ਸਮਾਜ ਦੀਆਂ ਕੁਰੀਤੀਆਂ ਦੂਰ ਕਰਨ ’ਚ ਹਰਿਆਣਾ ਤੇ ਹਿਮਾਚਲ ਦੀਆਂ 2 ਪੰਚਾਇਤਾਂ ਦੇ ਸਹੀ ਫੈਸਲੇ

05/11/2023 3:35:50 AM

ਹਾਲਾਂਕਿ ਬੀਤੇ ਸਮੇਂ ’ਚ ਖਾਪ ਪੰਚਾਇਤਾਂ ਵੱਲੋਂ ਲਏ ਗਏ ਕੁਝ ‘ਸਖਤ’ ਫੈਸਲਿਆਂ ਲਈ ਇਨ੍ਹਾਂ ਦੀ ਆਲੋਚਨਾ ਹੁੰਦੀ ਰਹੀ ਹੈ ਪਰ ਹੁਣ ਕੁਝ ਸਮੇਂ ਤੋਂ ਖਾਪਾਂ ਹਾਂਪੱਖੀ ਫੈਸਲੇ ਲੈ ਕੇ ਸਮਾਜ ਦੀਆਂ ਕੁਰੀਤੀਆਂ ਖਤਮ ਕਰਨ ’ਚ ਯੋਗਦਾਨ ਦੇ ਰਹੀਆਂ ਹਨ। ਹਾਲ ਹੀ ’ਚ ਹਰਿਆਣਾ ਅਤੇ ਹਿਮਾਚਲ ਦੀਆਂ 2 ਪੰਚਾਇਤਾਂ ਨੇ ਕੁਝ ਹਾਂਪੱਖੀ ਫੈਸਲੇ ਲਏ ਹਨ।

ਜੀਂਦ ਦੇ ‘ਕੰਡੇਲਾ’ ਪਿੰਡ ’ਚ ਹਾਲ ਹੀ ’ਚ ਸੰਪੰਨ ‘ਸਰਵਜਾਤੀ ਕੰਡੇਲਾ ਖਾਪ ਪੰਚਾਇਤ’ ’ਚ ਨੌਜਵਾਨਾਂ ’ਚ ਨਸ਼ੇ ਦੀ ਆਦਤ, ਮੌਤ ’ਤੇ ਭੋਜਨ, ਦਾਜ ਪ੍ਰਥਾ, ਵਿਆਹਾਂ ’ਤੇ ਡੀ. ਜੇ. ਆਦਿ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਅਤੇ ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਕੁਰੀਤੀਆਂ ’ਤੇ ਰੋਕ ਲਾਉਣਾ ਅਤੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਜ਼ਰੂਰੀ ਹੈ।

ਇਨ੍ਹਾਂ ਦੀ ਘਾਟ ’ਚ ਬੱਚੇ ਆਪਣੇ ਮਾਤਾ-ਪਿਤਾ ਅਤੇ ਵੱਡਿਆਂ ਦਾ ਸਨਮਾਨ ਕਰਨਾ ਭੁੱਲ ਗਏ ਹਨ ਅਤੇ ਇਸ ਦੇ ਬਹੁਤ ਡਰਾਉਣ ਵਾਲੇ ਨਤੀਜੇ ਨਿਕਲਣ ਲੱਗੇ ਹਨ।

ਇਸ ਦੇ ਨਾਲ ਹੀ ਪੰਚਾਇਤ ’ਚ ਲੜਕੀਆਂ ਦੀ ਸਿੱਖਿਆ, ਖੇਡ ਸਰਗਰਮੀਆਂ ਨੂੰ ਉਤਸ਼ਾਹ ਦੇਣ, ਵਿਆਹਾਂ ’ਤੇ ਖਰਚ ਘਟਾਉਣ, ਭਰੂਣ ਹੱਤਿਆ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ, ਕਿਸੇ ਵੀ ਸਿਆਸੀ ਪਾਰਟੀ ਕੋਲੋਂ ਆਰਥਿਕ ਮਦਦ ਨਾ ਲੈਣ, ਖੁਸ਼ੀ ’ਚ ਫਾਇਰਿੰਗ ਅਤੇ ਵਿਆਹਾਂ ’ਚ ਪਟਾਕੇ ਚਲਾਉਣ ’ਤੇ ਰੋਕ ਲਗਾਉਣ ਦੇ ਸਬੰਧ ’ਚ ਮੁਹਿੰਮ ਚਲਾਉਣ ਅਤੇ ਨੁੱਕੜ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਗਿਆ।

ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ’ਚ ਸਿਰਮੌਰ ਜ਼ਿਲੇ ਦੇ ‘ਗਿਰੀਪਾਰ’ ਖੇਤਰ ਦੀ ਗ੍ਰਾਮ ਪੰਚਾਇਤ ‘ਨਾਯਾ ਪੰਜੋੜ’ ਦੇ ਨਾਯਾ ਖੇਤਰ ਦੇ 5 ਪਿੰਡਾਂ ਨਾਯਾ, ਤਾਂਦੀਓਂ, ਕਫੇਨੂਏ, ਕੂਕਡੇਚ ਅਤੇ ਠੋਂਠਾ ਦੇ ਬੁੱਧੀਜੀਵੀਆਂ, ਨੌਜਵਾਨਾਂ ਅਤੇ ਪੰਚਾਂ ਦੀ ਬੈਠਕ ‘ਥਾਤੀ ਦੇਵਤਾ’ ਦੀ ਜਗ੍ਹਾ ’ਤੇ ਹੋਈ। ਇਸ ’ਚ ਵਿਆਹ ਸਮਾਰੋਹਾਂ ’ਚ ਸ਼ਰਾਬ ਪਰੋਸਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੋਰ ਰੀਤੀ-ਰਿਵਾਜਾਂ ਬਾਰੇ ਵੀ ਕਈ ਅਹਿਮ ਫੈਸਲੇ ਲਏ ਗਏ।

ਕੰਡੇਲਾ ਖਾਪ ਪੰਚਾਇਤ (ਹਰਿਆਣਾ) ਅਤੇ ‘ਗਿਰੀਪਾਰ’ ਖੇਤਰ ਦੀ ਗ੍ਰਾਮ ਪੰਚਾਇਤ ਨਾਯਾ ਪੰਜੋੜ (ਹਿਮਾਚਲ) ਦੇ ਉਕਤ ਫੈਸਲੇ ਸਮਾਜ ’ਚੋਂ ਵੱਖ-ਵੱਖ ਬੁਰਾਈਆਂ ਨੂੰ ਦੂਰ ਕਰਨ ’ਚ ਸਹਾਇਕ ਸਿੱਧ ਹੋਣ ਵਾਲੇ ਹਨ, ਇਸ ਲਈ ਹੋਰ ਪੰਚਾਇਤਾਂ ਨੂੰ ਵੀ ਇਸ ਤਰ੍ਹਾਂ ਦੇ ਫੈਸਲੇ ਲੈਣ ਲਈ ਛੇਤੀ ਅੱਗੇ ਆਉਣਾ ਚਾਹੀਦਾ ਹੈ।

-ਵਿਜੇ ਕੁਮਾਰ


Anmol Tagra

Content Editor

Related News