ਉਤਸ਼ਾਹ ਨਾਲ ਮਨਾਇਆ ਗਿਆ ਦੀਵਾਲੀ ਪੁਰਬ, ਲੋਕਾਂ ਨੇ ਜੰਮ ਕੇ ਕੀਤੀ ਖਰੀਦਦਾਰੀ ਅਤੇ ਚਲਾਏ ਪਟਾਕੇ

Tuesday, Nov 14, 2023 - 04:15 AM (IST)

ਇਸ ਸਾਲ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਪਿਛਲੇ ਕਈ ਸਾਲਾਂ ਦੀ ਤੁਲਨਾ ’ਚ ਜ਼ਿਆਦਾ ਉਤਸ਼ਾਹਪੂਰਵਕ ਮਨਾਇਆ ਅਤੇ ਬਾਜ਼ਾਰਾਂ ’ਚ ਦੀਵਾਲੀ ਦੀ ਖਰੀਦਦਾਰੀ ਲਈ ਅੱਧੀ ਰਾਤ ਤੱਕ ਗਾਹਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।

‘ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼’ (ਕੈਟ) ਦੇ ਰਾਸ਼ਟਰੀ ਪ੍ਰਧਾਨ ਬੀ.ਸੀ. ਭਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਅਨੁਸਾਰ ਇਸ ਸਾਲ ਦੀਵਾਲੀ ਦੇ ਸੀਜ਼ਨ ’ਚ ਦੇਸ਼ ਦੇ ਬਾਜ਼ਾਰਾਂ ’ਚ 3.75 ਲੱਖ ਕਰੋੜ ਰੁਪਏ ਤੋਂ ਵੱਧ ਦਾ ਰਿਕਾਰਡ ਕਾਰੋਬਾਰ ਹੋਇਆ। ਜਦਕਿ ਭਾਈ ਦੂਜ, ਛੱਠ ਪੂਜਾ ਅਤੇ ਤੁਲਸੀ ਵਿਆਹ ਆਦਿ ਤਿਉਹਾਰ ਆਉਣੇ ਅਜੇ ਬਾਕੀ ਹਨ। ਜਿਨ੍ਹਾਂ ਵਿਚ ਤਕਰੀਬਨ 50,000 ਕਰੋੜ ਰੁਪਏ ਦੇ ਹੋਰ ਵਪਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਕ ਅੰਦਾਜ਼ੇ ਅਨੁਸਾਰ ਲੋਕਾਂ ਨੇ ਇਸ ਸਾਲ 27,000 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਅਤੇ ਸੋਨੇ ਦੀ ਜਿਊਲਰੀ ਤੋਂ ਇਲਾਵਾ 3,000 ਕਰੋੜ ਰੁਪਏ ਦੇ ਚਾਂਦੀ ਅਤੇ ਉਸ ਤੋਂ ਬਣੇ ਗਹਿਣਿਆਂ ਆਦਿ ਦੀ ਖਰੀਦਦਾਰੀ ਕੀਤੀ। ਧਨਤੇਰਸ ’ਤੇ ਦੇਸ਼ ਵਿਚ ਲਗਭਗ 41 ਟਨ ਸੋਨਾ ਅਤੇ ਲਗਭਗ 400 ਟਨ ਚਾਂਦੀ ਦੇ ਗਹਿਣੇ ਅਤੇ ਸਿੱਕੇ ਵਿਕੇ।

ਲੋਕਾਂ ਨੇ ਖੁਰਾਕ ਅਤੇ ਕਰਿਆਨੇ ’ਤੇ ਲਗਭਗ 13 ਫੀਸਦੀ, ਕੱਪੜਿਆਂ ’ਤੇ 12 ਫੀਸਦੀ, ਜਿਊਲਰੀ ’ਤੇ 9 ਫੀਸਦੀ, ਇਲੈਕਟ੍ਰਾਨਿਕਸ ਅਤੇ ਮੋਬਾਇਲ ’ਤੇ 8 ਫੀਸਦੀ, ਤੋਹਫੇ ’ਚ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ ’ਤੇ 8 ਫੀਸਦੀ, ਫਰਨਿਸ਼ਿੰਗ ਅਤੇ ਫਰਨੀਚਰ ’ਤੇ 4 ਫੀਸਦੀ, ਘਰ ਦੀ ਸਜਾਵਟ ’ਤੇ 3 ਫੀਸਦੀ, ਮੇਵਿਆਂ ਅਤੇ ਮਠਿਆਈ ’ਤੇ 4 ਫੀਸਦੀ, ਸਜਾਵਟੀ ਸਾਮਾਨ ’ਤੇ 3 ਫੀਸਦੀ, ਪੂਜਾ ਸਮੱਗਰੀ ਅਤੇ ਪੂਜਾ ਦੀਆਂ ਵਸਤੂਆਂ ’ਤੇ 3 ਫੀਸਦੀ ਰਕਮ ਖਰਚ ਕੀਤੀ।

ਇਸ ਤੋਂ ਇਲਾਵਾ ਭਾਂਡਿਆਂ ਅਤੇ ਰਸੋਈ ਦੇ ਸਾਮਾਨ ’ਤੇ 3 ਫੀਸਦੀ, ਬੇਕਰੀ ਅਤੇ ਕਨਫੈਕਸ਼ਨਰੀ ’ਤੇ 2 ਫੀਸਦੀ ਤੇ ਬਾਕੀ 20 ਫੀਸਦੀ ਧਨ ਆਟੋਮੋਬਾਇਲ, ਹਾਰਡਵੇਅਰ, ਇਲੈਕਟ੍ਰੀਕਲ ਸਾਮਾਨ, ਖਿਡੌਣਿਆਂ ਆਦਿ ’ਤੇ ਖਰਚ ਕੀਤਾ ਗਿਆ। ਇਸੇ ਕਾਰਨ ਇਸ ਸਾਲ ਵੱਖ-ਵੱਖ ਵਸਤੂਆਂ ਦੀ ਪੈਕਿੰਗ ਕਰਨ ਵਾਲੇ ਉਦਯੋਗ ਨੂੰ ਵੀ ਕਾਫੀ ਹੁਲਾਰਾ ਮਿਲਿਆ।

ਅਤੀਤ ਵਿਚ ਦੀਵਾਲੀ ਅਤੇ ਹੋਰ ਮੌਕਿਆਂ ’ਤੇ ਭਾਰਤੀ ਬਾਜ਼ਾਰਾਂ ਵਿਚ ਚੀਨ ਦੇ ਸਾਮਾਨ ਦੀ ਬਹੁਤਾਤ ਰਹਿੰਦੀ ਸੀ ਅਤੇ ਵਿਕਰੀ ’ਚ ਉਨ੍ਹਾਂ ਦਾ ਹਿੱਸਾ 70 ਫੀਸਦੀ ਦੇ ਲਗਭਗ ਹੁੰਦਾ ਸੀ ਪਰ ਇਸ ਸਾਲ ਵਪਾਰੀਆਂ ਨੇ ਚੀਨ ਤੋਂ ਦੀਵਾਲੀ ਦਾ ਸਾਮਾਨ ਦਰਾਮਦ ਨਹੀਂ ਕੀਤਾ, ਜਿਸ ਨਾਲ ਬਾਜ਼ਾਰ ’ਚ ਚੀਨ ਦਾ ਸਾਮਾਨ ਘੱਟ ਦਿਖਾਈ ਦਿੱਤਾ। ਇਸ ਨਾਲ ਦੀਵਾਲੀ ’ਤੇ ਚੀਨ ਨੂੰ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਪਾਰ ਘਾਟਾ ਪਿਆ।

ਇਸ ਸਾਲ ਦੀਵਾਲੀ ਤੋਂ ਪਹਿਲਾਂ ਵਧੇ ਪ੍ਰਦੂਸ਼ਣ ਨਾਲ ਵੀ ਲੋਕਾਂ ਦੇ ਉਤਸ਼ਾਹ ਵਿਚ ਕੋਈ ਕਮੀ ਨਹੀਂ ਆਈ ਕਿਉਂਕਿ ਇਸ ਦਰਮਿਆਨ ਮੀਂਹ ਪੈਣ ਨਾਲ ਮੌਸਮ ਸਾਫ ਹੋ ਗਿਆ ਸੀ ਅਤੇ ਬਾਜ਼ਾਰਾਂ ’ਚ ਖਰੀਦਦਾਰੀ ਨੂੰ ਨਿਕਲੇ ਲੋਕਾਂ ਦੀ ਭੀੜ ਵਧ ਗਈ। ਧਨਤੇਰਸ ਦੇ ਦਿਨ ਸਭ ਤੋਂ ਵੱਧ ਭੀੜ ਜਿਊਲਰੀ, ਭਾਂਡਿਆਂ, ਇਲੈਕਟ੍ਰਾਨਿਕ ਸਾਮਾਨ ਦੀਆਂ ਦੁਕਾਨਾਂ ’ਚ ਦੇਖੀ ਗਈ।

ਉਂਝ ਤਾਂ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਨਿਸ਼ਚਿਤ ਕਰ ਦਿੱਤਾ ਗਿਆ ਸੀ ਪਰ ਲੋਕ ਪਟਾਕੇ ਅੱਧੀ ਰਾਤ ਤੋਂ ਬਾਅਦ ਤੱਕ ਵੀ ਚਲਾਉਂਦੇ ਰਹੇ ਅਤੇ ਕਿਤੇ-ਕਿਤੇ ਆਮ ਪਟਾਕਿਆਂ ਦੇ ਨਾਲ ਗ੍ਰੀਨ ਪਟਾਕੇ ਵੀ ਚਲਾਏ ਗਏ। ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਵਿਚ ਵਾਧਾ ਹੋਇਆ, ਜੋ 13 ਨਵੰਬਰ ਨੂੰ ਘੱਟ ਹੋ ਗਿਆ।

ਇਸ ਸਾਲ ਦੇਸ਼ ’ਚ ਦੀਵਾਲੀ ਦੇ ਮੌਕੇ ’ਤੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਹੋਈਆਂ। ਦਿੱਲੀ ’ਚ ਇਸ ਦਿਨ 208 ਅਗਨੀ ਕਾਂਡ ਹੋਏ ਜੋ ਪਿਛਲੇ 3 ਸਾਲਾਂ ’ਚ ਸਭ ਤੋਂ ਵੱਧ ਹਨ ਪਰ ਤਸੱਲੀ ਦੀ ਗੱਲ ਇਹ ਰਹੀ ਕਿ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਅੱਗ ਲੱਗਣ ਦੇ ਨਤੀਜੇ ਵਜੋਂ ਹੋਈਆਂ ਮੌਤਾਂ ਦੀ ਗਿਣਤੀ ਪਿਛਲੇ ਸਾਲਾਂ ਦੀ ਤੁਲਨਾ ’ਚ ਨਾਮਾਤਰ ਹੀ ਰਹੀ।

ਇਸ ਦਰਮਿਆਨ ਮਹਾਰਾਸ਼ਟਰ ਵਿਚ ਮਾਲੇਗਾਓਂ ਦੇ ਇਕ ਸਿਨੇਮਾਘਰ ਵਿਚ ਸਲਮਾਨ ਖਾਨ ਦੀ ਫਿਲਮ ‘ਟਾਈਗਰ-3’ ਦੀ ਰਿਲੀਜ਼ ਦੌਰਾਨ ਸਲਮਾਨ ਦੀ ਐਂਟਰੀ ਦੌਰਾਨ ਕੁਝ ਲੋਕਾਂ ਨੇ ਪਟਾਕੇ ਚਲਾਏ, ਜਿਸ ਨਾਲ ਉਥੇ ਹਫੜਾ-ਦਫੜੀ ਮਚ ਗਈ ਪਰ ਚੰਗੀ ਕਿਸਮਤ ਨੂੰ ਕੋਈ ਜ਼ਖ਼ਮੀ ਨਹੀਂ ਹੋਇਆ।

ਇਸੇ ਤਰ੍ਹਾਂ ਇਕ ਹੋਰ ਘਟਨਾ ’ਚ ਉੱਤਰਾਖੰਡ ’ਚ ਯਮੁਨੋਤਰੀ ਨੈਸ਼ਨਲ ਹਾਈਵੇ ’ਤੇ ਬਣ ਰਹੀ ਇਕ ਸੁਰੰਗ ਦੇ ਧੱਸ ਜਾਣ ਨਾਲ ਉਸ ਵਿਚ ਕੰਮ ਕਰ ਰਹੇ 40 ਮਜ਼ਦੂਰ ਫਸ ਗਏ। ਸੁਰੰਗ ’ਚ ਮਜ਼ਦੂਰਾਂ ਨੂੰ ਆਕਸੀਜਨ, ਭੋਜਨ ਅਤੇ ਪਾਣੀ ਪਹੁੰਚਾ ਦਿੱਤਾ ਗਿਆ ਹੈ। ਕਿਸੇ ਦੇ ਮਰਨ ਦੀ ਸੂਚਨਾ ਨਹੀਂ ਹੈ ਅਤੇ ਰਾਹਤ ਕਾਰਜਾਂ ’ਚ ਜੁਟੇ ਅਧਿਕਾਰੀਆਂ ਨੇ ਕਿਹਾ ਹੈ ਕਿ 14 ਨਵੰਬਰ ਤੱਕ ਇਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।

ਵਰਨਣਯੋਗ ਹੈ ਕਿ ਦੀਵਾਲੀ ’ਤੇ ਲੋਕਾਂ ਨੇ ਆਪਣੇ ਮੋਬਾਇਲਾਂ ਅਤੇ ਈ-ਮੇਲ ਰਾਹੀਂ ਜੰਮ ਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਅਤੇ ਨਵਾਂ ਸਾਲ ਖੁਸ਼ੀਆਂ ਨਾਲ ਭਰਪੂਰ ਹੋਣ ਦੇ ਵਧਾਈ ਸੰਦੇਸ਼ ਭੇਜੇ । ਆਸ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਾਲ ’ਚ ਹਾਲਾਤ ਹੋਰ ਬਿਹਤਰ ਹੋਣਗੇ ਅਤੇ ਇਹ ਪੁਰਬ ਚਾਲੂ ਸਾਲ ਤੋਂ ਵੀ ਚੰਗਾ ਬੀਤੇਗਾ।

- ਵਿਜੇ ਕੁਮਾਰ


Anmol Tagra

Content Editor

Related News