ਨਸ਼ੇ ਦੇ ਪਹਾੜ ਥੱਲੇ ਦੱਬਦਾ ਜਾ ਰਿਹਾ ਦੇਸ਼ ਤਬਾਹ ਹੋ ਰਹੀ ਨੌਜਵਾਨ ਪੀੜ੍ਹੀ

Friday, Mar 01, 2024 - 05:53 AM (IST)

ਨਸ਼ੇ ਦੇ ਪਹਾੜ ਥੱਲੇ ਦੱਬਦਾ ਜਾ ਰਿਹਾ ਦੇਸ਼ ਤਬਾਹ ਹੋ ਰਹੀ ਨੌਜਵਾਨ ਪੀੜ੍ਹੀ

ਅੱਜ ਦੇਸ਼ ’ਚ ਜਿਸ ਤਰ੍ਹਾਂ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸੇਵਨ ਲਗਾਤਾਰ ਵਧ ਰਿਹਾ ਹੈ, ਉਸੇ ਅਨੁਪਾਤ ’ਚ ਅਪਰਾਧ ਵੀ ਵਧ ਰਹੇ ਹਨ। ਸ਼ਰਾਬ ਦੀ ਵਰਤੋਂ ਨਾਲ ਵੱਡੀ ਗਿਣਤੀ ’ਚ ਔਰਤਾਂ ਦੇ ਸੁਹਾਗ ਉੱਜੜ ਰਹੇ ਹਨ, ਬੱਚੇ ਅਨਾਥ ਹੋ ਰਹੇ ਹਨ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਘੁਣ ਖੋਖਲਾ ਕਰ ਰਿਹਾ ਹੈ।

ਆਮਤੌਰ ’ਤੇ ਲੋਕਾਂ ਨੂੰ ਸ਼ਰਾਬ ਦੇ ਨਸ਼ੇ ਦੀ ਲਤ ਲੱਗਦੀ ਸੀ ਅਤੇ ਜਦ ਉਹ ਆਰਥਿਕ ਤੰਗੀ ਕਾਰਨ ਸ਼ਰਾਬ ਨਹੀਂ ਖਰੀਦ ਸਕਦੇ ਤਾਂ ਹੋਰ ਸਸਤੇ ਨਸ਼ਿਆਂ ਅਤੇ ਨਕਲੀ ਸ਼ਰਾਬ ਦੀ ਵਰਤੋਂ ਸ਼ੁਰੂ ਕਰ ਕੇ ਆਪਣੀ ਜ਼ਿੰਦਗੀ ਤਬਾਹ ਕਰ ਬੈਠਦੇ ਹਨ ਪਰ ਅੱਜ ਦੀ ਨੌਜਵਾਨ ਪੀੜ੍ਹੀ ਸਿੰਥੈਟਿਕ ਡਰੱਗ ਅਤੇ ਚਿੱਟੇ ਦੀ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਬਰਬਾਦ ਕਰ ਰਹੀ ਹੈ।

ਇਸ ਦੇ ਬਾਵਜੂਦ ਸਰਕਾਰਾਂ ਨੇ ਇਸ ਵੱਲੋਂ ਅੱਖਾਂ ਮੀਟੀਆਂ ਹੋਈਆਂ ਹਨ ਕਿਉਂਕਿ ਸਾਡੇ ਹਾਕਮ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਅਤੇ ਇਸ ਦੀ ਵਿਕਰੀ ਤੋਂ ਹੋਣ ਵਾਲੀ ਭਾਰੀ ਭਰਕਮ ਆਮਦਨ ਨੂੰ ਉਹ ਗੁਆਉਣਾ ਨਹੀਂ ਚਾਹੁੰਦੇ।

ਆਗੂ ਭਾਵੇਂ ਕੁਝ ਵੀ ਕਹਿਣ, ਇਹ ਅਟੱਲ ਸੱਚ ਹੈ ਕਿ ਸ਼ਰਾਬ ਇਕ ਨਸ਼ਾ ਅਤੇ ਜ਼ਹਿਰ ਬਰਾਬਰ ਹੈ ਅਤੇ ਇਸੇ ਕਾਰਨ ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਐਲਾਨ ਕੀਤਾ ਸੀ ਕਿ, ‘‘ਜੇ ਭਾਰਤ ਦੀ ਹਕੂਮਤ ਅੱਧੇ ਘੰਟੇ ਲਈ ਵੀ ਮੇਰੇ ਹੱਥ ’ਚ ਆ ਜਾਵੇ ਤਾਂ ਮੈਂ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਵਾਂਗਾ।’’

ਪਰ ਸੂਬਿਆਂ ਦੀਆਂ ਸਰਕਾਰਾਂ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਤੋਂ ਹੱਥ ਨਹੀਂ ਧੋਣਾ ਚਾਹੁੰਦੀਆਂ ਅਤੇ ਸ਼ਰਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਤੋਂ ਮਾਲੀਆ ਜੁਟਾਉਣ ਦਾ ਟੀਚਾ ਵਧਾਉਂਦੀਆਂ ਰਹਿੰਦੀਆਂ ਹਨ। ਇਸੇ ਸਿਲਸਿਲੇ ਵਿਚ ਪੰਜਾਬ ਸਰਕਾਰ ਨੇ ਸਾਲ 2024-25 ਲਈ ਬਣਾਈ ਜਾ ਰਹੀ ਨਵੀਂ ਐਕਸਾਈਜ਼ ਪਾਲਿਸੀ ’ਚ 10,000 ਕਰੋੜ ਰੁਪਏ ਮਾਲੀਆ ਜੁਟਾਉਣ ਦਾ ਟੀਚਾ ਰੱਖਿਆ ਹੈ।

ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਮਾਮਲੇ ’ਚ ਪਿੱਛੇ ਨਹੀਂ ਹਨ ਅਤੇ ਹਰ ਸਾਲ ਐਕਸਾਈਜ਼ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਦਾ ਟੀਚਾ ਵਧਾਉਂਦੀਆਂ ਰਹਿੰਦੀਆਂ ਹਨ।

ਇਕ ਬੰਨੇ ਦੇਸ਼ ’ਚ ਲਗਾਤਾਰ ਸ਼ਰਾਬ ਦੀ ਖਪਤ ’ਚ ਵਾਧਾ ਹੋ ਰਿਹਾ ਹੈ ਤਾਂ ਦੂਜੇ ਬੰਨੇ ਇਥੇ ਜਲ ਅਤੇ ਥਲ ਮਾਰਗ ਰਾਹੀਂ ਵੱਖ-ਵੱਖ ਨਸ਼ਿਆਂ ਦੀ ਸਮੱਗਲਿੰਗ ਜ਼ੋਰਾਂ ’ਤੇ ਹੈ।

* 27 ਫਰਵਰੀ, 2024 ਨੂੰ ਗੁਜਰਾਤ ਏ. ਟੀ. ਐੱਸ., ਸਮੁੰਦਰੀ ਫੌਜ ਅਤੇ ਸੈਂਟਰਲ ਏਜੰਸੀ ਦੀ ਸਾਂਝੀ ਮੁਹਿੰਮ ਦੇ ਤਹਿਤ ਅਰਬ ਸਾਗਰ ’ਚ ‘ਵੇਰਾਵਲ’ ਬੰਦਰਗਾਹ ਤੋਂ 2 ਕਿਲੋਮੀਟਰ ਦੂਰ ਭਾਰਤੀ ਸਰਹੱਦ ਅੰਦਰ ਮੱਛੀ ਫੜਨ ਵਾਲੀ ਇਕ ਬੇੜੀ ਤੋਂ ਅੰਦਾਜ਼ਨ 2000 ਕਰੋੜ ਰੁਪਏ ਮੁੱਲ ਦੀਆਂ 3300 ਕਿਲੋ ਡਰੱਗਜ਼ ਅਤੇ ਸੈਟੇਲਾਈਟ ਫੋਨ ਨਾਲ 5 ਵਿਦੇਸ਼ੀ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਬਰਾਮਦ ਕੀਤੀਆਂ ਗਈਆਂ ਡਰੱਗਜ਼ ’ਚ 3089 ਕਿਲੋ ਚਰਸ, 158 ਕਿਲੋ ‘ਮੇਥਾਮੇਫਟਾਮਾਈਨ’ ਅਤੇ 25 ਕਿਲੋ ‘ਮਾਰਫੀਨ’ ਸ਼ਾਮਲ ਹਨ। ਵਜ਼ਨ ਦੇ ਹਿਸਾਬ ਨਾਲ ਇਹ ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ।

* 23 ਫਰਵਰੀ, 2024 ਨੂੰ ਪੁਲਸ ਨੇ ਵੇਰਾਵਲ ਸ਼ਹਿਰ ਦੇ ਘਾਟ ’ਤੇ 350 ਕਰੋੜ ਰੁਪਏ ਦੀ 50 ਕਿਲੋ ਹੈਰੋਇਨ ਜ਼ਬਤ ਕੀਤੀ ਸੀ।

* 22 ਫਰਵਰੀ, 2024 ਨੂੰ ‘ਕੁਪਵਾਡ ਐੱਮ. ਆਈ. ਡੀ. ਸੀ. ਖੇਤਰ’ (ਮਹਾਰਾਸ਼ਟਰ) ’ਚ ਇਕ ਕੰਪਨੀ ’ਤੇ ਛਾਪੇ ਦੌਰਾਨ 300 ਕਰੋੜ ਰੁਪਏ ਮੁੱਲ ਦਾ 140 ਕਿਲੋ ਨਸ਼ੀਲਾ ਪਦਾਰਥ ‘ਮੇਫੇਡਰੋਨ’ (‘ਮਿਆਊਂ-ਮਿਆਊਂ’) ਜ਼ਬਤ ਕਰ ਕੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪੁਣੇ ਪੁਲਸ ਦੀ ਕਾਰਵਾਈ ’ਚ 3700 ਕਰੋੜ ਰੁਪਏ ਦੀਆਂ ਡਰੱਗਜ਼ ਜ਼ਬਤ ਕੀਤੀਆਂ ਗਈਆਂ।

ਹੱਦ ਤਾਂ ਇਹ ਹੈ ਕਿ ਹੁਣ ਨਸ਼ਾ ਸਮੱਗਲਰਾਂ ਨੇ ਨਾਜਾਇਜ਼ ਤੌਰ ’ਤੇ ਆਪਣੇ ਘਰਾਂ ’ਚ ‘ਲੈਬਾਰਟਰੀਆਂ’ ਸਥਾਪਤ ਕਰ ਕੇ ਨਸ਼ਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।

* 1 ਫਰਵਰੀ ਨੂੰ ਦਿੱਲੀ-ਐੱਨ. ਸੀ. ਆਰ. ’ਚ ਪੁਲਸ ਨੇ ਛਾਪਾ ਮਾਰ ਕੇ ਇਕ ਕੋਠੀ ’ਚ ਡਰੱਗਜ਼ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕਰ ਕੇ ਇਸ ਮਾਮਲੇ ’ਚ ਕੀਨੀਆ ਦੇ ਇਕ ਅਤੇ ਨਾਈਜੀਰੀਆ ਦੇ 3 ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ।

ਦੋਸ਼ੀਆਂ ਦੇ ਕਬਜ਼ੇ ’ਚੋਂ ਲੈਬਾਰਟਰੀ ’ਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਵਸਤੂਆਂ ਤੋਂ ਇਲਾਵਾ 445 ਗ੍ਰਾਮ ‘ਐਂਫੇਟਾਮਾਈਨ’ ਅਤੇ 20 ਕਿਲੋ ਤੋਂ ਵੱਧ ਕੱਚਾ ਮਾਲ ਬਰਾਮਦ ਕੀਤਾ ਗਿਆ।

* 11 ਜਨਵਰੀ ਨੂੰ ਉੱਤਰੀ ਮੁੰਬਈ ਦੀ ਪੁਲਸ ਨੇ ਮਾਲਵਣੀ-ਕਾਂਦੀਵਲੀ ਸਥਿਤ ਇਕ ਮਕਾਨ ’ਚ ਕਾਇਮ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਲੈਬਾਰਟਰੀ ’ਚੋਂ 1.06 ਕਰੋੜ ਰੁਪਏ ਮੁੱਲ ਦਾ 503 ਗ੍ਰਾਮ ਹਾਈ ਕੁਆਲਿਟੀ ਨਸ਼ੀਲਾ ਪਦਾਰਥ ‘ਮੇਫੇਡਰੋਨ’ ਬਰਾਮਦ ਕੀਤਾ।

ਇਸ ਤਰ੍ਹਾਂ ਦੇ ਹਾਲਾਤ ’ਚ ਜਦ ਦੇਸ਼ ‘ਨਸ਼ੇ ਦੇ ਪਹਾੜ’ ਹੇਠਾਂ ਦੱਬਦਾ ਜਾ ਰਿਹਾ ਹੈ, ਇਥੋਂ ਨਸ਼ੇ ਦੀ ਲਾਹਨਤ ਖਤਮ ਹੋਣ ਦੀ ਸੰਭਾਵਨਾ ਘੱਟ ਹੀ ਦਿਸਦੀ ਹੈ, ਕਿਉਂਕਿ ਇਕ ਪਾਸੇ ਤਾਂ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਨਾਲ ਸਰਕਾਰਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨੂੰ ਉਹ ਗੁਆਉਣਾ ਨਹੀਂ ਚਾਹੁੰਦੀਆਂ ਅਤੇ ਦੂਜੇ ਪਾਸੇ ਨਸ਼ਿਆਂ ਦੀ ਸਮੱਗਲਿੰਗ ਵੀ ਜ਼ੋਰਾਂ ’ਤੇ ਹੈ।

- ਵਿਜੇ ਕੁਮਾਰ


author

Anmol Tagra

Content Editor

Related News