ਜੰਮੂ-ਕਸ਼ਮੀਰ ਦੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਮੁਲਾਜ਼ਮਾਂ ਦੀ ਬਰਤਰਫੀ ਸਹੀ ਪਰ ਦੇਰ ਨਾਲ

Tuesday, Jul 13, 2021 - 03:39 AM (IST)

ਜੰਮੂ-ਕਸ਼ਮੀਰ ਦੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਮੁਲਾਜ਼ਮਾਂ ਦੀ ਬਰਤਰਫੀ ਸਹੀ ਪਰ ਦੇਰ ਨਾਲ

ਇਸ ਸਾਲ ਅਪ੍ਰੈਲ ’ਚ ਜੰਮੂ-ਕਸ਼ਮੀਰ ਸਰਕਾਰ ਨੇ ਦੇਸ਼ ਵਿਰੋਧੀ ਅਤੇ ਵੱਖਵਾਦੀ ਸਰਗਰਮੀਆਂ ’ਚ ਸ਼ਾਮਲ ਅਨਸਰਾਂ ਨੂੰ ਸ਼ਹਿ ਦੇਣ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਸਬੂਤ ਜੁਟਾਉਣ ਲਈ 5 ਮੈਂਬਰੀ ‘ਵਿਸ਼ੇਸ਼ ਟਾਸਕ ਫੋਰਸ’ ਦਾ ਗਠਨ ਕਰ ਕੇ ਉਸ ਨੂੰ ਆਪਣੀ ਰਿਪੋਰਟ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ ਤਾਂ ਜੋ ਉਹ ਨੌਕਰੀ ’ਚੋਂ ਕੱਢੇ ਜਾ ਸਕਣ।

ਸੂਬਾ ਸਰਕਾਰ ਨੇ ਇਹ ਕਮੇਟੀ ਅਜਿਹੀ ਪੱਕੀ ਜਾਣਕਾਰੀ ਮਿਲਣ ਤੋਂ ਬਾਅਦ ਕਾਇਮ ਕੀਤੀ ਸੀ ਕਿ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਪਿੱਛੋਂ ਇਸ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਦੱਸਿਆ ਜਾਂਦਾ ਹੈ ਕਿ ਜੰਮੂ-ਕਸ਼ਮੀਰ ’ਚ ਸੀ. ਆਈ. ਡੀ. ਨੇ ਅਜਿਹੇ 500 ਦੇ ਲਗਭਗ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸੂਚੀ ਬਣਾਈ ਹੈ।

ਇਸੇ ਮੁਤਾਬਕ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਸਰਕਾਰੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਹਿਜ਼ਬੁਲ ਮੁਜਾਹਿਦੀਨ ਦੇ ਸਰਗਣਾ ਸਲਾਹੂਦੀਨ ਦੇ ਦੋ ਬੇਟਿਆਂ ਸਮੇਤ 9 ਹੋਰਨਾਂ ਨੂੰ ਉਨ੍ਹਾਂ ਦੀ ਨੌਕਰੀ ਤੋਂ ਬਰਤਰਫ ਕਰ ਦਿੱਤਾ ਹੈ।

ਇਨ੍ਹਾਂ ’ਚੋਂ 4 ਅਨੰਤਨਾਗ, 3 ਬਡਗਾਮ, 1-1 ਬਾਰਾਮੂਲਾ, ਸ਼੍ਰੀਨਗਰ, ਪੁਲਵਾਮਾ ਅਤੇ ਕੁਪਵਾੜਾ ਤੋਂ ਹਨ, ਜੋ ਜੰਮੂ-ਕਸ਼ਮੀਰ ਪੁਲਸ, ਸਿੱਖਿਆ, ਖੇਤੀਬਾੜੀ, ਹੁਨਰ ਵਿਕਾਸ, ਬਿਜਲੀ ਅਤੇ ਸਿਹਤ ਵਿਭਾਗਾਂ ਨਾਲ ਸੰਬੰਧ ਰੱਖਦੇ ਹਨ। ਬਰਤਰਫ ਕੀਤੇ ਗਏ ਮੁਲਾਜ਼ਮਾਂ ’ਚ ਹੇਠ ਲਿਖੇ ਸ਼ਾਮਲ ਹਨ :

* ਸਲਾਹੂਦੀਨ ਦੇ ਬੇਟੇ ਸਈਦ ਅਹਿਮਦ ਸ਼ਕੀਲ ਅਤੇ ਸ਼ਾਹਿਦ ਯੂਸਫ, ਜਿਨ੍ਹਾਂ ’ਤੇ ਅੱਤਵਾਦੀਆਂ ਨੂੰ ਫੰਡਿੰਗ ਕਰਨ ਦਾ ਦੋਸ਼ ਹੈ। ਇਨ੍ਹਾਂ ’ਚੋਂ ਇਕ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ’ਚ ਅਤੇ ਦੂਜਾ ਸਿੱਖਿਆ ਵਿਭਾਗ ’ਚ ਸੀ।

* ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਦੀਆਂ ਸਰਗਰਮੀਆਂ ਦੀ ਜਾਣਕਾਰੀ ਅਤੇ ਸ਼ਰਨ ਦੇਣ ਵਾਲੇ ਲਸ਼ਕਰ-ਏ-ਤੋਇਬਾ ਦਾ ਸਹਿਯੋਗੀ ਆਈ. ਟੀ. ਆਈ. ਕੁਪਵਾੜਾ ਦਾ ਚਪੜਾਸੀ।

* ਆਪਣੇ ਘਰ ’ਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਬਦਨਾਮ ਅੱਤਵਾਦੀਆਂ ਨੂੰ ਸ਼ਰਨ ਦੇਣ ਵਾਲਾ ਸਿਹਤ ਵਿਭਾਗ ਦਾ ਚਪੜਾਸੀ ਨਾਜ਼ ਮੁਹੰਮਦ ਅਲਾਈ।

* ਜਮਾਤ-ਏ-ਇਸਲਾਮੀ ਅਤੇ ਦੁੱਖਤਰਾਨ-ਏ-ਮਿੱਲਤ ਦੀ ਹਮਾਇਤ ਕਰਨ ਸਮੇਤ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਅਨੰਤਨਾਗ ਜ਼ਿਲੇ ਦੇ ਸਿੱਖਿਆ ਵਿਭਾਗ ਦੇ ਦੋ ਟੀਚਰ।

* ਜਮਾਤ-ਏ-ਇਸਲਾਮੀ ਨਾਲ ਜੁੜੇ ਸਿੱਖਿਆ ਵਿਭਾਗ ਦੇ ਦੋ ਮੁਲਾਜ਼ਮ ਜੱਬਾਰ ਅਹਿਮਦ ਪਰੇ ਅਤੇ ਨਿਸਾਰ ਅਹਿਮਦ ਤਾਂਤਰੇ।

* ਜੰਮੂ-ਕਸ਼ਮੀਰ ਪੁਲਸ ਦੇ 2 ਕਾਂਸਟੇਬਲ ਵੀ ਬਰਤਰਫ ਕੀਤੇ ਗਏ ਹਨ। ਇਨ੍ਹਾਂ ’ਚੋਂ ਇਕ ਅਬਦੁੱਲ ਰਾਸ਼ਿਦ ਸ਼ਿਗਨ, ਜੋ ਖੁਦ ਸੁਰੱਖਿਆ ਫੋਰਸਾਂ ’ਤੇ ਹਮਲੇ ’ਚ ਸ਼ਾਮਲ ਸੀ ਅਤੇ ਅਗਸਤ 2012 ’ਚ ਗ੍ਰਿਫਤਾਰੀ ਦੇ ਸਮੇਂ ਉਹ ਬਾਂਦੀਪੋਰਾ ਦੇ ਸਾਬਕਾ ਸੀਨੀਅਰ ਪੁਲਸ ਮੁਖੀ ਬੀ. ਏ. ਖਾਨ ਦੇ ਘਰ ਸੁਰੱਖਿਆ ’ਚ ਤਾਇਨਾਤ ਸੀ।

* ਬਿਜਲੀ ਵਿਭਾਗ ਦਾ ਇੰਸਪੈਕਟਰ ਸ਼ਾਹੀਨ ਅਹਿਮਦ ਲੋਨ, ਜਿਸ ਨੂੰ ਹਿਜ਼ਬੁਲ ਮੁਜਾਹਿਦੀਨ ਲਈ ਹਥਿਆਰਾਂ ਦੀ ਸਮੱਗਲਿੰਗ ’ਚ ਸ਼ਾਮਲ ਪਾਇਆ ਗਿਆ।

ਉਕਤ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ’ਚੋਂ 4 ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਸਲਾਹੂਦੀਨ ਦਾ ਇਕ ਬੇਟਾ ਅਕਤੂਬਰ 2019 ’ਚ ਅਤੇ ਦੂਜਾ ਬੇਟਾ ਮਾਰਚ 2019 ’ਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਅਨੰਤਨਾਗ ਅਤੇ ਕੁਪਵਾੜਾ ਨਾਲ ਸੰਬੰਧਤ ਦੋ ਮੁਲਾਜ਼ਮ ਨਵੰਬਰ 2020 ’ਚ ਗ੍ਰਿਫਤਾਰ ਕੀਤੇ ਗਏ ਸਨ। ਬਰਤਰਫ ਕੀਤੇ ਗਏ 7 ਹੋਰਨਾਂ ਵਿਰੁੱਧ ਅਗਲੀ ਕਾਰਵਾਈ ਜਾਰੀ ਹੈ।

ਉਕਤ ਅਧਿਕਾਰੀ ਅਤੇ ਮੁਲਾਜ਼ਮ 1990 ਤੋਂ 1993 ਦਰਮਿਆਨ ਸੂਬਾ ਸਰਕਾਰ ਦੀ ਨੌਕਰੀ ’ਚ ਆਏ, ਭਾਵ ਉਨ੍ਹਾਂ ਨੂੰ ਨੌਕਰੀ ਕਰਦਿਆਂ 28 ਤੋਂ 30 ਸਾਲ ਤਕ ਹੋ ਚੁੱਕੇ ਸਨ। ਭਾਰੀ ਬੇਰੋਜ਼ਗਾਰੀ ਦੇ ਦੌਰ ’ਚ ਸਰਕਾਰੀ ਨੌਕਰੀ ਹਾਸਲ ਕਰ ਕੇ ਦੇਸ਼ ਦਾ ਅਹਿਸਾਨ ਮੰਨਣ ਦੀ ਬਜਾਏ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋ ਕੇ ਉਹ ਪਤਾ ਨਹੀਂ ਆਪਣੇ ਹੀ ਕਿੰਨੇ ਲੋਕਾਂ ਨੂੰ ਮਰਵਾ ਚੁੱਕੇ ਹੋਣਗੇ।

ਇਸ ਲਈ ਜਿਥੇ ਇਨ੍ਹਾਂ ਦੇਸ਼ ਵਿਰੋਧੀ ਅਨਸਰਾਂ ਦਾ ਪਤਾ ਲਾ ਕੇ ਇਨ੍ਹਾਂ ਨੂੰ ਬਰਤਰਫ ਕਰਵਾਉਣ ਵਾਲੇ ਅਧਿਕਾਰੀ ਵਧਾਈ ਦੇ ਪਾਤਰ ਹਨ, ਉਥੇ ਇੰਨੇ ਲੰਮੇ ਸਮੇਂ ਤਕ ਇਨ੍ਹਾਂ ਦਾ ਪਤਾ ਨਾ ਲਾ ਸਕਣ ਵਾਲਿਆਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਇਨ੍ਹਾਂ ਬਰਤਰਫੀਆਂ ਪਿੱਛੋਂ ਇਸ ਸਾਲ ਅਪ੍ਰੈਲ ’ਚ ਹੁਣ ਤਕ ਰਾਸ਼ਟਰ ਵਿਰੋਧੀ ਅਤੇ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਹੋਣ ਕਾਰਨ ਸਰਕਾਰੀ ਨੌਕਰੀ ’ਚੋਂ ਕੱਢੇ ਗਏ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਗਿਣਤੀ 17 ਹੋ ਗਈ ਹੈ।

ਪ੍ਰਸ਼ਾਸਨ ਦੀ ਇਸ ਕਾਰਵਾਈ ’ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਭੜਕ ਉੱਠੀ ਹੈ ਅਤੇ ਉਨ੍ਹਾਂ ਇਸ ਨੂੰ ‘ਅਪਰਾਧਿਕ ਕੰਮ’ ਅਤੇ ਵਾਦੀ ਦੇ ਲੋਕਾਂ ਨੂੰ ਇਕ ਸਜ਼ਾ ਦੱਸਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਕੇਂਦਰ ਸਰਕਾਰ ’ਤੇ ‘ਅਖੌਤੀ ਰਾਸ਼ਟਰਵਾਦ’ ਦੇ ਨਾਂ ’ਤੇ ਜੰਮੂ-ਕਸ਼ਮੀਰ ਦੇ ਲੋਕਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ।

ਅਜਿਹੇ ਬਿਆਨ ਦੇਣ ਵਾਲੇ ਨੇਤਾ ਆਖਿਰ ਕਿਸ ਨਾਲ ਹਮਦਰਦੀ ਜਤਾ ਰਹੇ ਹਨ? ਉਨ੍ਹਾਂ ਲੋਕਾਂ ਨਾਲ, ਜੋ ਆਪਣੇ ਹੀ ਲੋਕਾਂ ਦੀ ਹੱਤਿਆ ਕਰਵਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤਬਾਹ ਤੇ ਬਰਬਾਦ ਕਰਨ ਲਈ ਜ਼ਿੰਮੇਵਾਰ ਹਨ?

–ਵਿਜੇ ਕੁਮਾਰ


author

Bharat Thapa

Content Editor

Related News