ਚਾਅ ’ਚ ਕੀਤੀ ਫਾਇਰਿੰਗ ਦਾ ਲਗਾਤਾਰ ਵਧਦਾ ਰੁਝਾਨ ਬਦਲ ਰਿਹਾ ਖੁਸ਼ੀ ਨੂੰ ਮਾਤਮ ’ਚ

03/17/2023 2:32:28 AM

ਵਿਆਹ-ਸ਼ਾਦੀਆਂ ਅਤੇ ਖੁਸ਼ੀ ਦੇ ਹੋਰਨਾਂ ਮੌਕਿਆਂ ’ਤੇ ਭਲਾ ਕਿਸ ਦਾ ਮਨ ਨਹੀਂ ਖਿੜ ਉੱਠਦਾ! ਅਜਿਹੇ ’ਚ ਕਈ ਵਾਰ ਕੁਝ ਕੁ ਵਿਅਕਤੀ ਵਧੇਰੇ ਹੀ ਜੋਸ਼ ’ਚ ਆ ਕੇ ਕੁਝ ਅਜਿਹਾ ਕਰ ਬੈਠਦੇ ਹਨ ਜਿਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਹੈ।

ਨਤੀਜਾ ਸੋਚੇ ਬਿਨਾਂ ਜੋਸ਼ ਦੇ ਮਾਰੇ ਗੋਲੀ ਚਲਾ ਕੇ ਖੁਸ਼ੀ ਪ੍ਰਗਟ ਕਰਨ ਨਾਲ ਕਿਸੇ ਵਿਅਕਤੀ ਦੀ ਜਾਨ ਤੱਕ ਚਲੀ ਜਾਂਦੀ ਹੈ ਅਤੇ ਖੁਸ਼ੀ ਦੇ ਮੌਕੇ ਦਰਦਨਾਕ ਹਾਦਸਿਆਂ ’ਚ ਬਦਲ ਜਾਂਦੇ ਹਨ, ਜਿਨ੍ਹਾਂ ਦੀਆਂ ਕੁਝ ਤਾਜ਼ਾਂ ਉਦਾਹਰਣਾਂ ਹੇਠਾਂ ਦਰਜ ਹਨ :

* 6 ਫਰਵਰੀ ਨੂੰ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ’ਚ ਇਕ ਨੌਜਵਾਨ ਦੇ ਮੰਗਣੀ ਸਮਾਗਮ ’ਚ ਇਕ ਨੌਜਵਾਨ ਵਲੋਂ ਗੋਲੀ ਚਲਾ ਦੇਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।

* 6 ਫਰਵਰੀ ਨੂੰ ਹੀ ਅਲਵਰ (ਰਾਜਸਥਾਨ) ਦੇ ‘ਸਮੂਚੀ’ ਪਿੰਡ ’ਚ ਇਕ ਵਿਆਹ ਦੇ ਲਗਨ ਸਮਾਗਮ ’ਚ ਕਿਸੇ ਨੌਜਵਾਨ ਵਲੋਂ ਚਲਾਈ ਗੋਲੀ ਨਾਲ ਇਕ ਔਰਤ ਅਤੇ ਇਕ ਬੱਚੇ ਦੀ ਮੌਤ ਤੇ ਕੁਝ ਹੋਰ ਵਿਅਕਤੀ ਜ਼ਖਮੀ ਹੋ ਗਏ।

* 8 ਫਰਵਰੀ ਨੂੰ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ’ਚ ਇਕ ਬੱਚੇ ਦੇ ਜਨਮਦਿਨ ਦੀ ਪਾਰਟੀ ’ਚ ਸ਼ਾਮਲ ਮਹਿਮਾਨ ਦੇਰ ਰਾਤ ਤੱਕ ਖੁੱਲ੍ਹ ਕੇ ਸ਼ਰਾਬ ਪੀਂਦੇ ਰਹੇ ਅਤੇ ਉਸੇ ਦੌਰਾਨ ਇਕ ਮਹਿਮਾਨ ਨੇ ਜੋਸ਼ ’ਚ ਆ ਕੇ ਆਪਣੀ ਪਿਸਤੌਲ ਨਾਲ ਗੋਲੀ ਚਲਾ ਿਦੱਤੀ, ਜਿਸ ਨਾਲ ਪਾਰਟੀ ’ਚ ਸ਼ਾਮਲ ਇਕ ਮੁਟਿਆਰ ਦੀ ਮੌਤ ਹੋ ਗਈ।

* 14 ਫਰਵਰੀ ਨੂੰ ਪੂਰਬੀ ਚੰਪਾਰਣ ਜ਼ਿਲੇ (ਬਿਹਾਰ) ਦੇ ‘ਗੋਬਰੀ’ ਪਿੰਡ ’ਚ ਇਕ ਨੌਜਵਾਨ ਵੱਲੋਂ ਚਲਾਈ ਗੋਲੀ ਲੱਗਣ ਨਾਲ ਆਪਣੇ ਘਰ ਦੇ ਬਾਹਰ ਖੜ੍ਹੀ ਹੋ ਕੇ ਉੱਥੋਂ ਲੰਘ ਰਹੀ ਬਰਾਤ ਦੇਖ ਰਹੀ ਇਕ ਮਾਸੂਮ ਦੀ ਜਾਨ ਚਲੀ ਗਈ।

* 19 ਫਰਵਰੀ ਨੂੰ ਸਾਰਣ (ਬਿਹਾਰ) ਦੇ ‘ਹਰੀਹਰਪੁਰ ਪਿੰਡ’ ’ਚ ਨੌਜਵਾਨ ਦੇ ਵਿਆਹ ’ਚ ਜੈਮਾਲਾ ਦੇ ਦੌਰਾਨ ਚਾਅ ’ਚ ਕੀਤੀ ਫਾਇਰਿੰਗ ’ਚ ਇਕ ਨੌਜਵਾਨ ਮਾਰਿਆ ਗਿਆ।

* 21 ਫਰਵਰੀ ਨੂੰ ਆਗਰਾ (ਉੱਤਰ ਪ੍ਰਦੇਸ਼) ਦੇ ਪਿੰਡ ‘ਬੜਾ ਉਖਰਰਾ’ ’ਚ ਇਕ ਮੰਗਣੀ ਸਮਾਗਮ ’ਚ ਚੱਲ ਰਹੀ ਦਾਅਵਤ ਦੇ ਦੌਰਾਨ ਇਕ ਵਿਅਕਤੀ ਨੇ ਆਪਣੀ ਬੰਦੂਕ ਨਾਲ ਫਾਇਰਿੰਗ ਕਰ ਦਿੱਤੀ, ਜਿਸ ਨਾਲ ਖਾਣਾ ਖਾ ਰਹੇ ਲਾੜੇ ਦੇ ਮਾਸੜ ਦੀ ਮੌਤ ਦੇ ਇਲਾਵਾ ਦਾਅਵਤ ’ਚ ਸ਼ਾਮਲ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ।

* 22 ਫਰਵਰੀ ਨੂੰ ਰੁੜਕੀ (ਉੱਤਰਾਖੰਡ) ਦੇ ‘ਹਸਨਗੜ੍ਹ ਪਿੰਡ’ ’ਚ ਵਿਆਹ ਦੀ ਇਕ ਦਾਅਵਤ ਦੇ ਦੌਰਾਨ ਖੁਸ਼ੀ ’ਚ ਕੀਤੀ ਫਾਇਰਿੰਗ ’ਚ ਕਿਸੇ ਦੀ ਚਲਾਈ ਹੋਈ ਗੋਲੀ ਸਿੱਧੀ ਲਾੜੇ ਦੇ ਨਾਬਾਲਗ ਭਤੀਜੇ ਨੂੰ ਜਾ ਕੇ ਲੱਗੀ ਅਤੇ ਉਸ ਦੀ ਜਾਨ ਚਲੀ ਗਈ।

* 6 ਮਾਰਚ ਨੂੰ ਸੁਪੌਲ (ਬਿਹਾਰ) ਦੇ ਤ੍ਰਿਵੇਣੀਗੰਜ ਥਾਣਾ ਇਲਾਕੇ ਦੇ ਕੁਪੜੀਆ ਪਿੰਡ ’ਚ ਇਕ ਵਿਆਹ ਸਮਾਗਮ ਦੌਰਾਨ ਡਾਂਸ ਦੇਖਣ ਗਏ ਇਕ 50 ਸਾਲਾ ਵਿਅਕਤੀ ਦੀ ਖੁਸ਼ੀ ’ਚ ਕੀਤੀ ਫਾਇਰਿੰਗ ਦੇ ਦੌਰਾਨ ਗੋਲੀ ਲੱਗਣ ਨਾਲ ਜਾਨ ਚਲੀ ਗਈ।

* 10 ਮਾਰਚ ਨੂੰ ਜਮੁਈ (ਬਿਹਾਰ) ’ਚ ਆਰਕੈਸਟ੍ਰਾ ਦੇ ਪ੍ਰੋਗਰਾਮ ’ਚ ਇਕ ਨੌਜਵਾਨ ਨੇ ਜੋਸ਼ ’ਚ ਆ ਕੇ ਫਾਇਰ ਕਰ ਦਿੱਤਾ ਜਿਸ ਦੀ ਗੋਲੀ ਉਸ ਦੇ ਛੋਟੇ ਭਰਾ ਦੀ ਛਾਤੀ ’ਚ ਲੱਗਣ ਨਾਲ ਉਸ ਦੀ ਮੌਤ ਹੋ ਗਈ।

* 12 ਮਾਰਚ ਨੂੰ ਫਤਿਹਾਬਾਦ (ਹਰਿਆਣਾ) ’ਚ ਇਕ ਵਿਆਹ ਸਮਾਗਮ ਦੌਰਾਨ ਖੁਸ਼ੀ ’ਚ ਕੀਤੀ ਫਾਇਰਿੰਗ ਕਾਰਨ ਇਕ ਮਜ਼ਦੂਰ ਔਰਤ ਦੀ ਜਾਨ ਚਲੀ ਗਈ।

* 14 ਮਾਰਚ ਨੂੰ ਬਕਸਰ (ਬਿਹਾਰ) ਦੇ ‘ਹੇਠੂਆ’ ਪਿੰਡ ’ਚ ਭੋਜਪੁਰੀ ਗਾਇਕ ਬ੍ਰਜੇਸ਼ ਸਿੰਘ ਦੇ ‘ਤਿਲਕ’ ਸਮਾਗਮ ’ਚ ਰਾਈਫਲ, ਪਿਸਤੌਲ ਅਤੇ ਕੱਟਿਆਂ ਨਾਲ ਫਾਇਰਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਗੋਲੀ 13 ਸਾਲਾ ਬੱਚੇ ਨੂੰ ਜਾ ਲੱਗੀ, ਜਿਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ।

* 15 ਮਾਰਚ ਨੂੰ ਝਾਂਸੀ (ਉੱਤਰ ਪ੍ਰਦੇਸ਼) ’ਚ ਆਪਣੇ ਮਕਾਨ ਮਾਲਕ ਦੇ ਬੇਟੇ ਦੇ ਵਿਆਹ ’ਚ ਸ਼ਾਮਲ ਹੋਣ ਗਈ ਔਰਤ ਦੀ ਲਾੜੇ ਦੇ ਰਿਸ਼ਤੇਦਾਰ ਦੀ ਚਲਾਈ ਹੋਈ ਗੋਲੀ ਲੱਗਣ ਨਾਲ ਮੌਤ ਅਤੇ 4 ਹੋਰ ਵਿਅਕਤੀ ਜ਼ਖਮੀ ਹੋ ਗਏ।

ਭਾਰਤ ਸਰਕਾਰ ਨੇ ਖੁਸ਼ੀ ’ਚ ਫਾਇਰਿੰਗ ਨੂੰ ਅਪਰਾਧ ਕਰਾਰ ਦਿੱਤਾ ਹੋਇਆ ਹੈ, ਜਿਸ ਦੇ ਅਨੁਸਾਰ ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹ ਅਤੇ ਹੋਰਨਾਂ ਸਮਾਗਮਾਂ ’ਚ ਫਾਇਰਿੰਗ ਕਰਨ ’ਤੇ ਰੋਕ ਲੱਗੀ ਹੋਈ ਹੈ ਤੇ ਦੋਸ਼ੀ ਨੂੰ 2 ਸਾਲ ਤੱਕ ਕੈਦ ਅਤੇ 1 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਇਹ ਬੁਰਾਈ ਜਾਰੀ ਹੈ।

ਇਸ ਲਈ ਜਿੱਥੇ ਵੱਖ-ਵੱਖ ਸਮਾਗਮਾਂ ’ਚ ਸ਼ਰਾਬ ਅਤੇ ਅਸਲੇ ਦੀ ਵਰਤੋਂ ’ਤੇ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉੱਥੇ ਹੀ ਖੁਸ਼ੀ ’ਚ ਕੀਤੀ ਫਾਇਰਿੰਗ ’ਚ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ’ਤੇ ਦੋਸ਼ੀ ਨੂੰ ਸਖਤ ਤੋਂ ਸਖਤ ਅਤੇ ਤੁਰੰਤ ਸਜ਼ਾ ਦੇਣ ਦੀ ਵੀ ਲੋੜ ਹੈ।

ਇਸ ਦੇ ਨਾਲ ਹੀ ਅਜਿਹੇ ਸਮਾਗਮਾਂ ਦੇ ਆਯੋਜਨ ਵਾਲੀਆਂ ਥਾਵਾਂ ਆਦਿ ਦੇ ਪ੍ਰਬੰਧਕਾਂ ਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਕਿ ਸਮਾਗਮਾਂ ’ਚ ਇਸ ਕਿਸਮ ਦੀਆਂ ਦੁਖਦਾਈ ਘਟਨਾਵਾਂ ’ਤੇ ਰੋਕ ਲੱਗੇ ਅਤੇ ਪਰਿਵਾਰ ਉਜੜਣ ਤੋਂ ਬਚ ਸਕਣ।

-ਵਿਜੇ ਕੁਮਾਰ


Anmol Tagra

Content Editor

Related News