ਕੁਝ ਜੱਜ ਦੋਸ਼ੀਆਂ ਨੂੰ ਦੇ ਰਹੇ ਅਨੋਖੀਆਂ ਸਿੱਖਿਆਦਾਇਕ ਸਜ਼ਾਵਾਂ

03/08/2023 12:32:58 AM

ਆਮ ਤੌਰ ’ਤੇ ਅਦਾਲਤਾਂ ਵੱਖ-ਵੱਖ ਅਪਰਾਧਾਂ ’ਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ ਕੈਦ ਜਾਂ ਜੁਰਮਾਨੇ ਵਰਗੀਆਂ ਸਜ਼ਾਵਾਂ ਦਿੰਦੀਆਂ ਹਨ ਪਰ ਕੁਝ ਜੱਜ ਦੋਸ਼ੀਆਂ ਨੂੰ ਬਿਹਤਰ ਇਨਸਾਨ ਬਣਾਉਣ ਲਈ ਸਿੱਖਿਆਦਾਇਕ ਜਾਂ ਪ੍ਰੇਰਕ ਸਜ਼ਾਵਾਂ ਦੇ ਰਹੇ ਹਨ। ਅਜਿਹੀਆਂ ਸਜ਼ਾਵਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਹਨ :

* 12 ਮਈ, 2022 ਨੂੰ ਜਬਲਪੁਰ (ਮੱਧ ਪ੍ਰਦੇਸ਼) ਦੇ ਐੱਸ. ਡੀ. ਐੱਮ. ਆਸ਼ੀਸ਼ ਪਾਂਡੇ ਦੀ ਅਦਾਲਤ ਨੇ ਪਿਓ-ਪੁੱਤ ਦੇ ਝਗੜੇ ’ਚ ਪੁੱਤ ਨੂੰ ਕਾਨੂੰਨੀ ਕਾਰਵਾਈ ਦੇ ਨਾਲ ਹੀ ਇਸ ਤਰ੍ਹਾਂ ਨਸੀਹਤ ਦਿੱਤੀ ਕਿ ਪੁੱਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ।

ਸ਼੍ਰੀ ਆਸ਼ੀਸ਼ ਪਾਂਡੇ ਦੇ ਹੁਕਮ ’ਤੇ ਅਦਾਲਤ ਕੰਪਲੈਕਸ ’ਚ ਹੀ ਦੋਸ਼ੀ ਨੇ ਆਪਣੇ ਪਿਤਾ ਦੇ ਪੈਰ ਧੋ ਕੇ ਮੁਆਫੀ ਮੰਗੀ ਅਤੇ ਨਾਲ ਹੀ ਦੁਬਾਰਾ ਅਜਿਹੀ ਗਲਤੀ ਨਾ ਕਰਨ ਦਾ ਵਾਅਦਾ ਕਰ ਕੇ ਉਨ੍ਹਾਂ ਨੂੰ ਸਨਮਾਨਪੂਰਵਕ ਘਰ ਲੈ ਕੇ ਗਿਆ।

* 26 ਮਈ, 2022 ਨੂੰ ਇਲਾਹਾਬਾਦ ਹਾਈਕੋਰਟ ਦੇ ਜੱਜ ਜਸਟਿਸ ਅਜੇ ਭਨੋਟ ਨੇ ਹਾਪੁੜ ’ਚ ਸਮਾਜਿਕ ਭਾਈਚਾਰਾ ਵਿਗਾੜਣ ਦੇ ਦੋਸ਼ੀ ਨੂੰ ਜ਼ਮਾਨਤ ਦੇਣ ਦੇ ਲਈ ਉਸ ਨੂੰ ਇਕ ਹਫਤੇ ਤੱਕ ਜਨਤਕ ਥਾਵਾਂ ’ਤੇ ਰਾਹਗੀਰਾਂ ਨੂੰ ਠੰਡਾ ਪਾਣੀ ਅਤੇ ਸ਼ਰਬਤ ਪਿਆਉਣ ਦਾ ਹੁਕਮ ਦਿੱਤਾ।

* 3 ਜੂਨ, 2022 ਨੂੰ ਇਲਾਹਾਬਾਦ ਹਾਈਕੋਰਟ ਨੇ ਗਊ ਹੱਤਿਆ ਕਾਨੂੰਨ ਦੇ ਅਧੀਨ ਗ੍ਰਿਫਤਾਰ ਕੀਤੇ ਗਏ ਸਲੀਮ ਉਰਫ ਕਾਲੀਆ ਨੂੰ ਸ਼ਰਤਾਂ ਸਮੇਤ ਜ਼ਮਾਨਤ ਦੇਣ ਤੋਂ ਪਹਿਲਾਂ ਉਸ ਨੂੰ ਕਿਸੇ ਰਜਿਸਟਰਡ ਗਊਸ਼ਾਲਾ ’ਚ 1 ਲੱਖ ਰੁਪਏ ਜਮ੍ਹਾ ਕਰਵਾਉਣ ਅਤੇ ਇਕ ਮਹੀਨੇ ਤੱਕ ਕਿਸੇ ਗਊਸ਼ਾਲਾ ’ਚ ਗਊਆਂ ਦੀ ਸੇਵਾ ਕਰਨ ਦਾ ਹੁਕਮ ਦਿੱਤਾ।

* 3 ਅਗਸਤ, 2022 ਨੂੰ ਨਵੀਂ ਦਿੱਲੀ ’ਚ ਇਕ ਵਿਅਕਤੀ ਦੇ ਵਿਰੁੱਧ ਝੂਠਾ ਮੁਕੱਦਮਾ ਦਰਜ ਕਰਵਾਉਣ ਵਾਲੀ ਇਕ ਔਰਤ ਨੂੰ ਦਿੱਲੀ ਹਾਈਕੋਰਟ ਦੇ ਜਸਟਿਸ ਜਸਮੀਤ ਸਿੰਘ ਨੇ 2 ਮਹੀਨਿਆਂ ਲਈ ਰੋਜ਼ਾਨਾ 3 ਘੰਟਿਆਂ ਲਈ ਦਿਵਿਆਂਗ ਬੱਚਿਆਂ ਦੇ ਸਕੂਲ ’ਚ ਜਾ ਕੇ ਸੇਵਾ ਕਰਨ ਅਤੇ ਦਿੱਲੀ ਦੇ ਬਾਗਬਾਨੀ ਵਿਭਾਗ ਵੱਲੋਂ ਦੱਸੀ ਹੋਈ ਥਾਂ ’ਤੇ 50 ਬੂਟੇ ਲਾਉਣ ਦਾ ਹੁਕਮ ਦਿੱਤਾ।

* 2 ਅਕਤੂਬਰ, 2022 ਨੂੰ ਜਸਟਿਸ ਜਸਮੀਤ ਸਿੰਘ ਨੇ ਹੀ ਫਿਰੌਤੀ ਦੇ ਮਾਮਲੇ ’ਚ ਸ਼ਿਕਾਇਤਕਰਤਾ ਦੇ ਨਾਲ ਸਮਝੌਤੇ ਦੇ ਬਾਅਦ ਦੋਸ਼ੀ ਔਰਤ ਦੇ ਵਿਰੁੱਧ ਦਰਜ ਮੁਕੱਦਮਾ ਇਸ ਸ਼ਰਤ ’ਤੇ ਰੱਦ ਕੀਤਾ ਕਿ ਉਹ ਇਕ ਲੜਕੀਆਂ ਦੇ ਸਕੂਲ ’ਚ ਛੇਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਦੋ ਮਹੀਨਿਆਂ ਤੱਕ ਸੈਨੀਟਰੀ ਪੈਡ ਮੁਫਤ ਵੰਡੇਗੀ।

* 3 ਅਕਤੂਬਰ, 2022 ਨੂੰ ਚੇਨਈ ’ਚ ਸੜਕ ’ਤੇ ਬਾਈਕ ਨਾਲ ਸਟੰਟ ਦਿਖਾਉਣ ਵਾਲੇ ‘ਕੋਟਲਾ ਇਲੈਕਸ ਬਿਨਾਯਾ’ ਨਾਂ ਦੇ ਨੌਜਵਾਨ ਨੂੰ ਸਥਾਨਕ ਅਦਾਲਤ ਨੇ ਸਜ਼ਾ ਦੇ ਤੌਰ ’ਤੇ 3 ਮਹੀਨਿਆਂ ਤੱਕ ਟ੍ਰੈਫਿਕ ਲਾਈਟ ਸਿਗਨਲਾਂ ’ਤੇ ਰੋਡ ਸੇਫਟੀ ਪੈਂਫਲੇਟ ਵੰਡਣ ਅਤੇ ਸੋਸ਼ਲ ਮੀਡੀਆ ’ਤੇ ਸੜਕ ਸੁਰੱਖਿਆ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ।

* 9 ਜਨਵਰੀ, 2023 ਨੂੰ ਭੋਪਾਲ ਦੀ ਇਕ ਅਦਾਲਤ ਨੇ ਵਾਰ-ਵਾਰ ਚਾਰਪਹੀਆ ਵਾਹਨ ’ਤੇ ਖੜ੍ਹੇ ਹੋ ਕੇ ਸਟੰਟ ਕਰਨ ਵਾਲੇ ‘ਜੁਬੈਰ ਮੌਲਾਨਾ’ ਨਾਂ ਦੇ ਨੌਜਵਾਨ ਨੂੰ ਅਨੋਖੀ ਸਜ਼ਾ ਦਿੰਦੇ ਹੋਏ ਉਸ ਦੇ ਇਕ ਸਾਲ ਦੇ ਲਈ ਕਿਸੇ ਵੀ ਕਿਸਮ ਦੇ ਦੋਪਹੀਆ ਅਤੇ ਚਾਰਪਹੀਆ ਵਾਹਨ ਚਲਾਉਣ ਅਤੇ ਉਨ੍ਹਾਂ ’ਚ ਬੈਠਣ ਤੱਕ ’ਤੇ ਰੋਕ ਲਾ ਦਿੱਤਾ। ਇਸ ਦੇ ਇਲਾਵਾ ਇਕ ਸਾਲ ਤੱਕ ਉਸ ਨੂੰ ਕਿਤੇ ਵੀ ਆਉਣ-ਜਾਣ ਲਈ ਸਿਰਫ ਆਟੋ ਰਿਕਸ਼ਾ ਜਾਂ ਬੱਸ ਦੀ ਹੀ ਵਰਤੋਂ ਕਰਨੀ ਹੋਵੇਗੀ।

* 21 ਫਰਵਰੀ, 2023 ਨੂੰ ਦਿੱਲੀ ਹਾਈਕੋਰਟ ਦੇ ਜੱਜ ਜਸਮੀਤ ਸਿੰਘ ਨੇ ਸੂਰ ਪਾਲਣ ਨੂੰ ਲੈ ਕੇ ਹੋਈ ਲੜਾਈ ਦੇ 10 ਦੋਸ਼ੀਆਂ ਦੇ ਦਰਮਿਆਨ ਸਮਝੌਤਾ ਹੋ ਜਾਣ ਦੇ ਬਾਅਦ ਉਨ੍ਹਾਂ ’ਤੇ ਦਰਜ ਐੱਫ. ਆਈ. ਆਰ. ਖਾਰਿਜ ਕਰਦੇ ਹੋਏ ਉਨ੍ਹਾਂ ’ਚੋਂ ਹਰੇਕ ਨੂੰ 4 ਹਫਤਿਆਂ ਦੇ ਅੰਦਰ ਆਪਣੀਆਂ-ਆਪਣੀਆਂ ਰਿਹਾਇਸ਼ਾਂ ਦੇ ਨੇੜੇ 10-10 ਬੂਟੇ ਲਗਾਉਣ ਅਤੇ 10 ਸਾਲ ਤੱਕ ਉਨ੍ਹਾਂ ਦੀ ਦੇਖਭਾਲ ਕਰਨ ਦਾ ਹੁਕਮ ਦਿੱਤਾ।

* 2 ਮਾਰਚ, 2023 ਨੂੰ ਮਹਾਰਾਸ਼ਟਰ ’ਚ ਮਾਲੇਗਾਂਵ ਦੀ ਅਦਾਲਤ ’ਚ ਮੈਜਿਸਟ੍ਰੇਟ ਤੇਜਵੰਤ ਸੰਧੂ ਨੇ ਰੋਡ ਰੇਜ ਅਤੇ ਇਕ ਵਾਹਨ ਚਾਲਕ ਨਾਲ ਕੁੱਟਮਾਰ ਕਰਨ ਦੇ ਦੋਸ਼ੀ ਰਊਫ ਉਮਰ ਨਾਂ ਦੇ ਦੋਸ਼ੀ ਨੂੰ ਸਜ਼ਾ ਸੁਣਾਉਂਦੇ ਹੋਏ ਮਸਜਿਦ ਦੇ ਅੰਦਰ 2 ਬੂਟੇ ਲਗਾ ਕੇ ਉਨ੍ਹਾਂ ਦੀ ਲਗਾਤਾਰ ਦੇਖਭਾਲ ਕਰਨ ਅਤੇ 21 ਦਿਨਾਂ ਤੱਕ ਨਿਯਮਿਤ ਤੌਰ ’ਤੇ ਪੰਜੇ ਸਮੇਂ ਨਮਾਜ਼ ਪੜ੍ਹਨ ਦੀ ਸਜ਼ਾ ਸੁਣਾਈ।

ਦੇਖਣ ’ਚ ਹਲਕੀਆਂ-ਫੁਲਕੀਆਂ ਜਾਪਣ ਵਾਲੀਆਂ ਇਹ ਸਜ਼ਾਵਾਂ ਜਿੱਥੇ ਦੋਸ਼ੀਆਂ ਦੇ ਮਨ ’ਚ ਪਸ਼ਚਾਤਾਪ ਦੀ ਭਾਵਨਾ ਦਾ ਸੰਚਾਰ ਕਰਨ ਵਾਲੀਆਂ ਹਨ, ਉੱਥੇ ਹੀ ਉਨ੍ਹਾਂ ਨੂੰ ਚੰਗੇ ਕਾਰਜਾਂ ਲਈ ਪ੍ਰੇਰਨਾ ਦੇਣ ਵਾਲੀਆਂ ਵੀ ਹਨ।

ਇਸ ਲਈ ਛੋਟੇ-ਮੋਟੇ ਘੱਟ ਗੰਭੀਰ ਕਿਸਮ ਦੇ ਅਪਰਾਧਾਂ ’ਚ ਦੋਸ਼ੀਆਂ ਨੂੰ ਇਸ ਕਿਸਮ ਦੀਆਂ ਸਿੱਖਿਆਦਾਇਕ ਸਜ਼ਾਵਾਂ ਦੇ ਕੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਦਾ ਇਹ ਇਕ ਚੰਗਾ ਤਰੀਕਾ ਹੈ।

-ਵਿਜੇ ਕੁਮਾਰ


Anmol Tagra

Content Editor

Related News