ਇੰਦੌਰ ਨੂੰ ਬਾਲ ਭਿਖਾਰੀਆਂ ਤੋਂ ਮੁਕਤ ਬਣਾਉਣ ਦਾ ਪ੍ਰਸ਼ਾਸਨ ਦਾ ਯਤਨ

Saturday, Feb 24, 2024 - 05:56 AM (IST)

ਹਾਲ ਹੀ ’ਚ ਇੰਦੌਰ (ਮੱਧ ਪ੍ਰਦੇਸ਼) ਸ਼ਹਿਰ ਨੂੰ ‘ਭਿਖਾਰੀ ਮੁਕਤ ਸ਼ਹਿਰ’ ਬਣਾਉਣ ਲਈ ਕਾਰਜਸ਼ੀਲ ਗੈਰ-ਸਰਕਾਰੀ ਸੰਗਠਨ ‘ਪ੍ਰਵੇਸ਼’ ਦੀ ਮੁਖੀ ਰੂਪਾਲੀ ਜੈਨ ਨੇ ਦਾਅਵਾ ਕੀਤਾ ਸੀ ਕਿ ਇੱਥੇ ਇੰਦਰਾ ਬਾਈ ਨਾਂ ਦੀ ਇਹ 40 ਸਾਲਾ ਔਰਤ ਨੇ ਆਪਣੀ 8 ਸਾਲਾ ਬੱਚੀ ਸਮੇਤ 3 ਨਾਬਾਲਗ ਔਲਾਦਾਂ ਤੋਂ ਭੀਖ ਮੰਗਵਾ ਕੇ ਸਿਰਫ 45 ਦਿਨਾਂ ’ਚ ਢਾਈ ਲੱਖ ਰੁਪਏ ਕਮਾਏ।

ਰੂਪਾਲੀ ਜੈਨ ਅਨੁਸਾਰ, ‘‘ਇੰਦਰਾ ਨੇ ਇਸ ਵਿਚੋਂ ਇਕ ਲੱਖ ਰੁਪਏ ਆਪਣੇ ਸੱਸ-ਸਹੁਰੇ ਨੂੰ ਭੇਜੇ, 50,000 ਰੁਪਏ ਬੈਂਕ ਖਾਤੇ ’ਚ ਜਮ੍ਹਾਂ ਕਰਵਾਏ ਅਤੇ 50,000 ਰੁਪਏ ਫਿਕਸ ਡਿਪਾਜ਼ਿਟ ’ਚ ਲਾਏ। ਇੰਦਰਾ ਦੇ ਨਾਂ ’ਤੇ ਉਸ ਦੇ ਪਤੀ ਨੇ ਇਕ ਮੋਟਰਸਾਈਕਲ ਖਰੀਦਿਆ ਹੈ ਅਤੇ ਭੀਖ ਮੰਗਣ ਪਿੱਛੋਂ ਉਹ ਦੋਵੇਂ ਸ਼ਹਿਰ ’ਚ ਇਸੇ ’ਤੇ ਘੁੰਮਦੇ ਹਨ।’’

ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਇੰਦੌਰ ਪ੍ਰਸ਼ਾਸਨ ਨੇ ਭੀਖ ਮੰਗਣ ਲਈ ਮਜਬੂਰ ਕੀਤੇ ਜਾਣ ਵਾਲੇ ਕਿਸੇ ਵੀ ਬੱਚੇ ਦੀ ਪੱਕੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ 1000 ਰੁਪਏ ਨਕਦ ਇਨਾਮ ਤੋਂ ਇਲਾਵਾ ਪ੍ਰਮਾਣ ਪੱਤਰ ਦੇਣ ਅਤੇ ਉਸ ਨੂੰ ਸਨਮਾਨਿਤ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ।

ਇੰਦੌਰ ਦੇ ਕਲੈਕਟਰ ਆਸ਼ੀਸ਼ ਸਿੰਘ ਅਨੁਸਾਰ ਸ਼ਹਿਰ ’ਚ ਭੀਖ ਮੰਗਣ ’ਤੇ ਰੋਕ ਲਾਉਣ ਅਤੇ ਇਸ ਵਿਚ ਜ਼ਬਰਦਸਤੀ ਧੱਕੇ ਗਏ ਬੱਚਿਆਂ ਨੂੰ ਬਚਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਇਸ ਨਰਕ ਤੋਂ ਮੁਕਤ ਕਰਵਾ ਕੇ ਉਨ੍ਹਾਂ ਦਾ ਮੁੜ-ਵਸੇਬਾ ਕੀਤਾ ਜਾ ਸਕੇ।

ਕੋਈ ਵੀ ਵਿਅਕਤੀ ਜਿੰਨੇ ਮਰਜ਼ੀ ਬਾਲ ਭਿਖਾਰੀਆਂ ਦੀ ਸੂਚਨਾ ਦੇ ਸਕਦਾ ਹੈ। ਸਹੀ ਪਾਏ ਜਾਣ ’ਤੇ ਹਰ ਵਾਰ ਸਬੰਧਤ ਵਿਅਕਤੀ ਨੂੰ ਪੁਰਸਕਾਰ ਦੀ ਰਾਸ਼ੀ ਅਤੇ ਪ੍ਰਮਾਣ ਪੱਤਰ ਤੋਂ ਇਲਾਵਾ ਉਸ ਦਾ ਸਨਮਾਨ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਮੁੱਖ ਚੌਰਾਹਿਆਂ ’ਤੇ ਨਿਗਰਾਨੀ ਰੱਖਣ ਲਈ ਟਰਾਂਸਪੋਰਟ ਵਿਭਾਗ ਦੇ ਕੰਟਰੋਲ ਰੂਮ ’ਚ ਇਕ ਅਧਿਕਾਰੀ ਤਾਇਨਾਤ ਕਰਨ ਦਾ ਫੈਸਲਾ ਵੀ ਕੀਤਾ ਹੈ। ਇਸ ਲਈ ਰੂਪਾਲੀ ਜੈਨ ਨੂੰ ਹੀ ਇੰਦੌਰ ਨਗਰ ਨਿਗਮ ਨੇ ਬਾਲ ਭਿਖਾਰੀਆਂ ਨੂੰ ਮੁਕਤ ਕਰਵਾਉਣ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਨਿਯੁਕਤ ਕੀਤਾ ਹੈ। ਹੁਣ ਤੱਕ 17 ਬਾਲ ਭਿਖਾਰੀਆਂ ਨੂੰ ਇਸ ਬੁਰਾਈ ’ਚੋਂ ਕੱਢਿਆ ਜਾ ਚੁੱਕਾ ਹੈ।

ਇਹ ਯੋਜਨਾ ਕਿਸੇ ਹੱਦ ਤੱਕ ਬਾਲ ਭੀਖ ਮੰਗਣ ਦੇ ਰੁਝਾਨ ਨੂੰ ਖਤਮ ਕਰਨ ’ਚ ਸਹਾਇਕ ਸਿੱਧ ਹੋ ਸਕਦੀ ਹੈ। ਇਸ ਲਈ ਇਸ ਨੂੰ ਕਿਸੇ ਇਲਾਕਾ ਵਿਸ਼ੇਸ਼ ਤੱਕ ਸੀਮਿਤ ਨਾ ਰੱਖ ਕੇ ਪੂਰੇ ਦੇਸ਼ ’ਚ ਲਾਗੂ ਕੀਤਾ ਜਾਣਾ ਚਾਹੀਦਾ ਹੈ।

- ਵਿਜੇ ਕੁਮਾਰ


Anmol Tagra

Content Editor

Related News