰਿੰਗ ’ਚ ਉੱਜੜਦੇ ਪਰਿਵਾਰ’ ਦੋਸ਼ੀਆਂ ’ਤੇ ਸਖਤ ਤੋਂ ਸਖਤ ਕਾਰਵਾਈ ਦੀ ਲੋੜ

ਵਿਆਹ-ਸ਼ਾਦੀਆਂ ਅਤੇ ਖੁਸ਼ੀ ਦੇ ਮੌਕਿਆਂ ’ਤੇ ਕਈ ਵਾਰ ਚੰਦ ਵਿਅਕਤੀ ਜ਼ਿਆਦਾ ਹੀ ਜੋਸ਼ ’ਚ ਆ ਕੇ ਕੁਝ ਅਜਿਹਾ ਕਰ ਬੈਠਦੇ ਹਨ ਜਿਸ ਲਈ ਉਨ੍ਹਾਂ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਹੈ।

ਨਤੀਜੇ ਸੋਚੇ ਬਿਨਾਂ ਜੋਸ਼ ਦੇ ਮਾਰੇ ਗੋਲੀ ਚਲਾ ਕੇ ਖੁਸ਼ੀ ਪ੍ਰਗਟ ਕਰਨ ਨਾਲ ਕਦੇ ਕਿਸੇ ਵਿਅਕਤੀ ਦੇ ਪ੍ਰਾਣ ਤੱਕ ਚਲੇ ਜਾਂਦੇ ਹਨ ਅਤੇ ਕਦੇ ਕੋਈ ਜ਼ਖਮੀ ਵੀ ਹੋ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਖੁਸ਼ੀ ਦੇ ਮੌਕੇ ਦਰਦਨਾਕ ਹਾਦਸਿਆਂ ’ਚ ਬਦਲ ਜਾਂਦੇ ਹਨ। ਅਜਿਹੀਆਂ ਹੀ ਘਟਨਾਵਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹੈ :

* 22 ਅਪ੍ਰੈਲ, 2023 ਨੂੰ ਗੌਤਮਬੁੱਧ ਨਗਰ (ਉੱਤਰ ਪ੍ਰਦੇਸ਼) ਦੇ ਪਿੰਡ ‘ਕਰੋਲ’ ਵਿਚ ਇਕ ਬੱਚੇ ਦੇ ਨਾਮਕਰਨ ਸੰਸਕਾਰ ਦੌਰਾਨ ਇਕ ਵਿਅਕਤੀ ਨੇ ਖੁਸ਼ੀ ’ਚ ਆ ਕੇ ਗੋਲੀ ਚਲਾ ਦਿੱਤੀ ਜੋ ਸਮਾਗਮ ’ਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪਲਵਲ ਤੋਂ ਆਏ ਇਕ ਮਹਿਮਾਨ ਨੂੰ ਲੱਗਣ ਨਾਲ ਉਸ ਦੀ ਮੌਤ ਹੋ ਗਈ।

* 24 ਨਵੰਬਰ, 2023 ਨੂੰ ਏਟਾ (ਉੱਤਰ ਪ੍ਰਦੇਸ਼) ’ਚ ਇਕ ਬੱਚੇ ਦੇ ਜਨਮਦਿਨ ਸਮਾਗਮ ’ਚ ਉਸ ਦੇ ਨਾਨਾ ਵੱਲੋਂ ਕੀਤੀ ਗਈ ਖੁਸ਼ੀ ’ਚ ਫਾਇਰਿੰਗ ਦੌਰਾਨ ਗੋਲੀ ਉੱਪਰ ਤੋਂ ਲੰਘ ਰਹੀ ਹਾਈਟੈਨਸ਼ਨ ਤਾਰ ਨਾਲ ਜਾ ਟਕਰਾਈ ਜੋ ਟੁੱਟ ਕੇ ਉੱਥੇ ਮੌਜੂਦ ਇਕ ਨੌਜਵਾਨ ’ਤੇ ਜਾ ਡਿੱਗੀ, ਜਿਸ ਦੇ ਸਿੱਟੇ ਵਜੋਂ ਕਰੰਟ ਲੱਗਣ ਨਾਲ ਉਸ ਦੀ ਜਾਨ ਚਲੀ ਗਈ ਅਤੇ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

* 6 ਦਸੰਬਰ, 2023 ਨੂੰ ਲੋਨੀ (ਉੱਤਰ ਪ੍ਰਦੇਸ਼) ਦੇ ‘ਬੰਥਲਾ’ ਪਿੰਡ ’ਚ ਇਕ ਜਨਮਦਿਨ ਪਾਰਟੀ ’ਚ ਜਸ਼ਨ ਫਾਇਰਿੰਗ ’ਚ 22 ਸਾਲਾ ਇਕ ਨੌਜਵਾਨ ਮਾਰਿਆ ਗਿਆ।

* 9 ਦਸੰਬਰ, 2023 ਨੂੰ ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼) ਦੇ ਪਿੰਡ ’ਚ ਵਿਆਹ ਸਮਾਗਮ ’ਚ ਮੁੰਬਈ ਤੋਂ ਆਏ ਲਾੜੇ ਦੇ ਚਾਚੇ ਨੇ ਖੁਸ਼ੀ ਦੇ ਮਾਰੇ ਗੋਲੀ ਚਲਾ ਦਿੱਤੀ ਜੋ ਇਕ 16 ਸਾਲਾ ਦਲਿਤ ਲੜਕੇ ਨੂੰ ਜਾ ਲੱਗੀ ਅਤੇ ਉਸ ਦੀ ਮੌਤ ਹੋ ਗਈ ਅਤੇ ਇਕ ਟੈਂਟ ਮੁਲਾਜ਼ਮ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।

* 12 ਦਸੰਬਰ, 2023 ਨੂੰ ਲਖਨਊ (ਉੱਤਰ ਪ੍ਰਦੇਸ਼) ਦੇ ‘ਕੈਸਰ ਬਾਗ’ ਇਲਾਕੇ ’ਚ ਇਕ ਵਿਆਹ ਦੇ ਸਿਲਸਿਲੇ ’ਚ ਆਯੋਜਿਤ ‘ਹਲਦੀ ਦੀ ਰਸਮ’ ਦੌਰਾਨ ਇਕ ਵਿਅਕਤੀ ਵੱਲੋਂ ਪਿਸਤੌਲ ਨਾਲ ਤਾਬੜਤੋੜ ਗੋਲੀਆਂ ਚਲਾਉਣ ਦੇ ਨਤੀਜੇ ਵਜੋਂ ਇਕ 22 ਸਾਲਾ ਨੌਜਵਾਨ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।

* 12 ਦਸੰਬਰ, 2023 ਨੂੰ ਹੀ ਸਿਰਸਾ (ਹਰਿਆਣਾ) ਦੇ ਪਿੰਡ ‘ਦੇਸੂ ਮਲਕਾਨਾ’ ’ਚ ਇਕ ਲੜਕੀ ਦੇ ਵਿਆਹ ਸਮਾਗਮ ਦੇ ਸਿਲਸਿਲੇ ’ਚ ‘ਜਾਗੋ’ ਪ੍ਰੋਗਰਾਮ ’ਚ ਖੁਸ਼ੀ ’ਚ ਕੀਤੀ ਫਾਇਰਿੰਗ ਕਾਰਨ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਛੱਰੇ ਲੱਗਣ ਨਾਲ ਉਸ ਦੇ ਭਰਾ ਤੇ ਭਾਬੀ ਜ਼ਖਮੀ ਹੋ ਗਏ।

* 14 ਦਸੰਬਰ, 2023 ਨੂੰ ਪੂਰਬੀ ਚੰਪਾਰਨ (ਬਿਹਾਰ) ਜ਼ਿਲੇ ਦੇ ‘ਸਿਸਾਹਨੀ’ ਪਿੰਡ ’ਚ ਇਕ ਵਿਆਹ ਸਮਾਗਮ ਦੌਰਾਨ ਲਾੜੇ ਦੇ ਬਾਰਾਤ ਲੈ ਕੇ ਪਹੁੰਚਦਿਆਂ ਹੀ ਕੀਤੀ ਗਈ ਖੁਸ਼ੀ ਨਾਲ ਫਾਇਰਿੰਗ ’ਚ ਇਕ 10 ਸਾਲਾ ਬੱਚੇ ਦੀ ਮੌਤ ਅਤੇ ਦੋ ਲੋਕ ਜ਼ਖਮੀ ਹੋ ਗਏ।

* 19 ਦਸੰਬਰ, 2023 ਨੂੰ ਛਤਰਪੁਰ (ਮੱਧ ਪ੍ਰਦੇਸ਼) ’ਚ ‘ਪਠਾਪੁਰ’ ਪੰਚਾਇਤ ਦੇ ਸਾਬਕਾ ਸਰਪੰਚ ਦੀ ਇਕ ਪ੍ਰਾਈਵੇਟ ਪਾਰਟੀ ਦੌਰਾਨ ਕਿਸੇ ਵਿਅਕਤੀ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਇਕ ਵਿਅਕਤੀ ਦੀ ਮੌਤ ਅਤੇ ਦੂਜਾ ਜ਼ਖਮੀ ਹੋ ਗਿਆ।

* 1 ਜਨਵਰੀ, 2024 ਨੂੰ ਸੁੰਦਰਗੜ੍ਹ (ਓਡਿਸ਼ਾ) ਦੇ ‘ਬਿਸਰਾ’ ਪਿੰਡ ’ਚ ਨਵੇਂ ਸਾਲ ਦੀ ਪਾਰਟੀ ’ਚ ਇਕ ਨੌਜਵਾਨ ਵੱਲੋਂ ਖੁਸ਼ੀ ਨਾਲ ਕੀਤੀ ਫਾਇਰਿੰਗ ’ਚ ਉਸ ਦਾ ਭਰਾ ਮਾਰਿਆ ਗਿਆ।

* 16 ਜਨਵਰੀ, 2024 ਨੂੰ ਪਟਨਾ (ਬਿਹਾਰ) ਦੇ ਗੋਪਾਲਟੋਲਾ ਪਿੰਡ ’ਚ ਇਕ ਨੌਜਵਾਨ ਦੇ ਤਿਲਕ ਸਮਾਗਮ ’ਚ ਕੀਤੀ ਗਈ ਖੁਸ਼ੀ ’ਚ ਫਾਇਰਿੰਗ ਦੇ ਨਤੀਜੇ ਵਜੋਂ ਸਮਾਗਮ ’ਚ ਸੱਦੇ ਗਏ 24 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ।

* ਅਤੇ ਹੁਣ 12 ਫਰਵਰੀ, 2024 ਨੂੰ ਬਾਂਦਾ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਦੇ ਪੁੱਤਰ ਦੇ ਤਿਲਕ ਸਮਾਗਮ ’ਚ ਡੀ.ਜੇ. ਦੇ ਗੀਤਾਂ ’ਤੇ ਨਾਚ-ਗਾਣੇ ਦੌਰਾਨ ਇਕ ਨੌਜਵਾਨ ਵੱਲੋਂ ਖੁਸ਼ੀ ਨਾਲ ਫਾਇਰਿੰਗ ’ਚ ਚੱਲੀ ਗੋਲੀ ਉਸ ਦੇ ਗੁਆਂਢੀ ਦੇ ਇਕੋ-ਇਕ ਬੇਟੇ ਦੇ ਗਲ਼ ਨੂੰ ਚੀਰਦੀ ਹੋਈ ਨਿਕਲ ਗਈ, ਜਿਸ ਨਾਲ ਘਟਨਾ ਸਥਾਨ ’ਤੇ ਹੀ ਉਸ ਦੀ ਮੌਤ ਹੋ ਗਈ ਅਤੇ ਦੋਸ਼ੀ ਆਪਣੇ ਦੇਸੀ ਪਿਸਤੌਲ ਸਮੇਤ ਫਰਾਰ ਹੋ ਗਿਆ।

ਕੇਂਦਰ ਸਰਕਾਰ ਨੇ ਖੁਸ਼ੀ ਨਾਲ ਫਾਇਰਿੰਗ ਨੂੰ ਅਪਰਾਧ ਕਰਾਰ ਦਿੱਤਾ ਹੋਇਆ ਹੈ, ਜਿਸ ਅਨੁਸਾਰ ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹਾਂ ਅਤੇ ਹੋਰ ਸਮਾਗਮਾਂ ’ਚ ਫਾਇਰਿੰਗ ਕਰਨ ’ਤੇ ਰੋਕ ਲੱਗੀ ਹੋਈ ਹੈ ਅਤੇ ਦੋਸ਼ੀ ਨੂੰ 2 ਸਾਲ ਤੱਕ ਕੈਦ ਅਤੇ ਇਕ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਇਹ ਬੁਰਾਈ ਜਾਰੀ ਹੈ।

ਇਸ ਲਈ ਜਿੱਥੇ ਵੱਖ-ਵੱਖ ਸਮਾਗਮਾਂ ’ਚ ਸ਼ਰਾਬ ਅਤੇ ਸ਼ਸਤਰ-ਅਸਤਰ ਦੀ ਵਰਤੋਂ ’ਤੇ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉੱਥੇ ਹੀ ਖੁਸ਼ੀ ਨਾਲ ਫਾਇਰਿੰਗ ’ਚ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ’ਤੇ ਦੋਸ਼ੀ ਨੂੰ ਸਖਤ ਤੋਂ ਸਖਤ ਅਤੇ ਤੁਰੰਤ ਸਜ਼ਾ ਦੇਣ ਦੀ ਵੀ ਲੋੜ ਹੈ।

ਇਸ ਦੇ ਨਾਲ ਹੀ ਅਜਿਹੇ ਸਮਾਗਮਾਂ ਦੇ ਆਯੋਜਨ ਸਥਾਨਾਂ ਆਦਿ ਦੇ ਪ੍ਰਬੰਧਕਾਂ ਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ, ਤਾਂ ਕਿ ਸਮਾਗਮਾਂ ’ਚ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ’ਤੇ ਰੋਕ ਲੱਗੇ ਅਤੇ ਪਰਿਵਾਰ ਉੱਜੜਨ ਤੋਂ ਬਚ ਸਕਣ।

- ਵਿਜੇ ਕੁਮਾਰ


author

Anmol Tagra

Content Editor

Related News