''ਹਮ ਦੋ ਹਮਾਰੇ ਤੀਨ'' ਨਾਅਰੇ ਦੀ ਸਫਲਤਾ ਸ਼ੱਕੀ

03/12/2019 6:40:24 AM

ਜਿਥੇ ਇਕ ਪਾਸੇ ਦੇਸ਼ 'ਚ ਆਬਾਦੀ ਘੱਟ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਇਕ ਭਾਈਚਾਰੇ ਵਲੋਂ ਆਪਣੀ ਆਬਾਦੀ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ 'ਚ ਖਾਸ ਤੌਰ 'ਤੇ ਪਾਰਸੀ ਅਤੇ ਜੈਨ ਭਾਈਚਾਰੇ ਦੇ ਲੋਕ ਸ਼ਾਮਿਲ ਹਨ। 
ਜਿਥੇ ਭਾਰਤ ਦੇ ਪਾਰਸੀ ਭਾਈਚਾਰੇ ਨੇ ਆਪਣੇ ਨੌਜਵਾਨਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਕਿਹਾ ਹੈ, ਉਥੇ ਹੀ ਦਿਗੰਬਰ ਜੈਨ ਭਾਈਚਾਰੇ ਦੀ ਚੋਟੀ ਦੀ ਸੰਸਥਾ 'ਦਿਗੰਬਰ ਜੈਨ ਮਹਾਸਮਿਤੀ' ਨੇ ਵੀ ਦੇਸ਼ 'ਚ ਜੈਨ ਭਾਈਚਾਰੇ ਦੀ ਘੱਟ ਆਬਾਦੀ ਨੂੰ ਗੰਭੀਰਤਾ ਨਾਲ ਲੈਂਦਿਆਂ 'ਹਮ ਦੋ ਹਮਾਰੇ ਤੀਨ' ਦਾ ਨਾਅਰਾ ਦਿੱਤਾ ਹੈ। 
ਇੰਦੌਰ 'ਚ ਹੁਣੇ-ਹੁਣੇ ਹੋਈ ਸਮਿਤੀ ਦੀ ਮੀਟਿੰਗ 'ਚ ਉਕਤ ਨਾਅਰਾ ਦੇਣ ਦੇ ਨਾਲ ਹੀ 2 ਤੋਂ ਜ਼ਿਆਦਾ ਬੱਚਿਆਂ ਵਾਲੇ ਜੈਨ ਜੋੜਿਆਂ ਨੂੰ ਆਰਥਿਕ ਸਹਾਇਤਾ ਦਿਵਾਉਣ ਦਾ ਵਾਅਦਾ ਵੀ ਕੀਤਾ ਗਿਆ। ਸਮਿਤੀ ਦੇ ਕੌਮੀ ਪ੍ਰਧਾਨ ਅਸ਼ੋਕ ਬੜਜਾਤੀਆ ਅਨੁਸਾਰ, ''ਅਸੀਂ ਚਾਹੁੰਦੇ ਹਾਂ ਕਿ ਜੋੜੇ ਇਸ ਬਾਰੇ ਵਿਚਾਰ ਕਰਨ।'' ਉਨ੍ਹਾਂ ਨੇ ਤੀਜਾ ਬੱਚਾ ਹੋਣ 'ਤੇ ਉਸ ਦੀ ਪੜ੍ਹਾਈ-ਲਿਖਾਈ ਦਾ ਸਾਰਾ ਖਰਚਾ ਸਮਿਤੀ ਵਲੋਂ ਉਠਾਏ ਜਾਣ ਦੀ ਗੱਲ ਵੀ ਕਹੀ। 
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ 'ਚ ਦੇਸ਼  ਦੀ ਆਬਾਦੀ 'ਚ ਹੋਣ ਵਾਲੇ ਵਾਧੇ ਦੀ ਦਰ ਦੇ ਮੁਕਾਬਲੇ ਜੈਨ ਭਾਈਚਾਰੇ ਦੀ ਆਬਾਦੀ 'ਚ ਘੱਟ ਵਾਧਾ ਦਰਜ ਕੀਤਾ ਗਿਆ ਹੈ। ਸੰਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਦੀ 120 ਕਰੋੜ ਆਬਾਦੀ 'ਚ ਜੈਨ ਭਾਈਚਾਰੇ ਦੀ ਗਿਣਤੀ ਸਿਰਫ 44 ਲੱਖ ਹੀ ਹੈ। 
ਪਾਰਸੀ ਤੇ ਜੈਨ ਭਾਈਚਾਰੇ ਵਾਂਗ ਹੀ ਦੁਨੀਆ ਦੇ ਕੁਝ ਹੋਰ ਹਿੱਸਿਆਂ 'ਚ ਵੀ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਤੇ ਆਬਾਦੀ ਵਧਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 
ਮਿਸਾਲ ਵਜੋਂ ਬਜ਼ੁਰਗਾਂ ਦੀ ਵਧਦੀ ਆਬਾਦੀ ਤੇ ਤੇਜ਼ੀ ਨਾਲ ਘਟਦੀ ਜਨਮ ਦਰ ਤੋਂ ਚਿੰਤਤ ਦੱਖਣੀ ਜਾਪਾਨ ਦੇ ਖੇਤੀ  ਪ੍ਰਧਾਨ ਸ਼ਹਿਰ 'ਨਾਗੀ' ਵਿਚ ਬੱਚਾ ਪੈਦਾ ਕਰਨ ਵਾਲੇ ਨਾਗਰਿਕਾਂ ਨੂੰ ਕਈ ਸਹੂਲਤਾਂ ਅਤੇ ਨਕਦ ਇਨਾਮ ਦਿੱਤੇ ਜਾ ਰਹੇ ਹਨ। 
ਉਕਤ ਸ਼ਹਿਰ ਦਾ ਪ੍ਰਸ਼ਾਸਨ 2004 ਤੋਂ ਇਥੇ ਬੱਚੇ ਪੈਦਾ ਕਰਨ ਲਈ ਇਨਾਮ ਦੇ ਤੌਰ 'ਤੇ ਨਕਦ ਰਕਮ ਦੇ ਕੇ ਜੋੜਿਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਥੇ ਪਰਿਵਾਰ 'ਚ ਪਹਿਲਾ ਬੱਚਾ ਪੈਦਾ ਹੋਣ 'ਤੇ ਲੱਗਭਗ 63,000 ਰੁਪਏ, ਦੂਜਾ ਬੱਚਾ ਪੈਦਾ ਹੋਣ 'ਤੇ 95,000 ਰੁਪਏ ਅਤੇ ਪੰਜਵਾਂ ਬੱਚਾ ਪੈਦਾ ਹੋਣ 'ਤੇ ਲੱਗਭਗ ਢਾਈ ਲੱਖ ਰੁਪਏ ਦੇਣ ਤੋਂ ਇਲਾਵਾ ਅਜਿਹੇ ਪਰਿਵਾਰਾਂ ਨੂੰ ਸਸਤੇ ਭਾਅ 'ਤੇ ਮਕਾਨ, ਮੁਫਤ ਟੀਕਾਕਰਨ, ਸਕੂਲੀ ਦਾਖਲੇ 'ਚ ਛੋਟ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। 
ਇਸ ਸ਼ਹਿਰ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਇਥੇ ਲੋਕ 30 ਸਾਲ ਦੀ ਉਮਰ ਤੋਂ ਪਹਿਲਾਂ ਹੀ ਵਿਆਹ ਕਰਵਾ ਕੇ ਪਰਿਵਾਰ ਵਸਾਉਣ ਤੋਂ ਬਾਅਦ ਆਪਣੇ ਮਾਂ-ਪਿਓ ਦੇ ਨਾਲ ਹੀ ਰਹਿਣਾ  ਪਸੰਦ ਕਰਦੇ ਹਨ। ਦਾਦਾ-ਦਾਦੀ ਨਾਲ ਹੋਣ ਕਰਕੇ ਬੱਚਿਆਂ ਦੀ ਦੇਖਭਾਲ ਦੀ ਚਿੰਤਾ ਵੀ ਨਹੀਂ ਸਤਾਉਂਦੀ। ਔਰਤਾਂ ਲਈ ਇਥੇ ਖਾਸ ਤੌਰ 'ਤੇ ਪਾਰਟ ਟਾਈਮ ਨੌਕਰੀ ਦਾ ਵੀ ਪ੍ਰਬੰਧ ਹੈ। 
ਇਸੇ ਤਰ੍ਹਾਂ ਘੱਟ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਯੂਰਪੀ ਦੇਸ਼ ਹੰਗਰੀ ਦੀ ਸਰਕਾਰ ਵਲੋਂ ਜ਼ਿਆਦਾ ਬੱਚੇ ਜੰਮਣ ਵਾਲੀਆਂ ਔਰਤਾਂ ਨੂੰ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਮੁਤਾਬਿਕ 3 ਤੋਂ ਜ਼ਿਆਦਾ ਬੱਚੇ ਜੰਮਣ ਵਾਲੀਆਂ ਔਰਤਾਂ ਨੂੰ ਉਮਰ ਭਰ ਇਨਕਮ ਟੈਕਸ ਦੇਣ ਤੋਂ ਛੋਟ, 25 ਲੱਖ  ਰੁਪਏ ਤਕ ਦਾ ਵਿਆਜ-ਮੁਕਤ ਕਰਜ਼ਾ, ਮਕਾਨ ਖਰੀਦਣ ਲਈ ਸਬਸਿਡੀ ਅਤੇ 7 ਸੀਟਾਂ ਵਾਲੀ ਗੱਡੀ ਖਰੀਦਣ 'ਤੇ 6 ਲੱਖ ਰੁਪਏ ਦੀ ਸਰਕਾਰੀ ਮਦਦ ਵੀ ਦਿੱਤੀ ਜਾ ਰਹੀ ਹੈ। 
ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਆਰਬਨ ਦਾ ਕਹਿਣਾ ਹੈ ਕਿ ਦੇਸ਼ ਦੀ ਆਬਾਦੀ 'ਚ ਹਰ ਸਾਲ 32,000 ਦੀ ਕਮੀ ਆ ਰਹੀ ਹੈ ਅਤੇ ਮੁਸਲਿਮ ਦੇਸ਼ਾਂ ਤੋਂ ਆ ਰਹੇ ਸ਼ਰਨਾਰਥੀਆਂ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਦੇਸ਼ ਨੂੰ ਹੋਰ ਬੱਚਿਆਂ ਦੀ ਲੋੜ ਹੈ। 
ਹੰਗਰੀ ਤੋਂ ਵੱਖ ਦੱਖਣ-ਪੱਛਮੀ ਯੂਰਪ ਦੇ ਦੇਸ਼ ਸਰਬੀਆ ਦੀ ਸਰਕਾਰ ਨੇ ਵੀ ਨੌਜਵਾਨ ਜੋੜਿਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ। ਇਹ ਯੂਰਪ ਦਾ ਅਜਿਹਾ ਦੇਸ਼ ਹੈ, ਜਿਥੇ ਜਨਮ ਦਰ ਸਭ ਤੋਂ ਘੱਟ ਹੈ। 
ਜਾਪਾਨ, ਹੰਗਰੀ ਅਤੇ ਸਰਬੀਆ 'ਚ ਸਥਿਤੀਆਂ ਵੱਖ ਹੋਣ ਕਰਕੇ ਉਥੋਂ ਦੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਕਹਿਣ ਦੀ ਤੁਕ ਤਾਂ ਸਮਝ 'ਚ ਆ ਸਕਦੀ ਹੈ ਪਰ ਭਾਰਤ 'ਚ ਇਹ ਗੱਲ ਲਾਗੂ ਨਹੀਂ ਹੁੰਦੀ। 
ਅੱਜ ਹਰੇਕ ਮਾਂ-ਪਿਓ ਆਪਣੀ ਔਲਾਦ ਨੂੰ ਚੰਗਾ ਜੀਵਨ ਦੇਣ ਤੋਂ ਇਲਾਵਾ ਉੱਚ ਸਿੱਖਿਆ ਅਤੇ ਜੀਵਨ ਲਈ ਉਪਯੋਗੀ ਹੋਰ ਸਾਰੀਆਂ ਸਹੂਲਤਾਂ ਦੇਣਾ ਚਾਹੁੰਦਾ ਹੈ, ਜੋ ਘੱਟ ਬੱਚੇ ਹੋਣ 'ਤੇ ਹੀ ਸੰਭਵ ਹੈ। 
ਇਹੋ ਵਜ੍ਹਾ ਹੈ ਕਿ ਜਿਥੇ-ਜਿਥੇ ਵੀ ਸਿੱਖਿਆ ਦਾ ਪਸਾਰ ਹੋਇਆ ਹੈ, ਉਥੇ-ਉਥੇ ਜੋੜਿਆਂ ਨੇ ਖ਼ੁਦ ਹੀ ਵਧ ਰਹੀਆਂ ਸਮਾਜਿਕ ਲੋੜਾਂ ਨੂੰ ਦੇਖਦਿਆਂ ਇਕ ਜਾਂ ਦੋ ਬੱਚਿਆਂ ਦਾ ਨਿਯਮ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ 'ਦਿਗੰਬਰ ਜੈਨ ਮਹਾਸਮਿਤੀ' ਵਲੋਂ 'ਹਮ ਦੋ ਹਮਾਰੇ ਤੀਨ' ਦੇ ਨਾਅਰੇ ਨਾਲ ਜ਼ਿਆਦਾ ਕੁਝ ਹਾਸਿਲ ਹੋ ਸਕੇਗਾ, ਇਸ 'ਚ ਸ਼ੱਕ ਹੀ ਹੈ।                                                       –ਵਿਜੇ ਕੁਮਾਰ


Bharat Thapa

Content Editor

Related News