ਮੋਦੀ ਨੂੰ ਹਰ ਵੇਲੇ ਗਲਤ ਕਹਿਣ ''ਤੇ ਕਾਂਗਰਸ ਲੀਡਰਸ਼ਿਪ ''ਚ ਮਤਭੇਦ

Sunday, Aug 25, 2019 - 03:56 AM (IST)

ਮੋਦੀ ਨੂੰ ਹਰ ਵੇਲੇ ਗਲਤ ਕਹਿਣ ''ਤੇ ਕਾਂਗਰਸ ਲੀਡਰਸ਼ਿਪ ''ਚ ਮਤਭੇਦ

ਅਜਿਹਾ ਲੱਗਦਾ ਹੈ ਕਿ ਲੋਕ ਸਭਾ ਚੋਣਾਂ 'ਚ ਭਾਰੀ ਹਾਰ ਤੋਂ ਬਾਅਦ ਸਿਰਫ 3 ਮਹੀਨਿਆਂ ਅੰਦਰ ਹੀ ਦੇਸ਼ ਦੀ 'ਗ੍ਰੈਂਡ ਓਲਡ ਪਾਰਟੀ' ਕਾਂਗਰਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਨਜ਼ਰੀਏ ਨੂੰ ਲੈ ਕੇ ਮਤਭੇਦ ਪੈਦਾ ਹੋ ਗਏ ਹਨ, ਜੋ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਵਲੋਂ ਨਰਿੰਦਰ ਮੋਦੀ ਪ੍ਰਤੀ ਪਾਰਟੀ ਲਾਈਨ ਤੋਂ ਹਟ ਕੇ ਲਏ ਜਾ ਰਹੇ ਸਟੈਂਡ ਅਤੇ ਦਿੱਤੇ ਜਾ ਰਹੇ ਬਿਆਨਾਂ ਤੋਂ ਸਪੱਸ਼ਟ ਹੈ।
ਜਿਥੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਧਾਰਾ-370 ਨੂੰ ਖਤਮ ਕਰਨ ਦੇ ਫੈਸਲੇ ਦਾ ਭੁਪਿੰਦਰ ਸਿੰਘ ਹੁੱਡਾ, ਜਯੋਤਿਰਾਦਿੱਤਿਆ ਸਿੰਧੀਆ ਅਤੇ ਮਿਲਿੰਦ ਦੇਵੜਾ ਵਰਗੇ ਕਾਂਗਰਸੀ ਆਗੂ ਖੁੱਲ੍ਹ ਕੇ ਸਮਰਥਨ ਕਰ ਚੁੱਕੇ ਹਨ, ਉਥੇ ਹੀ ਹੁਣ ਕਾਂਗਰਸ ਦੇ ਘੱਟੋ-ਘੱਟ ਚਾਰ ਨੇਤਾਵਾਂ ਨੇ ਪਾਰਟੀ ਦੀ ਉੱਚ ਲੀਡਰਸ਼ਿਪ ਨਾਲੋਂ ਵੱਖਰਾ ਸਟੈਂਡ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ 21 ਅਗਸਤ ਨੂੰ ਇਕ ਸਮਾਗਮ 'ਚ ਬੋਲਦਿਆਂ ਕਿਹਾ :
''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲਾਂ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਦੇ ਹਨ। ਉਨ੍ਹਾਂ ਦੀ ਗਵਰਨੈਂਸ ਇਕ ਪੂਰੀ ਦੀ ਪੂਰੀ ਨਾਂਹ-ਪੱਖੀ ਕਹਾਣੀ ਨਹੀਂ ਹੈ। ਉਨ੍ਹਾਂ ਦੇ ਕੰਮ ਦੀ ਆਲੋਚਨਾ ਕਰਨ ਅਤੇ ਉਨ੍ਹਾਂ ਨੂੰ ਬੁਰੇ ਆਦਮੀ ਵਜੋਂ ਪੇਸ਼ ਕਰਨ ਨਾਲ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਸਮਾਂ ਆ ਗਿਆ ਹੈ ਕਿ ਅਸੀਂ ਉਨ੍ਹਾਂ ਦੇ ਕੰਮ ਨੂੰ ਮਾਨਤਾ ਦੇਈਏ ਅਤੇ ਦੇਖੀਏ ਕਿ 2014 ਅਤੇ 2019 ਦੇ ਦਰਮਿਆਨ ਉਨ੍ਹਾਂ ਨੇ ਕੀ ਕੀਤਾ, ਜਿਸ ਨਾਲ ਉਹ 30 ਫੀਸਦੀ ਤੋਂ ਜ਼ਿਆਦਾ ਵੋਟਾਂ ਲੈ ਕੇ ਮੁੜ ਸੱਤਾ ਵਿਚ ਆਏ। ਜੇ ਅਸੀਂ ਉਨ੍ਹਾਂ ਦੀ ਬੁਰਾਈ ਹੀ ਕਰਦੇ ਰਹਾਂਗੇ ਤਾਂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ।''
ਜੈਰਾਮ ਰਮੇਸ਼ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅਭਿਸ਼ੇਕ ਮਨੂਸਿੰਘਵੀ ਨੇ ਵੀ 22 ਅਗਸਤ ਨੂੰ ਇਕ ਟਵੀਟ ਕਰ ਕੇ ਲਿਖਿਆ ਹੈ ਕਿ :
''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ਲਨਾਇਕ ਵਾਂਗ ਪੇਸ਼ ਕਰਨਾ ਗਲਤ ਹੈ। ਵਿਰੋਧੀ ਧਿਰ ਸਿਰਫ ਮੋਦੀ ਦਾ ਵਿਰੋਧ ਹੀ ਕਰ ਰਹੀ ਹੈ, ਜਿਸ ਨਾਲ ਮੋਦੀ ਨੂੰ ਫਾਇਦਾ ਹੀ ਹੋ ਰਿਹਾ ਹੈ। ਕਿਸੇ ਵੀ ਵਿਅਕਤੀ ਦਾ ਅਨੁਮਾਨ ਉਸ ਦੇ ਕੰਮ ਦੇ ਆਧਾਰ 'ਤੇ ਲਾਉਣਾ ਚਾਹੀਦਾ ਹੈ। 'ਉੱਜਵਲਾ ਯੋਜਨਾ' ਉਨ੍ਹਾਂ ਦੇ ਕਈ ਚੰਗੇ ਕੰਮਾਂ 'ਚੋਂ ਇਕ ਹੈ।''
ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਜੈਰਾਮ ਰਮੇਸ਼ ਦੇ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ''ਮੋਦੀ ਜਦੋਂ ਵੀ ਕੁਝ ਚੰਗਾ ਕਰਦੇ ਹਨ ਜਾਂ ਸਹੀ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ।''
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਅਤੇ ਕਾਂਗਰਸੀ ਨੇਤਾ ਸ਼ਰਮਿਸ਼ਠਾ ਮੁਖਰਜੀ ਨੇ ਸਿੰਘਵੀ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਕਿਹਾ ਕਿ ''ਬਿਲਕੁਲ ਸਹੀ ਹੈ ਸਰ। ਰਾਸ਼ਟਰ ਨਿਰਮਾਣ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ, ਜਿਸ ਨੂੰ ਸਾਰੀਆਂ ਸਰਕਾਰਾਂ ਨੇ ਅੱਗੇ ਵਧਾਇਆ ਹੈ।''
ਬੇਸ਼ੱਕ ਆਲੋਚਨਾ ਸਿਹਤਮੰਦ ਸਿਆਸਤ ਦਾ ਇਕ ਅਹਿਮ ਅੰਗ ਹੈ ਪਰ ਇਹ ਮੁੱਦਿਆਂ ਦੇ ਮੁਲਾਂਕਣ ਦੇ ਆਧਾਰ 'ਤੇ ਹੀ ਹੋਣੀ ਚਾਹੀਦੀ ਹੈ ਅਤੇ ਜੋ ਸਹੀ ਹੈ, ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਲੋਕਤੰਤਰ ਦੀ ਗੱਡੀ ਸੁਚੱਜੇ ਢੰਗ ਨਾਲ ਚੱਲ ਸਕਦੀ ਹੈ। ਇਸ ਲਿਹਾਜ਼ ਨਾਲ ਉਕਤ ਕਾਂਗਰਸੀ ਨੇਤਾਵਾਂ ਵਲੋਂ ਮੋਦੀ ਦੀ ਤਾਰੀਫ ਨੂੰ ਬਿਲਕੁਲ ਵੀ ਗਲਤ ਜਾਂ ਨਾਜਾਇਜ਼ ਨਹੀਂ ਕਿਹਾ ਜਾ ਸਕਦਾ।

                                                                                             —ਵਿਜੇ ਕੁਮਾਰ


author

KamalJeet Singh

Content Editor

Related News