''ਫਿਰਕੂ ਤਣਾਅ'' ਕਾਰਨ ਯੋਗੀ ਆਦਿੱਤਿਆਨਾਥ ਦੀਆਂ ''ਮੁਸ਼ਕਿਲਾਂ ਵਧਣ ਲੱਗੀਆਂ''

05/23/2017 7:06:42 AM

ਸਿਆਸੀ ਦਿਸਹੱਦੇ ''ਤੇ ਤੇਜ਼ੀ ਨਾਲ ਉੱਭਰੇ ਯੋਗੀ ਆਦਿੱਤਿਆਨਾਥ ਯੂ. ਪੀ. ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਇਸ ਦੀ ਵਿਗੜੀ ਹੋਈ ਕਾਨੂੰਨ-ਵਿਵਸਥਾ ਨੂੰ ਸੁਧਾਰਨ ਅਤੇ ਫਿਰਕੂ ਸੁਹਿਰਦਤਾ ਦੀ ਭਾਵਨਾ ਮਜ਼ਬੂਤ ਕਰਨ ''ਚ ਜੁਟ ਗਏ।
ਨਾ ਸਿਰਫ ਉਨ੍ਹਾਂ ਨੇ ਖੁਦ ਸੂਬੇ ਦੇ ਪੁਲਸ ਥਾਣਿਆਂ, ਹਸਪਤਾਲਾਂ, ਸਕੂਲਾਂ ਆਦਿ ਦਾ ਅਚਨਚੇਤ ਨਿਰੀਖਣ ਸ਼ੁਰੂ ਕੀਤਾ ਸਗੋਂ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਵੀ ਇਸ ਕੰਮ ''ਤੇ ਲਾਉਣ ''ਚ ਦੇਰ ਨਹੀਂ ਲਾਈ ਪਰ ਉਨ੍ਹਾਂ ਨੂੰ ਫਿਰਕੂ ਸੁਹਿਰਦਤਾ ਅਤੇ ਕਾਨੂੰਨ-ਵਿਵਸਥਾ ਨੂੰ ਸੁਧਾਰਨ ''ਚ ਅਜੇ ਤਕ ਸਫਲਤਾ ਨਹੀਂ ਮਿਲ ਸਕੀ। 
ਜਿਵੇਂ ਕਿ ਅਸੀਂ ਆਪਣੇ 18 ਮਈ ਦੇ ਸੰਪਾਦਕੀ ''ਕਾਨੂੰਨ-ਵਿਵਸਥਾ ਦੀ ਖਸਤਾ ਹਾਲਤ ਕਾਰਨ ਯੂ. ਪੀ. ''ਚ ਮਚੀ ਤਰਥੱਲੀ'' ਵਿਚ ਲਿਖਿਆ ਸੀ,''''ਉਮੀਦ ਕੀਤੀ ਜਾਂਦੀ ਸੀ ਕਿ ਯੋਗੀ ਆਦਿੱਤਿਆਨਾਥ ਦੀ ਸੁਧਾਰਵਾਦੀ ਮੁਹਿੰਮ ਜਾਰੀ ਰਹੇਗੀ ਅਤੇ ਅਪਰਾਧਾਂ ''ਚ ਕਮੀ ਆਏਗੀ ਪਰ ਅਜਿਹਾ ਹੋਇਆ ਨਹੀਂ ਅਤੇ ਸੂਬੇ ''ਚ ਚੋਰੀ-ਡਕੈਤੀ, ਕਤਲ, ਬਲਾਤਕਾਰ, ਫਿਰਕੂ ਤਣਾਅ ਪਹਿਲਾਂ ਵਾਂਗ ਹੀ ਜਾਰੀ ਹਨ।''''
ਯੂ. ਪੀ. ''ਚ ਹੁਣ ਤਕ ਫਿਰਕੂ ਤਣਾਅ ਦੀਆਂ 8 ਤੋਂ ਜ਼ਿਆਦਾ ਘਟਨਾਵਾਂ ਹੋ ਚੁੱਕੀਆਂ ਹਨ ਅਤੇ ''ਸੜਕ ਦੂਧਲੀ'' ਪਿੰਡ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜਯੰਤੀ ਸੰਬੰਧੀ ਸ਼ੋਭਾ ਯਾਤਰਾ ਦੇ ਵਿਵਾਦ ਤੋਂ ਬਾਅਦ 5 ਮਈ ਨੂੰ ਥਾਣਾ ਬੜਗਾਓਂ ਦੇ ਪਿੰਡ ਸ਼ੱਬੀਰਪੁਰ ''ਚ ਦਲਿਤਾਂ ਤੇ ਰਾਜਪੂਤਾਂ ਵਿਚਾਲੇ ਮਹਾਰਾਣਾ ਪ੍ਰਤਾਪ ਜਯੰਤੀ ਦੀ ਸ਼ੋਭਾ ਯਾਤਰਾ ''ਚ ਟਕਰਾਅ ਤੇ ਸੁਮਿਤ ਨਾਮੀ ਇਕ ਰਾਜਪੂਤ ਨੌਜਵਾਨ ਦੀ ਹੱਤਿਆ ਤੋਂ ਬਾਅਦ ਹੁਣ ਤਕ ਸਥਿਤੀ ਤਣਾਅਪੂਰਨ ਹੈ।
ਇਸ ਦੀ ਪ੍ਰਤੀਕਿਰਿਆ ਵਜੋਂ ਦਲਿਤਾਂ ਦੇ ਘਰ ਸਾੜੇ ਗਏ। ਇਸ ਘਟਨਾ ''ਚ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਦਲਿਤ ਨੌਜਵਾਨਾਂ ਨੇ ਸਹਾਰਨਪੁਰ ''ਚ ਜਨਸਭਾ ਕਰਨ ਦੀ ਕੋਸ਼ਿਸ਼ ਕੀਤੀ।
ਪ੍ਰਸ਼ਾਸਨ ਤੋਂ ਇਸ ਦੀ ਇਜਾਜ਼ਤ ਨਾ ਮਿਲਣ ''ਤੇ ਦਲਿਤਾਂ ਨੇ ਜ਼ਿਲੇ ''ਚ ਕਈ ਜਗ੍ਹਾ ਮੁਜ਼ਾਹਰੇ ਕੀਤੇ। ਬੇਹਟ ਰੋਡ, ਮੱਲ੍ਹੀਪੁਰ ਰੋਡ ''ਤੇ ਸਥਿਤ ਰਾਮਨਗਰ, ਰਾਮਪੁਰ ਮਨਿਹਾਰਾਨ ''ਚ ਗੱਡੀਆਂ ਫੂਕੀਆਂ ਅਤੇ ਪੁਲਸ ''ਤੇ ਪਥਰਾਅ ਕੀਤਾ। ਇਸ ਘਟਨਾ ''ਚ ਮੀਡੀਆ ਮੁਲਾਜ਼ਮਾਂ ਦੀਆਂ ਵੀ ਦੋਪਹੀਆ ਗੱਡੀਆਂ ਫੂਕੀਆਂ ਗਈਆਂ।
ਇਸ ''ਚ ''ਭੀਮ ਆਰਮੀ'' ਦਾ ਨਾਂ ਸਾਹਮਣੇ ਆਉਣ ''ਤੇ ਪੁਲਸ ਨੇ ਸੰਗਠਨ ਦੇ ਬਾਨੀ ਚੰਦਰ ਸ਼ੇਖਰ ''ਆਜ਼ਾਦ'' ਅਤੇ ਲੱਗਭਗ 300 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ। 
ਕੁਝ ਸਾਲ ਪਹਿਲਾਂ ਦਲਿਤ ਸਮਾਜ ਦੇ ਦਮਨ ਦੀਆਂ ਕਹਾਣੀਆਂ ਸੁਣ ਕੇ ਪਿੰਡ ਦੇ ਕੁਝ ਨੌਜਵਾਨਾਂ ਨਾਲ ਮਿਲ ਕੇ ਚੰਦਰ ਸ਼ੇਖਰ ''ਆਜ਼ਾਦ'' ਵਲੋਂ ਸਥਾਪਿਤ ''ਭਾਰਤ ਏਕਤਾ ਮਿਸ਼ਨ ਭੀਮ ਆਰਮੀ'' ਅੱਜ ਨੌਜਵਾਨਾਂ ਦਾ ਪਸੰਦੀਦਾ ਸੰਗਠਨ ਬਣ ਗਿਆ ਹੈ ਤੇ ਇਸ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਤੋਂ ਇਲਾਵਾ ਗੁੱਜਰ ਭਾਈਚਾਰੇ ਦੇ ਕੁਝ ਨੌਜਵਾਨ ਵੀ ਇਸ ਦੇ ਮੈਂਬਰ ਬਣ ਗਏ ਹਨ।
ਹੁਣ 21 ਮਈ ਨੂੰ ''ਭੀਮ ਆਰਮੀ'' ਦੇ ਹਜ਼ਾਰਾਂ ਦਲਿਤ ਵਰਕਰਾਂ ''ਤੇ ਐੱਫ. ਆਈ. ਆਰ. ਅਤੇ ਗ੍ਰਿਫਤਾਰੀ ਦੇ ਵਿਰੋਧ ''ਚ ਚੰਦਰ ਸ਼ੇਖਰ ''ਆਜ਼ਾਦ'' ਦੇ ਸੱਦੇ ''ਤੇ ਦਿੱਲੀ ''ਚ ਜੰਤਰ-ਮੰਤਰ ਵਿਖੇ ਵੱਡੀ ਗਿਣਤੀ ''ਚ ਦਲਿਤਾਂ ਨੇ ਮੁਜ਼ਾਹਰਾ ਕੀਤਾ। 
ਇਸ ਮੌਕੇ ਗੁਜਰਾਤ ਦੇ ''ਉਨਾ'' ਵਿਚ ਦਲਿਤਾਂ ਨਾਲ ਮਾਰ-ਕੁਟਾਈ ਦੀ ਘਟਨਾ ਤੋਂ ਬਾਅਦ ਚਰਚਾ ''ਚ ਆਏ ਜਿਗਨੇਸ਼ ਮੇਵਾਣੀ ਅਤੇ ਜੇ. ਐੱਨ. ਯੂ. ਦੇ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਵੀ ਮੌਜੂਦ ਸਨ। 
''ਭੀਮ ਆਰਮੀ'' ਦੇ ਕੌਮੀ ਪ੍ਰਧਾਨ ਵਿਨੇ ਰਤਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੰਗਠਨ ਨੂੰ ਹਜ਼ਾਰਾਂ ''ਵੈੱਲ ਮੀਨਿੰਗ'' ਲੋਕਾਂ ਦਾ ਸਮਰਥਨ ਹਾਸਲ ਹੈ।
ਜਿਥੇ ਯੂ. ਪੀ. ਪੁਲਸ 5 ਅਤੇ 9 ਮਈ ਦੀਆਂ ਘਟਨਾਵਾਂ ਲਈ ''ਭੀਮ ਆਰਮੀ'' ਨੂੰ ਜ਼ਿੰਮੇਵਾਰ ਮੰਨਦੀ ਹੈ, ਉਥੇ ਹੀ ਦਲਿਤਾਂ ਨੇ ਆਪਣੀਆਂ ਤਿੰਨ ਮੰਗਾਂ ਦਾ ਮਤਾ ਪਾਸ ਕੀਤਾ ਹੈ, ਜਿਨ੍ਹਾਂ ''ਚ 5 ਮਈ ਵਾਲੀ ਹਿੰਸਾ ਦੀ ਨਿਆਇਕ ਜਾਂਚ, ਜਿਨ੍ਹਾਂ ਦਲਿਤਾਂ ਦੇ ਮਕਾਨ ਸਾੜੇ ਗਏ, ਉਨ੍ਹਾਂ ਨੂੰ ਮੁਆਵਜ਼ਾ ਦੇਣਾ ਅਤੇ ਠਾਕੁਰਾਂ ਵਿਰੁੱਧ ਕਾਰਵਾਈ ਕਰਨਾ ਸ਼ਾਮਲ ਹੈ। ''ਆਜ਼ਾਦ'' ਦਾ ਕਹਿਣਾ ਹੈ ਕਿ ਯੋਗੀ ਸਰਕਾਰ ਦੇ ਰਾਜ ''ਚ ਦਲਿਤਾਂ ''ਤੇ ਅੱਤਿਆਚਾਰ ਵਧ ਰਹੇ ਹਨ।
ਯੂ. ਪੀ. ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਅਤੇ ਇਸ ਦੇ ਗੁਆਂਢੀ ਤਿੰਨ ਸੂਬਿਆਂ ਉੱਤਰਾਖੰਡ, ਹਰਿਆਣਾ ਤੇ ਦਿੱਲੀ ਦੀਆਂ ਸਰਹੱਦਾਂ ਨੇੜੇ ਸਥਿਤ ਸਹਾਰਨਪੁਰ ਇਸ ਦਾ ਇਕ ਅਹਿਮ ਜ਼ਿਲਾ ਹੈ। ਅਜਿਹੀ ਸਥਿਤੀ ''ਚ ਇਸ ਸ਼ਹਿਰ ''ਚ ਤਣਾਅ ਦਾ ਤਿੰਨਾਂ ਸੂਬਿਆਂ ਤੋਂ ਆਵਾਜਾਈ ''ਤੇ ਅਸਰ ਪੈਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੁਝ ਲੋਕ ਯੋਗੀ ਆਦਿੱਤਿਆਨਾਥ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਭਾਜਪਾ ਦੇ ਭਵਿੱਖੀ ਦੂਜੇ ਵੱਡੇ ਨੇਤਾ ਵਜੋਂ ਦੇਖਦੇ ਹਨ। ਇਸ ਲਿਹਾਜ਼ ਨਾਲ ਵੀ ਯੋਗੀ ਆਦਿੱਤਿਆਨਾਥ ਲਈ ਸੂਬੇ ''ਚ ਛੇਤੀ ਸਖਤ ਕਦਮ ਚੁੱਕ ਕੇ ਫਿਰਕੂ ਸੁਹਿਰਦਤਾ ਬਹਾਲ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ। ਅਜਿਹਾ ਨਾ ਕਰਨ ''ਤੇ ਸੂਬੇ ਦੇ ਲੋਕਾਂ ''ਚ ਉਨ੍ਹਾਂ ਵਿਰੁੱਧ ਬੇਸੰਤੋਖੀ ਅਤੇ ਗੁੱਸਾ ਤਾਂ ਵਧੇਗਾ ਹੀ, ਉਨ੍ਹਾਂ ਦੇ ਅਕਸ ਨੂੰ ਵੀ ਧੱਕਾ ਲੱਗੇਗਾ।
—ਵਿਜੇ ਕੁਮਾਰ


Vijay Kumar Chopra

Chief Editor

Related News