''ਅਜੇ ਖਾਓ, ਬਾਅਦ ''ਚ ਚੁਕਾਓ'' ਨੋਟਬੰਦੀ ਦੇ ਦੌਰ ''ਚ ਸਦਭਾਵਨਾ ਦੀਆਂ ਚੰਦ ਮਿਸਾਲਾਂ

12/06/2016 3:18:30 AM

ਕੇਂਦਰ ਸਰਕਾਰ ਵਲੋਂ 8 ਨਵੰਬਰ ਨੂੰ ਲਾਗੂ ਨੋਟਬੰਦੀ ਦੇ 27ਵੇਂ ਦਿਨ 5 ਦਸੰਬਰ ਨੂੰ ਵੀ ਆਮ ਲੋਕ ਲਾਈਨਾਂ ''ਚ ਲੱਗੇ ਰਹੇ। ਬਾਜ਼ਾਰ ''ਚੋਂ ਇਕ ਹੀ ਝਟਕੇ ''ਚ 86 ਫੀਸਦੀ ਕਰੰਸੀ ਅਲੋਪ ਹੋ ਜਾਣ ਨਾਲ ਦੇਸ਼ ਇਸ ਸਮੇਂ ਜਿਸ ਤਰ੍ਹਾਂ ਦੇ ਮਾਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਸ ਤਰ੍ਹਾਂ ਦੇ ਮਾਲੀ ਸੰਕਟ ਦਾ ਸਾਹਮਣਾ ਇਸ ਤੋਂ ਪਹਿਲਾਂ ਇਸ ਨੇ ਕਦੇ ਨਹੀਂ ਕੀਤਾ ਸੀ ਤੇ ਆਪਣਾ ਹੀ ਪੈਸਾ ਕਢਵਾਉਣ ਲਈ ਬੈਂਕਾਂ ਅੱਗੇ ਲਾਈਨਾਂ ''ਚ ਖੜ੍ਹੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਬੈਂਕਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ''ਤੇ ਵੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਵਾਰਾਣਸੀ ''ਚ ''ਯੂ. ਬੀ. ਆਈ.'' ਦੀ ਰੇਲਵੇ ਸਟੇਸ਼ਨ ਬ੍ਰਾਂਚ ਦੇ ਮੁਲਾਜ਼ਮ ਰੋਜ਼ ਇਸ ਪ੍ਰਾਰਥਨਾ ਨਾਲ ਕੰਮ ਸ਼ੁਰੂ ਕਰਦੇ ਹਨ : 
''ਇਤਨੀ ਸ਼ਕਤੀ ਮੁਝੇ ਦੇਨਾ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ ਹੋ ਨਾ''
ਪਹਿਲਾਂ ਤਾਂ ਲੋਕ ਰਾਤ ਨੂੰ ਜਾਂ ਸਵੇਰ ਨੂੰ ਘਰੋਂ ਸੈਰ ਕਰਨ ਨਿਕਲਦੇ ਸਨ, ਹੁਣ ਇਹ ਜਾਣਨ ਲਈ ਗੱਡੀਆਂ ''ਤੇ ਸਵਾਰ ਹੋ ਕੇ ਨਿਕਲਦੇ ਹਨ ਕਿ ਕਿਹੜੇ ਏ. ਟੀ. ਐੱਮ. ''ਚੋਂ ਪੈਸੇ ਨਿਕਲ ਰਹੇ ਹਨ। ਦਿੱਲੀ ਦੇ ਜਗਤਪੁਰੀ ''ਚ ਸਟੇਟ ਬੈਂਕ ਦੇ ਏ. ਟੀ. ਐੱਮ. ਦੇ ਬਾਹਰ ਇਕੱਠੇ ਹੋਏ ਲੋਕਾਂ ਨੇ 4 ਦਸੰਬਰ ਨੂੰ ਪੂਜਾ ਦਾ ਆਯੋਜਨ ਕਰਵਾਇਆ। 
ਅਜਿਹੀ ਸੰਕਟ ਦੀ ਘੜੀ ''ਚ ਕਈ ਨੇਕਦਿਲ ਲੋਕ  ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ, ਜਿਸ ਦੀਆਂ ਹਾਲ ਹੀ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :
* ਜਲੰਧਰ ''ਚ ਇਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਨੇ ਲਾਈਨ ''ਚ ਖੜ੍ਹੇ ਲੋਕਾਂ ਲਈ ਲੰਗਰ ਲਗਾਇਆ।
* ਮੱਧ ਪ੍ਰਦੇਸ਼ ਦੇ ਮਹੂ ਜ਼ਿਲੇ ''ਚ ਪੈਂਦੇ ''ਜਾਮਲੀ'' ਵਿਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਬਾਹਰ ਏ. ਟੀ. ਐੱਮ. ''ਚੋਂ ਪੈਸੇ ਕਢਵਾਉਣ ਤੇ ਜਮ੍ਹਾ ਪੈਸਾ ਬਦਲਵਾਉਣ ਲਈ ਖੜ੍ਹੇ ਲੋਕਾਂ ਨੂੰ ਨੌਜਵਾਨਾਂ ਦਾ ਇਕ ਸਮੂਹ ਚਾਹ-ਪਾਣੀ ਪਿਲਾਉਂਦਾ ਹੈ ਤੇ ਉਨ੍ਹਾਂ ਦੀ ਵਾਰੀ ਦਾ ਟੋਕਨ ਦਿਵਾ ਕੇ ਲਾਈਨਾਂ ''ਚ ਖੜ੍ਹੇ ਹੋਣ ਦੀ ਬਜਾਏ ਤੰਬੂ ਲਗਾ ਕੇ ਉਨ੍ਹਾਂ ਨੂੰ ਕੁਰਸੀਆਂ ''ਤੇ ਬਿਠਾਉਂਦਾ ਹੈ ਅਤੇ ਵਾਰੀ ਆਉਣ ''ਤੇ ਬੁਲਾ ਕੇ ਉਨ੍ਹਾਂ ਨੂੰ ਪੈਸੇ ਦਿਵਾਉਂਦਾ ਹੈ।
* ਦਿੱਲੀ ''ਚ 50 ਦੇ ਲੱਗਭਗ ਔਰਤਾਂ ਸਮੇਤ 250 ਤੋਂ ਜ਼ਿਆਦਾ ਆਮ ਨਾਗਰਿਕ ਬੈਂਕਾਂ ਦੇ ਬਾਹਰ ਭੀੜ ਕਾਬੂ ਕਰਨ ਲਈ ''ਪੁਲਸ ਮਿੱਤਰ'' ਦੀ ਭੂਮਿਕਾ ਨਿਭਾ ਰਹੇ ਹਨ। 
* ਆਪਣੀ ਧੀ ਦੇ ਵਿਆਹ ਲਈ ਆਪਣੇ ਖਾਤੇ ''ਚ ਜਮ੍ਹਾ ਸਿਰਫ 19 ਹਜ਼ਾਰ ਰੁਪਏ ਕਢਵਾਉਣ ਲਈ ਤਿੰਨ ਦਿਨਾਂ ਤੋਂ ਲਾਈਨ ''ਚ ਲੱਗ ਕੇ ਵੀ ਨਿਰਾਸ਼ ਪਰਤ ਰਹੇ ਬਜ਼ੁਰਗ ਅਹਿਮਦ ਹਸਨ ਦੀ ਹਾਲਤ ਦੇਖ ਕੇ ਮੁਰਾਦਾਬਾਦ ''ਚ ਬੈਂਕ ਦੇ ਬਾਹਰ ਡਿਊਟੀ ਦੇ ਰਹੇ ਪੁਲਸ ਮੁਲਾਜ਼ਮ ਅਜੀਤ ਸਿੰਘ ਦਾ ਦਿਲ ਇੰਨਾ ਪਸੀਜਿਆ ਕਿ ਉਸ ਨੇ ਅਹਿਮਦ ਹਸਨ ਨੂੰ ਆਪਣੀ ਜੇਬ ''ਚੋਂ 10 ਹਜ਼ਾਰ ਰੁਪਏ ਦੇ ਕੇ ਕਿਹਾ, ''''ਜਦੋਂ ਹੋਣ, ਮੋੜ ਦੇਣਾ।''''
ਸ਼ਮਸ਼ਾਨਘਾਟਾਂ ਦੇ ਪ੍ਰਬੰਧਕਾਂ ਵਲੋਂ ਅੰਤਿਮ ਸੰਸਕਾਰ ਦੀ ਫੀਸ ਪੁਰਾਣੀ ਕਰੰਸੀ ''ਚ ਨਾ ਲੈਣ ਕਾਰਨ ਕਈ ਜਗ੍ਹਾ ਆਪਣੇ ਮਰ ਚੁੱਕੇ ਪਰਿਵਾਰਕ ਮੈਂਬਰਾਂ ਦਾ ਅੰਤਿਮ ਸੰਸਕਾਰ ਕਰਨ ਆਏ ਲੋਕਾਂ ਦਾ ਦੁੱਖ ਹੋਰ ਵਧ ਰਿਹਾ ਹੈ। ਇਸ ਨੂੰ ਦੇਖਦਿਆਂ ਨਵੀਂ ਦਿੱਲੀ ''ਚ ਇਕ ਨਿੱਜੀ ਟਰੱਸਟ ਵਲੋਂ ਚਲਾਏ ਜਾਂਦੇ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੇ 2 ਦਸੰਬਰ ਨੂੰ ਪਰਿਵਾਰਾਂ ਨੂੰ ਮਰਨ ਵਾਲਿਆਂ ਦਾ ਸਸਕਾਰ ਬਿਨਾਂ ਫੀਸ ਲਏ ਕਰਨ ਦਿੱਤਾ। 
* ਪੁਣੇ ਦੇ ਡਾ. ਪ੍ਰਕਾਸ਼ ਅਤੇ ਡਾ. ਆਰਤੀ ਵਾਇਕਰ ਨੇ ਨਵੰਬਰ ਦਾ ਪੂਰਾ ਮਹੀਨਾ ਰੋਜ਼ਾਨਾ ਲੱਗਭਗ 150 ਮਰੀਜ਼ਾਂ ਦਾ ਇਲਾਜ ਆਪਣੀ ਕੰਸਲਟੇਸ਼ਨ ਫੀਸ (100 ਰੁਪਏ ਪ੍ਰਤੀ ਮਰੀਜ਼) ਲਏ ਬਿਨਾਂ ਕੀਤਾ। 
* ਨੋਟਬੰਦੀ ਤੋਂ ਪੀੜਤ ਬਾਹਰੋਂ ਆਉਣ ਵਾਲੇ ਲੋਕਾਂ, ਜਿਨ੍ਹਾਂ ਕੋਲ ਖਾਣੇ ਦਾ ਬਿੱਲ ਚੁਕਾਉਣ ਲਈ ਨਵੀਂ ਕਰੰਸੀ ਨਹੀਂ ਹੈ, ਦੀ ਸਹਾਇਤਾ ਲਈ ਮਹਾਰਾਸ਼ਟਰ ''ਚ ਅਕੋਲਾ ਜ਼ਿਲੇ ਦੀ ਬਾਲਾਪੁਰ ਤਹਿਸੀਲ ''ਚ ਇਕ ਹੋਟਲ ਦੇ ਮਾਲਕ ਮੁਰਲੀਧਰ ਰਾਵਤ ਨੇ ''ਅਜੇ ਖਾਓ, ਬਾਅਦ ''ਚ ਚੁਕਾਓ'' ਮੁਹਿੰਮ ਚਲਾਈ ਹੋਈ ਹੈ। 
ਰਾਵਤ ਨੂੰ ਆਪਣੀ ਇਸ ਪਹਿਲ ਦਾ ਚੰਗਾ ਫਲ ਮਿਲਿਆ ਹੈ। ਬਿਨਾਂ ਪੈਸੇ ਦਿੱਤਿਆਂ ਖਾਣਾ ਖਾ ਕੇ ਜਾਣ ਵਾਲੇ ਜ਼ਿਆਦਾਤਰ ਲੋਕ ਦੁਬਾਰਾ ਖਾਣਾ ਖਾਣ ਲਈ ਵਾਪਸ ਆਏ ਅਤੇ 100 ਤੋਂ 1500 ਰੁਪਏ ਤਕ ਦੇ ਬਿੱਲਾਂ ਦੀ ਅਦਾਇਗੀ ਕਰ ਕੇ ਗਏ, ਜੋ ਸਬੂਤ ਹੈ ਕਿ ਕਾਲਾਬਾਜ਼ਾਰੀਆਂ ਦੀ ਦੁਨੀਆ ''ਚ ਵੀ ਈਮਾਨਦਾਰੀ ਅਜੇ ਜ਼ਿੰਦਾ ਹੈ।
* ਵ੍ਰਿੰਦਾਵਨ ਦੀਆਂ ਦੋ ਮੁਟਿਆਰਾਂ ਆਰਤੀ ਕੌਸ਼ਿਕ ਤੇ ਤਾਰਾ ਗੋਸਵਾਮੀ ਦੇ ਘਰ ਵਾਲਿਆਂ ਨੇ ਨਰਿੰਦਰ ਮੋਦੀ ਦੀ ''ਕੈਸ਼ਲੈੱਸ ਇੰਡੀਆ'' ਦੀ ਕਲਪਨਾ ਨੂੰ ਅੱਗੇ ਵਧਾਉਣ ਦੀ ਅਨੋਖੀ ਮਿਸਾਲ ਪੇਸ਼ ਕੀਤੀ। ਦੋਹਾਂ ਦੇ ਪਰਿਵਾਰਾਂ ਨੇ ਇਕ ਵੀ ਪੈਸਾ ਨਕਦ ਖਰਚ ਕੀਤੇ ਬਿਨਾਂ  ਆਪਣੀਆਂ ਧੀਆਂ ਦੇ ਵਿਆਹ ਕੀਤੇ ਅਤੇ ਹੋਟਲ ਵਾਲਿਆਂ ਤੋਂ ਲੈ ਕੇ ਪੁਰੋਹਿਤਾਂ ਨੂੰ, ਇਥੋਂ ਤਕ ਕਿ ਸ਼ਗਨ ਦੇ ਰੂਪ ''ਚ ਵੀ ਨਕਦੀ ਦੀ ਬਜਾਏ ਚੈੱਕ ਹੀ ਫੜਾਏ।
ਨੋਟਬੰਦੀ ਦੀ ਇਸ ਮੁਸ਼ਕਿਲ ਘੜੀ ''ਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਵਾਲੇ ਲੋਕਾਂ ਦੀਆਂ ਉਕਤ ਮਿਸਾਲਾਂ ਇਕ ਪ੍ਰੇਰਣਾ ਵਾਂਗ ਹਨ। ਜੇ ਸੰਕਟ ਵੇਲੇ ਲੋਕ ਸਹਿਣਸ਼ਕਤੀ ਦਾ ਇਸਤੇਮਾਲ ਕਰਨ, ਸਬਰ ਰੱਖਣ ਤੇ ਆਪਸ ''ਚ ਮਿਲਜੁਲ ਕੇ ਸਹਿਯੋਗ ਦੀ ਭਾਵਨਾ ਨਾਲ ਚੱਲਣ ਤਾਂ ਦੁੱਖ ਪੂਰੀ ਤਰ੍ਹਾਂ ਖਤਮ ਬੇਸ਼ੱਕ ਹੀ ਨਾ ਹੋਵੇ, ਕੁਝ ਘਟ ਜ਼ਰੂਰ ਜਾਂਦਾ ਹੈ।    
—ਵਿਜੇ ਕੁਮਾਰ


Vijay Kumar Chopra

Chief Editor

Related News