ਜ਼ਿੰਦਗੀ ਦੇਣ ਦੀ ਬਜਾਏ ‘ਮੌਤ ਵੰਡਦੇ’ ਮਹਾਰਾਸ਼ਟਰ ਦੇ ਸਰਕਾਰੀ ‘ਹਸਪਤਾਲ’

10/04/2023 2:50:39 AM

ਮਹਾਰਾਸ਼ਟਰ ਦੇ ਮਰਾਠਵਾੜਾ ’ਚ ਨਾਂਦੇੜ ਦੇ ‘ਡਾ. ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ’ ’ਚ 48 ਘੰਟਿਆਂ ਤੋਂ ਵੀ ਘੱਟ ਸਮੇਂ ’ਚ 16 ਨਵਜੰਮੇ ਬੱਚਿਆਂ ਅਤੇ ਕਈ ਗਰਭਵਤੀ ਔਰਤਾਂ ਸਮੇਤ ਉੱਥੇ ਇਲਾਜ ਅਧੀਨ 31 ਰੋਗੀਆਂ ਦੀ ਮੌਤ ਹੋ ਗਈ।

ਦੱਸਿਆ ਜਾਂਦਾ ਹੈ ਕਿ 30 ਸਤੰਬਰ ਤੋਂ 1 ਅਕਤੂਬਰ ਦਰਮਿਆਨ 24 ਘੰਟਿਆਂ ’ਚ 24 ਮੌਤਾਂ ਅਤੇ ਉਸ ਤੋਂ ਬਾਅਦ 1 ਤੋਂ 2 ਅਕਤੂਬਰ ਦਰਮਿਆਨ 7 ਹੋਰ ਮੌਤਾਂ ਦਰਜ ਕੀਤੀਆਂ ਗਈਆਂ, ਜਦੋਂ ਕਿ 70 ਰੋਗੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਅਜੇ ਇਸ ਖਬਰ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ’ਚ ਸਥਿਤ ‘ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ’ ’ਚ 3 ਅਕਤੂਬਰ ਨੂੰ ਸਵੇਰੇ 8 ਵਜੇ ਤਕ 24 ਘੰਟਿਆਂ ਅੰਦਰ 2 ਨਵਜੰਮੇ ਬੱਚਿਆਂ ਸਮੇਤ 18 ਰੋਗੀਆਂ ਦੀ ਮੌਤ ਹੋਣ ਦੀ ਖਬਰ ਆ ਗਈ।

ਜਿੱਥੋਂ ਤੱਕ ਨਾਂਦੇੜ ਹਸਪਤਾਲ ’ਚ ਮੌਤਾਂ ਦਾ ਸਬੰਧ ਹੈ, ਭਾਵੇਂ ਹਸਪਤਾਲ ਦੇ ਅਧਿਕਾਰੀ ਇੰਨੇ ਥੋੜ੍ਹੇ ਸਮੇਂ ’ਚ ਇੰਨੀਆਂ ਵੱਧ ਮੌਤਾਂ ਨੂੰ ਲੈ ਕੇ ਕੁਝ ਵੀ ਦੱਸਣ ਤੋਂ ਬਚਦੇ ਰਹੇ ਪਰ ਵਿਰੋਧੀ ਪਾਰਟੀਆਂ ਵੱਲੋਂ ਸੂਬੇ ਦੇ ਸਿਹਤ ਮੰਤਰੀ ‘ਤਾਨਾਜੀ ਸਾਵੰਤ’ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ (ਕਾਂਗਰਸ) ਨੇ ਕਿਹਾ ਕਿ ਕਾਲਜ ਦੇ ਡੀਨ ਨੇ ਹਸਪਤਾਲ ’ਚ ਨਰਸਿੰਗ ਅਤੇ ਮੈਡੀਕਲ ਸਟਾਫ ਦੀ ਕਮੀ, ਕੁਝ ਮੈਡੀਕਲ ਉਪਕਰਨਾਂ ਦੇ ਕੰਮ ਨਾ ਕਰਨ ਅਤੇ ਵੱਖ-ਵੱਖ ਕਾਰਨਾਂ ਕਾਰਨ ਹਸਪਤਾਲ ਦੇ ਕੁਝ ਵਿਭਾਗ ਬੰਦ ਹੋਣ ਦੀ ਗੱਲ ਕਹੀ ਹੈ।

ਚਵਾਨ ਮੁਤਾਬਕ ਹਸਪਤਾਲ 500 ਬਿਸਤਰਿਆਂ ਦਾ ਹੈ ਪਰ ਉੱਥੇ 1200 ਰੋਗੀ ਦਾਖਲ ਸਨ। ਸੂਬੇ ਦੀ ਏਕਨਾਥ ਸ਼ਿੰਦੇ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਹਸਪਤਾਲ ਦੇ ਮੈਡੀਕਲ ਸਟਾਫ ਦੇ ਨਾਲ-ਨਾਲ ਪੈਸਿਆਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।

ਹਸਪਤਾਲ ਦੇ ਸੁਪਰਡੈਂਟ ਡਾ. ਐੱਸ. ਆਰ. ਵਾਕੋਡੇ ਦਾ ਕਹਿਣਾ ਹੈ ਕਿ ‘‘ਹਸਪਤਾਲ ’ਚ ਕੁਝ ਜੀਵਨ ਰੱਖਿਅਕ ਦਵਾਈਆਂ ਅਤੇ ਉਨ੍ਹਾਂ ਨੂੰ ਖਰੀਦਣ ਲਈ ਫੰਡ ਦੀ ਕਮੀ ਸੀ। ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਦੀ-ਕਦੀ ਕਮੀ ਹੋ ਜਾਂਦੀ ਹੈ।’’

ਐੱਨ. ਸੀ. ਪੀ. ਦੀ ਨੇਤਰੀ ਸੁਪ੍ਰਿਆ ਸੁਲੇ ਨੇ ਇਨ੍ਹਾਂ ਘਟਨਾਵਾਂ ਲਈ ਸੂਬੇ ਦੀ ‘ਟ੍ਰਿਪਲ ਇੰਜਣ ਸਰਕਾਰ’ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ‘‘ਅਚਾਨਕ ਇੰਨੀਆਂ ਮੌਤਾਂ ਸੰਜੋਗ ਨਹੀਂ ਹਨ। ਹਰ ਮੌਤ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਕੋਲੋਂ ਸਬੰਧਤ ਮੰਤਰੀ ਦਾ ਅਸਤੀਫਾ ਲੈਣਾ ਚਾਹੀਦਾ ਹੈ।’’

ਰਾਹੁਲ ਗਾਂਧੀ ਨੇ ਕਿਹਾ, ‘‘ਭਾਜਪਾ ਸਰਕਾਰ ਹਜ਼ਾਰਾਂ ਕਰੋੜ ਰੁਪਏ ਆਪਣੇ ਪ੍ਰਚਾਰ ’ਤੇ ਖਰਚ ਕਰ ਦਿੰਦੀ ਹੈ ਪਰ ਬੱਚਿਆਂ ਦੀਆਂ ਦਵਾਈਆਂ ਲਈ ਪੈਸੇ ਨਹੀਂ ਹਨ।’’

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਗ੍ਰਹਿ ਸ਼ਹਿਰ ਠਾਣੇ ਜ਼ਿਲੇ ਦੇ ਕਲਵਾ ਸਥਿਤ ‘ਛਤਰਪਤੀ ਸ਼ਿਵਾਜੀ ਮਹਾਰਾਜ ਸਰਕਾਰੀ ਹਸਪਤਾਲ’ ’ਚ 11 ਅਗਸਤ ਨੂੰ 5 ਇਲਾਜ ਅਧੀਨ ਰੋਗੀਆਂ ਅਤੇ 13 ਅਗਸਤ ਨੂੰ ਇਕ ਹੀ ਰਾਤ ’ਚ 18 ਇਲਾਜ ਅਧੀਨ ਰੋਗੀਆਂ ਦੀਆਂ ਮੌਤਾਂ ਨਾਲ ਭੜਥੂ ਮੱਚ ਗਿਆ ਸੀ।

ਹਮੇਸ਼ਾ ਵਾਂਗ ਇਸ ਵਾਰ ਵੀ ਸੂਬਾ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਪਾਈਆਂ ਜਾਣ ਵਾਲੀਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਗੱਲ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ।

ਜਿੱਥੇ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਲੋਕਾਂ ਨੂੰ ਢੁੱਕਵੀਂ ਸਜ਼ਾ ਦੇਣ ਦੀ ਲੋੜ ਹੈ, ਉੱਥੇ ਦੇਸ਼ ਦੇ ਹਸਪਤਾਲਾਂ ਦਾ ਪ੍ਰਬੰਧ ਮਜ਼ਬੂਤ ਕਰਨ ਅਤੇ ਦਵਾਈਆਂ ਤੇ ਜ਼ਰੂਰੀ ਉਪਕਰਨਾਂ ਦੀ ਉਪਲੱਬਧਤਾ ਅਤੇ ਉਨ੍ਹਾਂ ਦਾ ਚਾਲੂ ਹਾਲਤ ’ਚ ਹੋਣਾ ਯਕੀਨੀ ਬਣਾਉਣ ਦੀ ਵੀ ਲੋੜ ਹੈ। -ਵਿਜੇ ਕੁਮਾਰ


Anmol Tagra

Content Editor

Related News