‘ਖੁਸ਼ੀ ’ਚ ਫਾਇਰਿੰਗ’ ਦਾ ਲਗਾਤਾਰ ਵਧਦਾ ਰੁਝਾਨ ਬਦਲ ਰਿਹਾ- ‘ਖੁਸ਼ੀ ਨੂੰ ਮਾਤਮ ’ਚ’

Saturday, Feb 18, 2023 - 02:56 AM (IST)

ਵਿਆਹ-ਸ਼ਾਦੀਆਂ, ਨਵੇਂ ਸਾਲ, ਤਿਉਹਾਰਾਂ ਅਤੇ ਖੁਸ਼ੀ ਦੇ ਹੋਰਨਾਂ ਮੌਕਿਆਂ ’ਤੇ ਭਲਾ ਕਿਸ ਦਾ ਮਨ ਨਹੀਂ ਮਚਲ ਉੱਠਦਾ! ਅਜਿਹੇ ’ਚ ਕਈ ਵਾਰ ਵਿਅਕਤੀ ਜ਼ਿਆਦਾ ਹੀ ਜੋਸ਼ ’ਚ ਆ ਕੇ ਕੁਝ ਅਜਿਹਾ ਕਰ ਬੈਠਦਾ ਹੈ ਜਿਸ ਨਾਲ ਉਸ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਹੈ।

ਨਤੀਜਾ ਸੋਚੇ ਬਿਨਾਂ ਜੋਸ਼ ’ਚ ਗੋਲੀ ਚਲਾ ਕੇ ਖੁਸ਼ੀ ਪ੍ਰਗਟ ਕਰਨ ਦਾ ਰਿਵਾਜ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ’ਚ ਪ੍ਰਚੱਲਿਤ ਹੈ। ਇਸ ਨਾਲ ਕਈ ਵਾਰ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ ਜਿਸ ਨਾਲ ਖੁਸ਼ੀ ਦੇ ਮੌਕੇ ਦਰਦਨਾਕ ਹਾਦਸਿਆਂ ’ਚ ਬਦਲ ਜਾਂਦੇ ਹਨ। ਅਜਿਹੀਆਂ ਹੀ ਸਿਰਫ ਡੇਢ ਮਹੀਨੇ ਦੇ ਦੌਰਾਨ ਸਾਹਮਣੇ ਆਈਆਂ ਕੁਝ ਦਰਦਨਾਕ ਘਟਨਾਵਾਂ ਹੇਠਾਂ ਦਰਜ ਹਨ :

* 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਨੂੰ ਸ਼ਿਮੋਗਾ ’ਚ ਨਵਾਂ ਸਾਲ-2023 ਦੇ ਸਵਾਗਤ ਦੇ ਲਈ ਆਯੋਜਿਤ ਪਾਰਟੀ ’ਚ ਇਕ ਵਿਅਕਤੀ ਨੇ ਆਪਣੀ ਬੰਦੂਕ ਨਾਲ ਗੋਲੀ ਚਲਾ ਿਦੱਤੀ ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।

* 3 ਜਨਵਰੀ ਨੂੰ ਨਵੀਂ ਦਿੱਲੀ ’ਚ ਇਲਾਜ ਅਧੀਨ ਨੌਜਵਾਨ ਦੀ ਮੌਤ ਹੋ ਗਈ ਜੋ ਕੁਝ ਦਿਨ ਪਹਿਲਾਂ ਬਰੇਲੀ ’ਚ ਆਪਣੀ ਦੋਸਤ ਦੀ ਭੈਣ ਦੇ ਵਿਆਹ ਦੇ ਸਮਾਗਮ ’ਚ ਖੁਸ਼ੀ ਦੀ ਫਾਇਰਿੰਗ ਦੇ ਨਤੀਜੇ ਵਜੋਂ ਜ਼ਖਮੀ ਹੋ ਗਿਆ ਸੀ।

* 14 ਜਨਵਰੀ ਨੂੰ ਨਵੀਂ ਦਿੱਲੀ ਦੇ ‘ਜੋਨਾਪੁਰ’ ਪਿੰਡ ’ਚ ਜਨਮਦਿਨ ਦੀ ਪਾਰਟੀ ’ਚ ਸ਼ਾਮਲ ਇਕ ਨੌਜਵਾਨ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਪਾਰਟੀ ’ਚ ਸ਼ਾਮਲ ਇਕ ਨੌਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।

* 25 ਜਨਵਰੀ ਨੂੰ ਜਬਲਪੁਰ (ਮੱਧ ਪ੍ਰਦੇਸ਼) ’ਚ ਇਕ ਵਿਆਹ ਦੇ ਲਗਨ ਸਮਾਗਮ ’ਚ ਆਪਣੇ ਦੋਸਤਾਂ ਦੇ ਨਾਲ ਨੱਚ ਰਹੇ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਉੱਥੇ ਨੱਚ ਰਹੇ ਇਕ ਹੋਰ ਨੌਜਵਾਨ ਨੂੰ ਲੱਗਣ ਨਾਲ ਉਸ ਦੀ ਮੌਤ ਹੋ ਗਈ।

* 28 ਜਨਵਰੀ ਨੂੰ ਪਟਨਾ (ਬਿਹਾਰ) ’ਚ ਇਕ ਧਾਰਮਿਕ ਸ਼ੋਭਾ ਯਾਤਰਾ ਦੇ ਦੌਰਾਨ ਖੁਸ਼ੀ ’ਚ ਕੀਤੀ ਫਾਇਰਿੰਗ ਨਾਲ ਸ਼ੋਭਾ ਯਾਤਰਾ ’ਚ ਸ਼ਾਮਲ ਇਕ ਨੌਜਵਾਨ ਦੀ ਜਾਨ ਚਲੀ ਗਈ।

* 5 ਫਰਵਰੀ ਨੂੰ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ਦੇ ‘ਬੀਬੀਨਗਰ’ ’ਚ ਇਕ ਮੰਗਣੀ ਸਮਾਗਮ ’ਚ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ।

* 6 ਫਰਵਰੀ ਨੂੰ ਅਲਵਰ (ਰਾਜਸਥਾਨ) ਦੇ ‘ਖੇੜਲੀ’ ਪਿੰਡ ’ਚ ਵਿਆਹ ਦੀਆਂ ਰਸਮਾਂ ਦੌਰਾਨ ਅਚਾਨਕ ਕਿਸੇ ਮਹਿਮਾਨ ਨੇ ਤਾਬੜਤੋੜ ਕਈ ਫਾਇਰ ਕਰ ਦਿੱਤੇ। ਇਸ ਨਾਲ ਅਚਾਨਕ ਤਮੰਚਾ ਗਰਮ ਹੋ ਕੇ ਫਟ ਜਾਣ ਨਾਲ ਉਸ ਦੇ ਟੁਕੜੇ ਨੇੜੇ ਹੀ ਖੜ੍ਹੇ ਲਾੜੇ ਦੇ ਭਤੀਜੇ ਅਤੇ ਇਕ ਔਰਤ ਨੂੰ ਜਾ ਲੱਗੇ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।

* 7 ਫਰਵਰੀ ਨੂੰ ਨਾਲੰਦਾ (ਬਿਹਾਰ) ਦੇ ਪਿੰਡ ‘ਪਰਮਾਨੰਦ ਬੀਘਾ’ ’ਚ ਇਕ ਬੱਚੀ ਦੇ ਜਨਮ ਦਿਨ ਦੀ ਪਾਰਟੀ ਦੇ ਦੌਰਾਨ ਕੇਕ ਕੱਟਣ ਦੇ ਤੁਰੰਤ ਬਾਅਦ ਪਾਰਟੀ ’ਚ ਸ਼ਾਮਲ ਕੁਝ ਨੌਜਵਾਨਾਂ ਨੇ ਪਿਸਤੌਲ ਲਹਿਰਾਉਂਦੇ ਹੋਏ ਨੱਚਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੋਲੀ ਚੱਲ ਜਾਣ ਨਾਲ ਮੋਹਿਤ ਕੁਮਾਰ ਨਾਂ ਦੇ ਇਕ ਸਾਲ ਦੇ ਬੱਚੇ ਦੀ ਜਾਨ ਚਲੀ ਗਈ।

* 7 ਫਰਵਰੀ ਨੂੰ ਕਾਨਪੁਰ (ਉੱਤਰ ਪ੍ਰਦੇਸ਼) ਦੇ ‘ਸਰਸੌਲ’ ’ਚ ਇਕ ਵਿਆਹ ਸਮਾਗਮ ’ਚ ਜੈਮਾਲਾ ਦੇ ਦੌਰਾਨ ‘ਖੁਸ਼ੀ ’ਚ ਫਾਇਰਿੰਗ’ ’ਚ ਕਿਸੇ ਵਿਅਕਤੀ ਦੀ ਚਲਾਈ ਗੋਲੀ ਲੱਗਣ ਨਾਲ ਲਾੜੇ ਦੀ ਭਾਬੀ ਦੀ ਮੌਤ ਹੋ ਗਈ।

* 7 ਫਰਵਰੀ ਨੂੰ ਹੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ’ਚ ਆਪਣੇ ਮਕਾਨ ਦੀ ਛੱਤ ਤੋਂ ਘੁੜਚੜ੍ਹੀ ਦੀ ਰਸਮ ਦੇਖ ਰਹੀ ਇਕ ਔਰਤ ‘ਖੁਸ਼ੀ ’ਚ ਫਾਇਰਿੰਗ’ ਦੇ ਦੌਰਾਨ ਨਾਜਾਇਜ਼ ਤਮੰਚੇ ਨਾਲ ਚਲਾਈ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਈ।

* 10 ਫਰਵਰੀ ਨੂੰ ਜਾਂਜਗੀਰ ਚਾਪਾ (ਛੱਤੀਸਗੜ੍ਹ) ’ਚ ਜ਼ਿਲਾ ਕਾਂਗਰਸ ਦੇ ਉਪ ਪ੍ਰਧਾਨ ਰਾਗਵੇਂਦਰ ਪ੍ਰਤਾਪ ਸਿੰਘ ਦੇ ਪੁੱਤਰ ਸ਼ਾਂਤਨੂੰ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਇਕ ਿਵਆਹ ਸਮਾਗਮ ’ਚ ਪਿਸਤੌਲ ਲਹਿਰਾਉਂਦੇ ਹੋਏ ਹਵਾ ’ਚ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਇਸ ਸਬੰਧ ’ਚ ਪੁਲਸ ਨੇ ਰਾਗਵੇਂਦਰ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਬੇਟੇ ਕੋਲੋਂ 4 ਦਰਜਨ ਦੇ ਲਗਭਗ ਜ਼ਿੰਦਾ ਕਾਰਤੂਸ ਬਰਾਮਦ ਕੀਤੇ।

* 15 ਫਰਵਰੀ ਨੂੰ ਥਾਣਾ ਸਦਰ ਪੱਟੀ (ਪੰਜਾਬ) ਦੇ ਪਿੰਡ ‘ਝੁੱਗੀਆਂ ਕਾਲਕਾ’ ’ਚ ਵਿਆਹ ਸਮਾਗਮ ’ਚ ਲਾੜੇ ਦੇ ਮੌਸੇਰੇ ਭਰਾ ਨੇ ਨੱਚਦੇ ਸਮੇਂ ਰਾਈਫਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਇਕ ਗੋਲੀ ਲਾੜੇ ਦੇ ਜੀਜੇ ਨੂੰ ਲੱਗਣ ਨਾਲ ਉਸ ਦੀ ਮੌਤ ਹੋ ਗਈ।

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਵਿਆਹ ਅਤੇ ਹੋਰਨਾਂ ਸਮਾਗਮਾਂ ’ਚ ‘ਖੁਸ਼ੀ ’ਚ ਫਾਇਰਿੰਗ’ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਲਈ ਇਸ ਨਾਲ ਹੋਣ ਵਾਲੀਆਂ ਦੁਖਦਾਈ ਘਟਨਾਵਾਂ ਨੂੰ ਦੇਖਦੇ ਹੋਏ ਵੱਖ-ਵੱਖ ਸਮਾਗਮਾਂ ’ਚ ਸ਼ਰਾਬ ਅਤੇ ਅਸਲੇ ਦੀ ਵਰਤੋਂ ’ਤੇ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ।

ਇਸ ਦੇ ਨਾਲ ਹੀ ਅਜਿਹੇ ਸਮਾਗਮਾਂ ’ਚ ਖੁਸ਼ੀ ’ਚ ਫਾਇਰਿੰਗ ਕਰਨ ਵਾਲਿਆਂ ’ਤੇ ਭਾਰੀ ਜੁਰਮਾਨੇ ਅਤੇ ਗ੍ਰਿਫਤਾਰੀ ਦੀ ਵਿਵਸਥਾ ਹੋਣ ਦੇ ਨਾਲ-ਨਾਲ ਦੋਸ਼ੀ ਵਿਅਕਤੀ ਦੇ ਹਥਿਆਰ ਦਾ ਲਾਇਸੰਸ ਵੀ ਜ਼ਬਤ ਹੋਣਾ ਚਾਹੀਦਾ ਹੈ ਤਾਂ ਕਿ ਖੁਸ਼ੀ ਦੇ ਮੌਕੇ ਮਾਤਮ ’ਚ ਨਾ ਬਦਲਣ ਅਤੇ ਪਰਿਵਾਰ ਨਾ ਉਜੜਣ।

-ਵਿਜੇ ਕੁਮਾਰ


Mukesh

Content Editor

Related News