ਦੇਸ਼ ’ਚ ਆਵਾਰਾ ਜਾਨਵਰਾਂ ਦਾ ਖੌਫ਼, ਹਾਦਸਿਆਂ ਨਾਲ ਹੋ ਰਹੀਆਂ ਮੌਤਾਂ
Wednesday, Nov 23, 2022 - 04:06 AM (IST)
ਦੇਸ਼ ਵਿਚ ਸੜਕਾਂ ਅਤੇ ਰੇਲ ਪੱਟੜੀਆਂ ਦੇ ਆਸੇ-ਪਾਸੇ ਘੁੰਮ ਰਹੇ ਆਵਾਰਾ ਜਾਨਵਰ ਗੰਭੀਰ ਹਾਦਸਿਆਂ ਅਤੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ :
* 04 ਅਕਤੂਬਰ ਨੂੰ ਦਿੱਲੀ-ਹਾਵੜਾ ਟਰੈਕ ’ਤੇ ਉੱਤਰ ਪ੍ਰਦੇਸ਼ ਦੇ ‘ਵੈਰ’ (ਬੁਲੰਦ ਸ਼ਹਿਰ) ਸਟੇਸ਼ਨ ਦੇ ਨੇੜੇ ਜੰਮੂ ਤੋਂ ਮੂਰੀ ਜਾ ਰਹੀ ਜੰਮੂ-ਤਵੀ ਐਕਸਪ੍ਰੈੱਸ ਦੇ ਅੱਗੇ ਆਵਾਰਾ ਗਾਂ ਆਉਣ ਨਾਲ ਇਸ ਦਾ ਇਕ ਡੱਬਾ ਪੱਟੜੀ ਤੋਂ ਉੱਤਰ ਗਿਆ।
* 31 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ’ਚ ਰਾਸ਼ਟਰੀ ਰਾਜਮਾਰਗ ’ਤੇ ਆਵਾਰਾ ਪਸ਼ੂ ਨਾਲ ਬਾਈਕ ਦੀ ਟੱਕਰ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
* 17 ਨਵੰਬਰ ਨੂੰ ਪਾਉਂਟਾ ਸਾਹਿਬ ਸੜਕ ’ਤੇ ਆਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਇਕ ਕਾਰ ਹਾਦਸਾਗ੍ਰਸਤ ਹੋ ਜਾਣ ਨਾਲ ਕਾਰ ਡਰਾਈਵਰ ਦੀ ਜਾਨ ਚਲੀ ਗਈ।
* 18 ਨਵੰਬਰ ਨੂੰ ਬੁਲੰਦ ਸ਼ਹਿਰ ਦੇ ਨਰਸੇਨਾ ਥਾਣਾ ਇਲਾਕੇ ’ਚ ਘੁੰਮ ਰਹੀ ਆਵਾਰਾ ਗਾਂ ਨਾਲ ਟਕਰਾ ਕੇ ਇਕ ਬਾਈਕ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
* 19 ਨਵੰਬਰ ਨੂੰ ਤਲਵਾੜਾ ਦੇ ਨੇੜੇ ਪਿੰਡ ‘ਚੌਧਰੀ ਦੇ ਬਾਗ’ ਦੇ ਨੇੜੇ ਸੜਕ ’ਤੇ ਘੁੰਮ ਰਹੀਆਂ ਗਾਵਾਂ ਨੂੰ ਬਚਾ ਰਹੇ ਟਰੱਕ ਦਾ ਸੰਤੁਲਨ ਵਿਗੜ ਜਾਣ ਦੇ ਕਾਰਨ ਉਹ ਸਾਹਮਣੇ ਤੋਂ ਰਹੇ ਮੋਟਰਸਾਈਕਲ ਨਾਲ ਟਕਰਾ ਗਿਆ ਜਿਸ ਨਾਲ ਮੋਟਰਸਾਈਕਲ ਸਵਾਰ ਔਰਤ ਅਤੇ ਉਸ ਦੇ ਦੋਹਤੇ ਦੀ ਮੌਤ ਹੋ ਗਈ।
* 21 ਨਵੰਬਰ ਨੂੰ ਰਾਜਸਥਾਨ ਦੇ ਨਾਗੌਰ ’ਚ ਸੜਕ ’ਤੇ ਸਾਹਮਣੇ ਤੋਂ ਕੋਈ ਆਵਾਰਾ ਪਸ਼ੂ ਆ ਜਾਣ ’ਤੇ ਉਸ ਨੂੰ ਬਚਾਉਣ ਦੇ ਚੱਕਰ ’ਚ ਇਕ ਕਾਰ ਪਲਟ ਦੇ ਖਾਈ ’ਚ ਜਾ ਡਿੱਗੀ ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ 3 ਹੋਰ ਜ਼ਖਮੀ ਹੋ ਗਏ।
* 21 ਨਵੰਬਰ ਨੂੰ ਹੀ ਰਾਜਸਥਾਨ ਦੇ ਬੱਸੀ ਵਿਚ ਦੁੱਧ ਲੈਣ ਜਾ ਰਹੀ ਇਕ ਔਰਤ ਦੀ ਸੜਕ ’ਤੇ ਲੜ ਰਹੇ ਤਿੰਨ ਸਾਨ੍ਹਾਂ ਵੱਲੋਂ ਟੱਕਰ ਮਾਰ ਦੇਣ ਨਾਲ ਮੌਤ ਹੋ ਗਈ।
* 21 ਨਵੰਬਰ ਨੂੰ ਹੀ ਜਲੰਧਰ ’ਚ ਸ਼ੇਰ ਸਿੰਘ ਕਾਲੋਨੀ ਦੇ ਨੇੜੇ ਮੋਟਰਸਾਈਕਲ ’ਤੇ ਜਾ ਰਹੇ ਇਕ ਨੌਜਵਾਨ ਦੇ ਅੱਗੇ ਆਵਾਰਾ ਸਾਨ੍ਹ ਆ ਜਾਣ ਨਾਲ ਹੋਏ ਹਾਦਸੇ ਦੇ ਕਾਰਨ ਉਸ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।
ਇਸੇ ਤਰ੍ਹਾਂ ਦੇ ਸੜਕਾਂ ’ਤੇ ਆਵਾਰਾ ਪਸ਼ੂਆਂ ਦੇ ਘੁੰਮਣ ਨਾਲ ਹੋਣ ਵਾਲੇ ਹਾਦਸਿਆਂ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਗੁਜਰਾਤ ਸਰਕਾਰ ਨੂੰ ਇਸ ’ਤੇ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਉਸ ਨੂੰ ਝਾੜ ਵੀ ਪਾਈ ਹੈ।
ਇਹ ਸਮੱਸਿਆ ਕਮਜ਼ੋਰ ਜਾਂ ਬੇਕਾਰ ਹੋ ਚੁੱਕੇ ਪਸ਼ੂਆਂ ਦੀ ਦੇਖਭਾਲ ਕਰਨ ਦੀ ਬਜਾਏ ਲੋਕਾਂ ਵੱਲੋਂ ਉਨ੍ਹਾਂ ਨੂੰ ਖੁੱਲ੍ਹਾ ਛੱਡ ਦੇਣ ਨਾਲ ਪੈਦਾ ਹੋਈ ਹੈ। ਇਸ ਲਈ ਪਸ਼ੂਆਂ ਤੋਂ ਆਪਣੀ ਰੋਜ਼ੀ-ਰੋਟੀ ਚਲਾਉਣ ਵਾਲਿਆਂ ਨੂੰ ਉਨ੍ਹਾਂ ਦੇ ਪ੍ਰਤੀ ਜ਼ਿੰਮੇਵਾਰੀ ਸਮਝ ਕੇ ਉਨ੍ਹਾਂ ਨੂੰ ਬੇਸਹਾਰਾ ਨਹੀਂ ਛੱਡਣਾ ਚਾਹੀਦਾ। ਸਰਕਾਰ ਨੂੰ ਵੀ ਇਸ ਬਾਰੇ ਕੋਈ ਐਕਸ਼ਨ ਪਲਾਨ ਬਣਾਉਣ ਦੀ ਲੋੜ ਹੈ।
-ਵਿਜੇ ਕੁਮਾਰ